ਕੋਲਕਾਤਾ- ਸ਼ਾਨਦਾਰ ਫਾਰਮ ਵਿਚ ਚੱਲ ਰਹੀ ਦੋ ਵਾਰ ਦੀ ਸਾਬਕਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਅੱਜ ਭਾਵ ਸ਼ਨੀਵਾਰ ਨੂੰ ਆਪਣੇ ਮੈਦਾਨ ’ਤੇ ਇਸ ਸੈਸ਼ਨ ਦੇ ਆਖਰੀ ਮੈਚ ਵਿਚ ਮੁੰਬਈ ਇੰਡੀਅਨਜ਼ ਨਾਲ ਖੇਡੇਗੀ ਤਾਂ ਉਸਦਾ ਟੀਚਾ ਈਡਨ ਗਾਰਡਨਸ ’ਤੇ ਹੀ 3 ਸਾਲ ਵਿਚ ਪਹਿਲੀ ਵਾਰ ਆਈ. ਪੀ. ਐੱਲ. ਪਲੇਅ ਆਫ ਦੀ ਟਿਕਟ ਕਟਾਉਣ ਦਾ ਹੋਵੇਗਾ। ਦੋ ਵਾਰ ਦੇ ਖਿਤਾਬ ਜੇਤੂ ਕਪਤਾਨ ਗੌਤਮ ਗੰਭੀਰ ਦੀ ਟੀਮ ਮੈਂਟੋਰ ਦੇ ਰੂਪ ਵਿਚ ਵਾਪਸੀ ਤੋਂ ਬਾਅਦ ਕੇ. ਕੇ. ਆਰ. ਨੇ ਇਸ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਤਕ 11 ਮੈਚਾਂ ਵਿਚੋਂ 8 ਜਿੱਤ ਕੇ 10 ਟੀਮਾਂ ਵਿਚਾਲੇ ਚੋਟੀ ’ਤੇ ਕਾਬਜ਼ ਕੇ. ਕੇ. ਆਰ. ਦੀ ਪਲੇਅ ਆਫ ਦੀ ਟਿਕਟ ਕਟਾਉਣ ਲਈ ਇਕ ਹੋਰ ਜਿੱਤ ਦੀ ਲੋੜ ਹੈ। ਸ਼ਾਹਰੁਖ ਖਾਨ ਦੀ ਟੀਮ ਆਪਣੇ ਗੜ੍ਹ ਈਡਨ ਗਾਰਡਨਸ ’ਤੇ ਹੀ ਇਹ ਸਿਹਰਾ ਹਾਸਲ ਕਰਨਾ ਚਾਹੇਗੀ।
ਸੁਨੀਲ ਨਾਰਾਇਣ ਨੂੰ ਦੁਨੀਆ ਦੇ ਦੂਜੇ ਨੰਬਰ ਦੇ ਟੀ-20 ਬੱਲੇਬਾਜ਼ ਫਿਲ ਸਾਲਟ ਦੇ ਨਾਲ ਪਾਰੀ ਦਾ ਆਗਾਜ਼ ਕਰਨ ਭੇਜਣ ਦਾ ਗੰਭੀਰ ਦਾ ਦਾਅ ਮਾਸਟਰ ਸਟ੍ਰੋਕ ਸਾਬਤ ਹੋਇਆ ਹੈ। ਦੋਵਾਂ ਨੇ ਟੀਮ ਨੂੰ ਪਾਵਰਪਲੇਅ ਵਿਚ ਸ਼ਾਨਦਾਰ ਸ਼ੁਰੂਆਤ ਦਿੰਦੇ ਹੋਏ 8 ਮੈਚਾਂ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਦੇ ਪਾਰ ਪਹੁੰਚਾਇਆ ਹੈ। ਨਾਰਾਇਣ ਹੁਣ ਤਕ 32 ਛੱਕੇ ਲਾ ਚੁੱਕਾ ਹੈ ਤੇ ਅਭਿਸ਼ੇਕ ਸ਼ਰਮਾ (35) ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਹੁਣ ਤਕ ਇਕ ਸੈਂਕੜਾ ਤੇ ਤਿੰਨ ਅਰਧ ਸੈਂਕੜੇ ਲਾ ਚੁੱਕੇ ਨਾਰਾਇਣ ਨੇ 183.66 ਦੀ ਸਟ੍ਰਾਈਕ ਰੇਟ ਨਾਲ 461 ਦੌੜਾਂ ਬਣਾ ਲਈਆਂ ਹਨ। ਉੱਥੇ ਹੀ, ਇੰਗਲੈਂਡ ਦੇ ਸਾਲਟ ਨੇ 183.33 ਦੀ ਸਟ੍ਰਾਈਕ ਰੇਟ ਨਾਲ 429 ਦੌੜਾਂ ਬਣਾਈਆਂ ਹਨ। ਇਨ੍ਹਾਂ ਦੋਵਾਂ ਦੀ ਸ਼ਾਨਦਾਰ ਫਾਰਮ ਕਾਰਨ ਆਂਦ੍ਰੇ ਰਸੇਲ ਤੇ ਰਿੰਕੂ ਸਿੰਘ ਵਰਗੇ ਫਿਨਿਸ਼ਰਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ। ਇਨ੍ਹਾਂ ਦੋਵਾਂ ਦੀ ਬੱਲੇਬਾਜ਼ੀ ਨੇ ਗੇਂਦਬਾਜ਼ਾਂ ਖਾਸ ਤੌਰ ’ਤੇ ਮਿਸ਼ੇਲ ਸਟਾਕ ਦੀ ਖਰਾਬ ਫਾਰਮ ਦੀ ਵੀ ਭਰਪਾਈ ਕਰ ਦਿੱਤੀ ਹੈ। ਤੀਜੇ ਨੰਬਰ ’ਤੇ ਨੌਜਵਾਨ ਅੰਗਕ੍ਰਿਸ਼ ਰਘੂਵੰਸ਼ੀ ਨੇ ਆਪਣੀ ਉਪਯੋਗਿਤਾ ਸਾਬਤ ਕੀਤੀ ਹੈ।
ਉੱਥੇ ਹੀ, 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਹਾਰਦਿਕ ਪੰਡਯਾ ਦੀ ਕਪਤਾਨੀ ਵਿਚ ਇਸ ਸੈਸ਼ਨ ’ਚੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਰਹੀ। ਪਿਛਲੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਉਣ ਵਾਲੀ ਮੁੰਬਈ ਹੁਣ ਵੱਕਾਰ ਲਈ ਖੇਡ ਰਹੀ। ਸੂਰਯਕੁਮਾਰ ਯਾਦਵ ਨੇ ਪਿਛਲੇ ਦੋ ਮੈਚਾਂ ਵਿਚ 56 ਤੇ ਅਜੇਤੂ 102 ਦੌੜਾਂ ਬਣਾਈਆਂ ਹਨ, ਜਿਹੜਾ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਚੰਗਾ ਸੰਕੇਤ ਹੈ। ਪ੍ਰਸ਼ੰਸਕਾਂ ਨੂੰ ਰੋਹਿਤ ਸ਼ਰਮਾ ਤੇ ਪੰਡਯਾ ਤੋਂ ਵੀ ਚੰਗੀਆਂ ਪਾਰੀਆਂ ਦੀ ਉਮੀਦ ਹੋਵੇਗੀ। ਭਾਰਤੀ ਕਪਤਾਨ ਰੋਹਿਤ ਪਿਛਲੇ 5 ਮੈਚਾਂ ਵਿਚੋਂ 4 ਵਿਚ ਦੋਹਰੇ ਅੰਕ ਤਕ ਵੀ ਨਹੀਂ ਪਹੁੰਚ ਸਕਿਆ।
ਸੰਭਾਵਿਤ ਪਲੇਇੰਗ 11
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਨਮਨ ਧੀਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਅੰਸ਼ੁਲ ਕੰਬੋਜ, ਕੁਮਾਰ ਕਾਰਤਿਕੇਆ, ਆਕਾਸ਼ ਮਧਵਾਲ, ਨੁਵਾਨ ਤੁਸ਼ਾਰਾ।
ਕੋਲਕਾਤਾ ਨਾਈਟ ਰਾਈਡਰਜ਼: ਫਿਲ ਸਾਲਟ (ਵਿਕਟਕੀਪਰ), ਸੁਨੀਲ ਨਾਰਾਇਣ, ਸ਼੍ਰੇਅਸ ਅਈਅਰ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।
ਸਮਾਂ: ਸ਼ਾਮ 7.30 ਵਜੇ।
ਲੋਕੇਸ਼ ਰਾਹੁਲ ਨੂੰ ਫਿਟਕਾਰ ਲਾਉਣ ਵਾਲੇ ਗੋਯਨਕਾ ’ਤੇ ਵਰ੍ਹੇ ਸ਼ੰਮੀ, ਆਖੀਆਂ ਇਹ ਗੱਲਾਂ
NEXT STORY