ਨਵੀਂ ਦਿੱਲੀ– ਨੌਜਵਾਨ ਮਿਡਫੀਲਡਰ ਹਾਰਦਿਕ ਸਿੰਘ ਤੇ ਡਿਫੈਂਡਰ ਸਲੀਮਾ ਟੇਟੇ ਨੂੰ ਸਾਲ 2023 ਦੇ ਸਰਵਸ੍ਰੇਸ਼ਠ ਖਿਡਾਰੀ ਦਾ ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਐਵਾਰਡ ਦਿੱਤਾ ਗਿਆ ਜਦਕਿ ਮੇਜਰ ਧਿਆਨਚੰਦ ਦੇ ਨਾਂ ’ਤੇ ਲਾਈਫਟਾਈਮ ਅਚੀਵਮੈਂਟ ਸਨਮਾਨ ਉਸਦੇ ਬੇਟੇ ਅਸ਼ੋਕ ਕੁਮਾਰ ਨੂੰ ਮਿਲਿਆ। ਪਿਛਲੇ ਸਾਲ ਐੱਫ. ਆਈ. ਐੱਚ. ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਵੀ ਜਿੱਤਣ ਵਾਲੇ ਹਾਰਦਿਕ ਨੇ ਇਸ ਸਾਲ ਵੀ ਇਸ ਐਵਾਰਡ ਦੀ ਦੌੜ ਵਿਚ ਪੀ. ਆਰ. ਸ੍ਰੀਜੇਸ਼ ਤੇ ਹਰਮਨਪ੍ਰੀਤ ਸਿੰਘ ਵਰਗੇ ਸੀਨੀਅਰ ਖਿਡਾਰੀਆਂ ਨੂੰ ਪਛਾੜਿਆ। ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਦਾ ਮੈਂਬਰ ਰਿਹਾ 25 ਸਾਲਾ ਹਾਰਦਿਕ 100 ਤੋਂ ਵੱਧ ਕੌਮਾਂਤਰੀ ਮੈਚ ਖੇਡ ਚੁੱਕਾ ਹੈ।
ਉੱਥੇ ਹੀ, ਝਾਰਖੰਡ ਦੇ ਸਿਮਡੇਗਾ ਜ਼ਿਲੇ ਦੀ ਟੇਟੇ ਟੋਕੀਓ ਓਲੰਪਿਕ ਵਿਚ ਚੌਥੇ ਸਥਾਨ ’ਤੇ ਰਹੀ ਭਾਰਤੀ ਮਹਿਲਾ ਟੀਮ ਦਾ ਹਿੱਸਾ ਸੀ। ਉਸ ਨੇ ਐਵਾਰਡ ਦੀ ਦੌੜ ਵਿਚ ਆਪਣੀ ਕਪਤਾਨ ਤੇ ਐੱਫ. ਆਈ. ਐੱਚ. ਸਾਲ ਦੀ ਸਰਵਸ੍ਰੇਸ਼ਠ ਮਹਿਲਾ ਗੋਲਕੀਪਰ ਦਾ ਐਵਾਰਡ ਜਿੱਤਣ ਵਾਲੀ ਸਵਿਤਾ ਪੂਨੀਆ ਨੂੰ ਪਛਾੜਿਆ। ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਨੂੰ ਐਵਾਰਡ ਦੇ ਤੌਰ ’ਤੇ 25 ਲੱਖ ਰੁਪਏ ਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ।
ਇੱਥੇ ਆਯੋਜਿਤ ਹਾਕੀ ਇੰਡੀਆ ਦੇ ਸਾਲਾਨਾ ਸਮਾਰੋਹ ਵਿਚ ਪੀ. ਆਰ. ਸ੍ਰੀਜੇਸ਼ ਨੂੰ ਸਾਲ 2023 ਲਈ ਸਰਵਸ੍ਰੇਸ਼ਠ ਗੋਲਕੀਪਰ ਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਸਰਵਸ੍ਰੇਸ਼ਠ ਡਿਫੈਂਡਰ ਦਾ ਐਵਾਰਡ ਮਿਲਿਆ। ਹਾਰਦਿਕ ਨੇ ਸਰਵਸ੍ਰੇਸ਼ਠ ਮਿਡਫੀਲਡਰ ਦਾ ਐਵਾਰਡ ਵੀ ਜਿੱਤਿਆ ਤੇ ਸਰਵਸ੍ਰੇਸ਼ਠ ਫਾਰਵਰਡ ਦਾ ਐਵਾਰਡ ਅਭਿਸ਼ੇਕ ਨੂੰ ਮਿਲਿਆ। ਸਰਵਸ੍ਰੇਸ਼ਠ ਉੱਭਰਦੇ ਅੰਡਰ-21 ਖਿਡਾਰੀ ਦਾ ਐਵਾਰਡ ਮਹਿਲਾ ਵਰਗ ਵਿਚ ਦੀਪਿਕਾ ਸੋਰੇਂਗ ਤੇ ਪੁਰਸ਼ ਵਰਗ ਵਿਚ ਅਰਾਈਜੀਤ ਸਿੰਘ ਹੁੰਦਲ ਨੂੰ ਮਿਲਿਆ।
ਇਸ ਦੇ ਨਾਲ ਹੀ ਲਖਨਊ ’ਚ 2016 ’ਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਣ ਵਾਲੀ ਟੀਮ, ਹਾਂਗਝੋਊ ਏਸ਼ੀਆਈ ਖੇਡਾਂ 2023 ਦੀ ਸੋਨ ਤਮਗਾ ਜੇਤੂ ਪੁਰਸ਼ ਟੀਮ ਤੇ ਕਾਂਸੀ ਤਮਗਾ ਜੇਤੂ ਮਹਿਲਾ ਟੀਮ, ਓਮਾਨ ਵਿਚ 2023 ਜੂਨੀਅਰ ਏਸ਼ੀਆ ਕੱਪ ਜਿੱਤਣ ਵਾਲੀ ਪੁਰਸ਼ ਟੀਮ, ਜਾਪਾਨ ਵਿਚ ਜੂਨੀਅਰ ਏਸ਼ੀਆ ਕੱਪ ਜਿੱਤਣ ਵਾਲੀ ਮਹਿਲਾ ਟੀਮ, ਓਮਾਨ ਵਿਚ ਏਸ਼ੀਆਈ ਹਾਕੀ ਫਾਈਜ਼ ਵਿਚ ਸੋਨ ਤਮਗਾ ਜਿੱਤਣ ਵਾਲੀ ਮਹਿਲਾ ਤੇ ਪੁਰਸ਼ ਟੀਮ, ਚੇਨਈ ਵਿਚ ਏਸ਼ੀਆਈ ਚੈਂਪੀਅਨਸ ਟਰਾਫੀ 2023 ਜਿੱਤਣ ਵਾਲੀ ਪੁਰਸ਼ ਟੀਮ, ਰਾਂਚੀ ਵਿਚ ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ 2023 ਜਿੱਤਣ ਵਾਲੀ ਮਹਿਲਾ ਟੀਮ ਨੂੰ ਵੀ ਨਕਦ ਇਨਾਮ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਮੈਨੂੰ ਭਾਰਤ 'ਚ ਅਜੇ ਤੱਕ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ : ਹਾਕੀ ਟੀਮ ਦੇ ਮੁੱਖ ਕੋਚ ਫੁਲਟੋਨ
NEXT STORY