ਜੈਪੁਰ– ਰਾਜਸਥਾਨ ਰਾਇਲਜ਼ ਨੂੰ ਜੇਕਰ ਪਲੇਅ ਆਫ ’ਚ ਪਹੁੰਚਣ ਦੀ ਆਪਣੀ ਧੁੰਦਲੀ ਉਮੀਦ ਨੂੰ ਬਰਕਰਾਰ ਰੱਖਣਾ ਹੈ ਤਾਂ ਉਸ ਨੂੰ ਲਖਨਊ ਸੁਪਰ ਜਾਇੰਟਸ ਵਿਰੁੱਧ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਖੇਡ ਦੇ ਹਰ ਵਿਭਾਗ ’ਚ ਸੁਧਾਰ ਕਰਨਾ ਪਵੇਗਾ।
ਰਾਇਲਜ਼ ਨੇ ਆਪਣੇ ਘਰੇਲੂ ਮੈਦਾਨ ਸਵਾਈ ਮਾਨਸਿੰਘ ਸਟੇਡੀਅਮ ’ਚ ਅਜੇ ਤੱਕ ਇਕ ਵੀ ਮੈਚ ਨਹੀਂ ਜਿੱਤਿਆ ਹੈ ਤੇ ਇੱਥੇ ਹੋਣ ਵਾਲਾ ਆਖਰੀ ਮੈਚ ਘਰੇਲੂ ਟੀਮ ਲਈ ‘ਕਰੋ ਜਾਂ ਮਰੋ’ ਵਰਗਾ ਬਣ ਗਿਆ ਹੈ। ਰਾਜਸਥਾਨ ਇਸ ਤੋਂ ਬਾਅਦ ਲੀਗ ਪੜਾਅ ਦੇ ਆਪਣੇ ਆਖਰੀ ਮੈਚ ’ਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਕਰੇਗਾ। ਰਾਇਲਜ਼ ਨੂੰ ਐਤਵਾਰ ਨੂੰ ਦਿੱਲੀ ਕੈਪੀਟਲਸ ਵਿਰੁੱਧ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਉਸ ਦੀ ਫੀਲਡਿੰਗ ਵੀ ਚੰਗੀ ਨਹੀਂ ਰਹੀ ਸੀ।
ਰਾਇਲਜ਼ ਦੀ ਟੀਮ ਚੰਗੀ ਸ਼ੁਰੂਆਤ ਲਈ 15 ਸਾਲਾ ਵੈਭਵ ਸੂਰਯਵੰਸ਼ੀ ’ਤੇ ਕਾਫੀ ਹੱਦ ਤੱਕ ਨਿਰਭਰ ਰਹੀ ਹੈ ਪਰ ਇਸ ਨੌਜਵਾਨ ਖਿਡਾਰੀ ਨੂੰ ਦੂਜੇ ਪਾਸੇ ਤੋਂ ਯਸ਼ਸਵੀ ਜਾਇਸਵਾਲ ਤੋਂ ਲੋੜੀਂਦਾ ਸਹਿਯੋਗ ਨਹੀਂ ਮਿਲਿਆ ਹੈ। ਧਰੁਵ ਜੁਰੈਲ ਨੇ ਕੁਝ ਸ਼ਾਨਦਾਰ ਪਾਰੀਆਂ ਖੇਡੀਆਂ ਹਨ ਪਰ ਪਿਛਲੇ ਮੈਚ ’ਚ ਉਸ ਨੇ ਕੁਝ ਹੌਲੀਆਂ ਪਾਰੀਆਂ ਖੇਡੀਆਂ ਜਦਕਿ ਦੂਜੇ ਪਾਸੇ ’ਤੇ ਵਿਕਟਾਂ ਡਿੱਗਦੀਆਂ ਰਹੀਆਂ। ਕਪਤਾਨ ਰਿਆਨ ਪ੍ਰਾਗ ਨੇ ਹਾਲ ਦੇ ਮੈਚਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਚਾਹੇਗਾ ਕਿ ਉਸ ਦੀ ਟੀਮ ਆਖਰੀ 5 ਓਵਰਾਂ ’ਚ ਬੱਲੇਬਾਜ਼ੀ ’ਚ ਹੋਰ ਵਧੇਰੇ ਸਟੀਕ ਪ੍ਰਦਰਸ਼ਨ ਕਰੇ।
ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ’ਚ ਜ਼ਿਆਦਾਤਰ ਟੀਮਾਂ ਦੀ ਫੀਲਡਿੰਗ ਚੰਗੀ ਨਹੀਂ ਰਹੀ ਹੈ ਤੇ ਉਨ੍ਹਾਂ ਨੇ ਕਈ ਕੈਚ ਛੱਡੇ ਹਨ। ਰਾਜਸਥਾਨ ਰਾਇਲਜ਼ ਵੀ ਇਨ੍ਹਾਂ ਟੀਮਾਂ ’ਚ ਸ਼ਾਮਲ ਹੈ ਜਿਸ ਨੇ ਕੁਝ ਚੰਗੇ ਮੌਕੇ ਗਵਾਏ ਹਨ। ਦਿੱਲੀ ਕੈਪੀਟਲਸ ਤੋਂ ਮਿਲੀ ਹਾਰ ਤੋਂ ਬਾਅਦ ਪ੍ਰਾਗ ਨੇ ਟੂਰਨਾਮੈਂਟ ਦੇ ਆਖਰੀ ਪੜਾਅ ’ਚ ਟੀਮ ਦੇ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਸੀ। ਪਰਾਗ ਨੇ ਕਿਹਾ ਸੀ, ‘‘ਫੀਲਡਿੰਗ ਖਰਾਬ ਸੀ। ਜੇਕਰ ਅਸੀਂ ਇਸੇ ਤਰ੍ਹਾਂ ਖੇਡਦੇ ਰਹੇ ਤਾਂ ਸਾਨੂੰ ਟਾਪ-4 ’ਚ ਜਗ੍ਹਾ ਬਣਾਉਣ ਦੀ ਦੌੜ ’ਚ ਨਹੀਂ ਹੋਣਾ ਚਾਹੀਦਾ। ਹੁਣ ਜੇਕਰ ਅਸੀਂ ਕੁਆਲੀਫਾਈ ਨਹੀਂ ਕਰ ਪਾਉਂਦੇ ਹਾਂ ਤਾਂ ਇਹ ਸਾਡੀ ਗਲਤੀ ਹੋਵੇਗੀ, ਕਿਸੇ ਹੋਰ ਦੀ ਨਹੀਂ।’’
ਲਖਨਊ ਦੀ ਟੀਮ ਪਹਿਲਾਂ ਹੀ ਪਲੇਅ ਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਉਹ ਹੁਣ ਬਿਨਾਂ ਕਿਸੇ ਦਬਾਅ ਦੇ ਖੇਡ ਰਹੀ ਹੈ ਜਿਸ ਦਾ ਨਮੂਨਾ ਪਿਛਲੇ ਮੈਚ ’ਚ ਚੇਨਈ ਸੁਪਰ ਕਿੰਗਜ਼ ਵਿਰੁੱਧ ਮਿਲੀ ਜਿੱਤ ’ਚ ਦੇਖਣ ਨੂੰ ਮਿਲਿਆ। ਉਸ ਨੂੰ ਰਾਜਸਥਾਨ ਤੋਂ ਬਾਅਦ ਆਪਣੇ ਆਖਰੀ ਲੀਗ ਮੈਚ ’ਚ ਪੰਜਾਬ ਕਿੰਗਜ਼ ਦਾ ਸਾਹਮਣਾ ਕਰਨਾ ਹੈ। ਉਸ ਦੀ ਟੀਮ ਇਨ੍ਹਾਂ ਦੋਵਾਂ ਟੀਮਾਂ ਦੇ ਸਮੀਕਰਨ ਵਿਗਾੜਨ ਲਈ ਵਚਨਬੱਧ ਹੋਵੇਗੀ।
ਬੱਲੇਬਾਜ਼ੀ ਲਖਨਊ ਦੀ ਸਭ ਤੋਂ ਕਮਜ਼ੋਰ ਕੜੀ ਰਹੀ ਹੈ ਪਰ ਮਿਸ਼ੇਲ ਮਾਰਸ਼ ਨੇ ਚੇਨਈ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਟੀਮ ਜਿੱਤ ਹਾਸਲ ਕਰਨ ’ਚ ਸਫਲ ਰਹੀ। ਉਹ ਆਪਣਾ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖ ਕੇ ਇਸ ਸੈਸ਼ਨ ਦਾ ਹਾਂ-ਪੱਖੀ ਅੰਤ ਕਰਨਾ ਚਾਹੇਗੀ।
IPL 2026: ਕੇਐਲ ਰਾਹੁਲ ਨੇ ਖੋਲ੍ਹਿਆ ਹੇਜ਼ਲਵੁੱਡ ਅਤੇ ਭੁਵਨੇਸ਼ਵਰ ਦੀ ਸਫ਼ਲਤਾ ਦਾ ਰਾਜ਼
NEXT STORY