ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ (KKR) ਨੇ IPL 2026 ਦੇ ਆਗਾਜ਼ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਲੈਂਦਿਆਂ ਭਾਰਤੀ ਬੱਲੇਬਾਜ਼ ਰਿੰਕੂ ਸਿੰਘ ਨੂੰ ਟੀਮ ਦਾ ਨਵਾਂ ਉਪ-ਕਪਤਾਨ ਨਿਯੁਕਤ ਕੀਤਾ ਹੈ। ਰਿੰਕੂ ਹੁਣ ਆਗਾਮੀ ਸੀਜ਼ਨ ਵਿੱਚ ਟੀਮ ਦੇ ਕਪਤਾਨ ਅਜਿੰਕਿਆ ਰਹਾਣੇ ਦੇ ਸਹਾਇਕ (ਡਿਪਟੀ) ਵਜੋਂ ਅਹਿਮ ਭੂਮਿਕਾ ਨਿਭਾਉਣਗੇ। ਫਰੈਂਚਾਈਜ਼ੀ ਨੇ ਇਸ ਫੈਸਲੇ ਦੀ ਘੋਸ਼ਣਾ ਇੱਕ ਪ੍ਰੀ-ਸੀਜ਼ਨ ਈਵੈਂਟ ਦੌਰਾਨ ਕੀਤੀ ਅਤੇ ਸੋਸ਼ਲ ਮੀਡੀਆ 'ਤੇ "God's plan has a new chapter" ਕੈਪਸ਼ਨ ਨਾਲ ਸਾਂਝੀ ਕੀਤੀ ਹੈ।
ਰਿੰਕੂ ਸਿੰਘ ਦਾ KKR ਨਾਲ ਸਫ਼ਰ
ਰਿੰਕੂ ਸਿੰਘ ਸਾਲ 2018 ਤੋਂ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਹਨ। ਉਨ੍ਹਾਂ ਨੂੰ ਸਭ ਤੋਂ ਵੱਧ ਪਛਾਣ IPL 2023 ਵਿੱਚ ਮਿਲੀ ਸੀ, ਜਦੋਂ ਉਨ੍ਹਾਂ ਨੇ ਆਖਰੀ ਓਵਰ ਵਿੱਚ ਲਗਾਤਾਰ 5 ਛੱਕੇ ਜੜ ਕੇ ਟੀਮ ਨੂੰ ਇਤਿਹਾਸਕ ਜਿੱਤ ਦਿਵਾਈ ਸੀ। ਰਿੰਕੂ ਹੁਣ ਤੱਕ KKR ਲਈ 59 ਮੈਚਾਂ ਵਿੱਚ 30.53 ਦੀ ਔਸਤ ਨਾਲ 1,099 ਦੌੜਾਂ ਬਣਾ ਚੁੱਕੇ ਹਨ ਅਤੇ ਉਹ ਟੀਮ ਦੇ ਸਭ ਤੋਂ ਭਰੋਸੇਮੰਦ ਫਿਨਿਸ਼ਰ ਮੰਨੇ ਜਾਂਦੇ ਹਨ।
ਵੈਂਕਟੇਸ਼ ਅਈਅਰ ਦੀ ਲੈਣਗੇ ਜਗ੍ਹਾ
ਜ਼ਿਕਰਯੋਗ ਹੈ ਕਿ IPL 2025 ਦੇ ਸੀਜ਼ਨ ਵਿੱਚ ਵੈਂਕਟੇਸ਼ ਅਈਅਰ ਟੀਮ ਦੇ ਉਪ-ਕਪਤਾਨ ਸਨ, ਪਰ ਫਰੈਂਚਾਈਜ਼ੀ ਨੇ ਉਨ੍ਹਾਂ ਨੂੰ ਆਕਸ਼ਨ ਤੋਂ ਪਹਿਲਾਂ ਰਿਲੀਜ਼ ਕਰ ਦਿੱਤਾ ਸੀ। ਵੈਂਕਟੇਸ਼ ਹੁਣ 7 ਕਰੋੜ ਰੁਪਏ ਦੀ ਕੀਮਤ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦਾ ਹਿੱਸਾ ਬਣ ਗਏ ਹਨ। ਅਜਿਹੀ ਸਥਿਤੀ ਵਿੱਚ KKR ਪ੍ਰਬੰਧਨ ਨੇ ਰਿੰਕੂ ਸਿੰਘ ਦੀ ਵਧਦੀ ਕਾਬਲੀਅਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਨਿੱਜੀ ਚੁਣੌਤੀਆਂ ਅਤੇ ਮੌਜੂਦਾ ਫਾਰਮ
ਰਿੰਕੂ ਸਿੰਘ ਦਾ ਆਖਰੀ ਟੂਰਨਾਮੈਂਟ ਟੀ-20 ਵਿਸ਼ਵ ਕੱਪ 2026 ਸੀ, ਜਿੱਥੇ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਨਹੀਂ ਰਿਹਾ ਅਤੇ ਉਨ੍ਹਾਂ ਨੇ 5 ਪਾਰੀਆਂ ਵਿੱਚ ਸਿਰਫ਼ 24 ਦੌੜਾਂ ਬਣਾਈਆਂ। ਇਸ ਟੂਰਨਾਮੈਂਟ ਦੌਰਾਨ ਉਨ੍ਹਾਂ ਨੇ ਇੱਕ ਵੱਡਾ ਨਿੱਜੀ ਘਾਟਾ ਵੀ ਸਹਿਨ ਕੀਤਾ ਸੀ, ਜਦੋਂ ਉਨ੍ਹਾਂ ਦੇ ਪਿਤਾ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ। ਉਹ ਕੁਝ ਸਮੇਂ ਲਈ ਟੀਮ ਤੋਂ ਵੱਖ ਹੋ ਕੇ ਘਰ ਪਰਤੇ ਸਨ ਅਤੇ ਬਾਅਦ ਵਿੱਚ ਦੁਬਾਰਾ ਟੀਮ ਨਾਲ ਜੁੜੇ ਸਨ।
29 ਮਾਰਚ ਨੂੰ ਮੁੰਬਈ ਇੰਡੀਅਨਜ਼ ਨਾਲ ਪਹਿਲਾ ਭੇੜ
ਕੋਲਕਾਤਾ ਨਾਈਟ ਰਾਈਡਰਜ਼ IPL 2026 ਵਿੱਚ ਆਪਣਾ ਪਹਿਲਾ ਮੈਚ 29 ਮਾਰਚ ਨੂੰ ਮੁੰਬਈ ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ ਖੇਡੇਗੀ। ਇਸ ਤੋਂ ਬਾਅਦ ਟੀਮ ਦੇ ਅਗਲੇ ਮੁਕਾਬਲੇ 2 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ, 6 ਅਪ੍ਰੈਲ ਨੂੰ ਪੰਜਾਬ ਕਿੰਗਜ਼ ਅਤੇ 9 ਅਪ੍ਰੈਲ ਨੂੰ ਲਖਨਊ ਸੁਪਰ ਜਾਇੰਟਸ ਵਿਰੁੱਧ ਹੋਣਗੇ।
ਜਸਟਿਨ ਲੈਂਗਰ ਨੂੰ ਉਮੀਦ, ਇਸ ਵਾਰ ਕਪਤਾਨ ਵਜੋਂ ਆਪਣਾ ਜਲਵਾ ਦਿਖਾਉਣਗੇ ਰਿਸ਼ਭ ਪੰਤ
NEXT STORY