ਬੁਕਿਤ ਜਲੀਲ– ਭਾਰਤ ਦੇ ਤਜਰਬੇਕਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਸ਼ੁੱਕਰਵਾਰ ਨੂੰ ਇੱਥੇ ਚੁਣੌਤੀਪੂਰਨ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਆਪਣੇ ਤੋਂ ਉੱਚੀ ਰੈਂਕਿੰਗ ਦੇ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ’ਤੇ 3 ਸੈੱਟਾਂ ਵਿਚ ਜਿੱਤ ਦਰਜ ਕਰ ਕੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
65ਵੀਂ ਰੈਂਕਿੰਗ ’ਤੇ ਕਾਬਜ਼ ਸ਼੍ਰੀਕਾਂਤ ਨੇ ਕੁਆਰਟਰ ਫਾਈਨਲ ਵਿਚ ਦੁਨੀਆ ਦੇ 18ਵੇਂ ਨੰਬਰ ਦੇ ਪੋਪੋਵ ਨੂੰ ਸਖਤ ਟੱਕਰ ਦਿੰਦੇ ਹੋਏ ਇਕ ਘੰਟਾ 14 ਮਿੰਟ ਵਿਚ 24-22, 17-21, 22-20 ਨਾਲ ਹਰਾਇਆ। ਹੁਣ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਦਾ ਸਾਹਮਣਾ ਆਖਰੀ-4 ਵਿਚ ਜਾਪਾਨ ਦੇ ਯੁਸ਼ੀ ਟਨਾਕਾ ਨਾਲ ਹੋਵੇਗਾ। ਇਸ ਤਰ੍ਹਾਂ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਭਾਰਤੀ ਦਾ ਇਹ ਇਕ ਸਾਲ ਵਿਚ ਪਹਿਲਾ ਸੈਮੀਫਾਈਨਲ ਹੋਵੇਗਾ।
ਉੱਥੇ ਹੀ, ਧਰੁਵ ਕਪਿਲਾ ਤੇ ਤਨੀਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਜੋੜੀ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ, ਜਿਸ ਨਾਲ ਸ਼੍ਰੀਕਾਂਤ ਬੀ. ਡਬਲਯੂ. ਐੱਫ. ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿਚ ਇਕਲੌਤਾ ਭਾਰਤੀ ਬਚਿਆ ਹੈ। ਕਪਿਲਾ ਤੇ ਕ੍ਰਾਸਟੋ ਨੇ ਚੀਨ ਦੇ ਚੋਟੀ ਦਰਜਾ ਪ੍ਰਾਪਤ ਜਿਆਂਗ ਝੇਨ ਬਾਂਗ ਤੇ ਵੇਈ ਯਾ ਜਿਨ ਦੀ ਜੋੜੀ ਨੂੰ ਪਹਿਲੇ ਸੈੱਟ ਵਿਚ ਸਖਤ ਚੁਣੌਤੀ ਪੇਸ਼ ਕੀਤੀ ਪਰ ਲੈਅ ਗੁਆ ਬੈਠੇ ਤੇ 35 ਮਿੰਟ ਤੱਕ ਚੱਲੇ ਮੁਕਾਬਲੇ ਵਿਚ 22-24, 13-21 ਨਾਲ ਹਾਰ ਕੇ ਬਾਹਰ ਹੋ ਗਏ।
ਜੂਲੀਅਨ ਵੇਬਰ ਤੋਂ ਹਾਰੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ, 85 ਮੀਟਰ ਵੀ ਨਹੀਂ ਸੁੱਟ ਸਕੇ ਥ੍ਰੋਅ
NEXT STORY