ਦੁਬਈ (ਏਜੰਸੀ)- ਆਪਣੇ ਬੱਲੇਬਾਜ਼ੀ ਕਰੀਅਰ ਦੇ ਸੁਨਹਿਰੀ ਦੌਰ 'ਚੋਂ ਲੰਘ ਰਹੇ ਇੰਗਲੈਂਡ ਦੇ ਬੱਲੇਬਾਜ਼ ਜੋਅ ਰੂਟ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ਦੇ ਮੁਤਾਬਕ ਜੋਅ ਰੂਟ ਨੇ ਨਿਊਜ਼ੀਲੈਂਡ ਖ਼ਿਲਾਫ਼ ਚੱਲ ਰਹੀ ਟੈਸਟ ਸੀਰੀਜ਼ ਦੇ 2 ਮੈਚਾਂ 'ਚ 2 ਸੈਂਕੜਿਆਂ ਦੀ ਮਦਦ ਨਾਲ ਇਕ ਵਾਰ ਫਿਰ ਤੋਂ ICC ਪੁਰਸ਼ਾਂ ਦੀ ਟੈਸਟ ਰੈਂਕਿੰਗ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ।
ਪਹਿਲੇ ਟੈਸਟ 'ਚ 115 ਦੌੜਾਂ ਦੀ ਸੈਂਕੜੀ ਪਾਰੀ ਖੇਡਣ ਦੇ ਬਾਅਦ ਰੂਟ ਸਾਬਕਾ ਨੰਬਰ ਇਕ ਬੱਲੇਬਾਜ਼ ਮਾਰਨਸ ਲਾਬੂਸ਼ੇਨ ਦੇ ਬੇਹੱਦ ਨੇੜੇ ਆ ਗਏ ਸਨ ਅਤੇ ਹੁਣ ਉਹ ਦੂਜੇ ਟੈਸਟ 'ਚ 176 ਦੌੜਾਂ ਬਣਾਉਣ ਤੋਂ ਬਾਅਦ ਲਾਬੂਸ਼ੇਨ ਤੋਂ 5 ਅੰਕ ਅੱਗੇ ਨਿਕਲ ਗਏ ਹਨ। ਟੈਸਟ ਰੈਂਕਿੰਗ 'ਚ ਜਿੱਥੇ ਰੂਟ 897 ਦੀ ਰੇਟਿੰਗ ਨਾਲ ਪਹਿਲੇ ਸਥਾਨ 'ਤੇ ਹਨ, ਉਥੇ ਹੀ ਲਾਬੂਸ਼ੇਨ 892 ਦੀ ਰੇਟਿੰਗ ਨਾਲ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਰੂਟ ਦਸੰਬਰ 2021 'ਚ ਟੈਸਟ ਰੈਂਕਿੰਗ 'ਚ ਸਿਖ਼ਰ 'ਤੇ ਸਨ ਪਰ ਲਾਬੂਸ਼ੇਨ ਨੇ ਉਨ੍ਹਾਂ ਨੂੰ ਪਛਾੜ ਕੇ ਟੈਸਟ ਦਾ ਤਾਜ ਆਪਣੇ ਸਿਰ 'ਤੇ ਪਾਇਆ ਸੀ। ਜੋਅ ਰੂਟ 163 ਦਿਨਾਂ ਤੱਕ ਨੰਬਰ ਇਕ ਟੈਸਟ ਬੱਲੇਬਾਜ਼ ਰਹੇ ਹਨ। ਇਨ੍ਹਾਂ ਤੋਂ ਇਲਾਵਾ ਸਟੀਵ ਸਮਿਥ (1,506 ਦਿਨ), ਵਿਰਾਟ ਕੋਹਲੀ (469 ਦਿਨ) ਅਤੇ ਕੇਨ ਵਿਲੀਅਮਸਨ (245 ਦਿਨ) ਨੇ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ।
ਰੂਟ ਤੋਂ ਇਲਾਵਾ ਉਨ੍ਹਾਂ ਦੇ ਹਮਵਤਨ ਜੌਨੀ ਬੇਅਰਸਟੋ ਅਤੇ ਕਪਤਾਨ ਬੇਨ ਸਟੋਕਸ ਨੇ ਵੀ ਆਈ.ਸੀ.ਸੀ. ਰੈਂਕਿੰਗ ਵਿੱਚ ਛਾਲ ਮਾਰੀ ਹੈ। ਬੇਅਰਸਟੋ ਦੀਆਂ 92 ਗੇਂਦਾਂ 'ਤੇ 136 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਦੂਜਾ ਟੈਸਟ ਜਿੱਤਾਉਣ ਦੇ ਨਾਲ-ਨਾਲ 13 ਸਥਾਨਾਂ ਦੀ ਛਾਲ ਵੀ ਮਾਰੀ ਅਤੇ ਹੁਣ ਉਹ ਟੈਸਟ ਰੈਂਕਿੰਗ 'ਚ 39ਵੇਂ ਸਥਾਨ 'ਤੇ ਆ ਗਏ ਹਨ। ਦੂਜੇ ਪਾਸੇ ਸਟੋਕਸ ਦੀ 75 ਦੌੜਾਂ ਦੀ ਅਜੇਤੂ ਪਾਰੀ ਨੇ ਉਨ੍ਹਾਂ ਨੂੰ 27ਵੇਂ ਸਥਾਨ ਤੋਂ 22ਵੇਂ ਸਥਾਨ 'ਤੇ ਪਹੁੰਚਾ ਦਿੱਤਾ ਹੈ। ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਵੀ 190 ਅਤੇ 62 ਅਜੇਤੂ ਦੌੜਾਂ ਦੇ ਨਿੱਜੀ ਸਕੋਰ ਨਾਲ 33 ਸਥਾਨਾਂ ਦੀ ਛਾਲ ਮਾਰ ਕੇ 17ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਸਾਥੀ ਅਤੇ ਕੀਵੀ ਵਿਕਟਕੀਪਰ ਟੌਮ ਬਲੰਡੇਲ ਵੀ ਆਪਣੀ ਪਹਿਲੀ ਪਾਰੀ ਵਿਚ ਸੈਂਕੜਾ ਲਗਾ ਕੇ 31ਵੇਂ ਸਥਾਨ 'ਤੇ ਪਹੁੰਚ ਗਏ ਹਨ, ਜਦਕਿ 46 ਅਤੇ 52 ਦੇ ਸਕੋਰ ਨਾਲ ਡੇਵੋਨ ਕੌਨਵੇ 1 ਸਥਾਨ ਦੇ ਫ਼ਾਇਦੇ ਨਾਲ ਸੂਚੀ ਵਿਚ 23ਵੇਂ ਨੰਬਰ 'ਤੇ ਪਹੁੰਚ ਗਏ ਹਨ।
ਸਿਰਫ ਇਕ ਹਾਰ ਦੇ ਬਾਅਦ ਬੱਲੇਬਾਜ਼ੀ 'ਚ ਬਦਲਾਅ ਕਰਨਾ ਮੂਰਖਤਾਪੂਰਨ ਹੋਵੇਗਾ : ਬਾਵੁਮਾ
NEXT STORY