ਕੋਸਟ- ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਦੇ ਵਿਚਾਲੇ 15 ਸਾਲ ਦੇ ਲੰਬੇ ਇੰਤਜ਼ਾਰ ਦੇ ਵਿਚ ਇਕਲੌਤਾ ਦਿਨ-ਰਾਤ ਟੈਸਟ ਮੈਚ 'ਚ ਦੂਜੇ ਦਿਨ ਸ਼ੁੱਕਰਵਾਰ ਨੂੰ ਵੀ ਖਰਾਬ ਮੌਸਮ ਦੀ ਮਾਰ ਪਈ ਪਰ ਸਲਾਮੀ ਬੱਲੇਬਾਜ਼ ਸ੍ਰਮਿਤੀ ਮੰਧਾਨਾ ਨੇ 80 ਦੌੜਾਂ ਤੋਂ ਅੱਗੇ ਖੇਡਦੇ ਹੋਏ ਸ਼ਾਨਦਾਰ 127 ਦੌੜਾਂ ਬਣਾਈਆਂ ਤੇ ਇਸ ਮੈਚ ਨੂੰ ਆਪਣੇ ਲਈ ਯਾਦਗਾਰ ਬਣਾ ਲਿਆ। ਮੰਧਾਨਾ ਇਸ ਤਰ੍ਹਾਂ ਦਿਨ-ਰਾਤ ਟੈਸਟ ਮੈਚ ਵਿਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਭਾਰਤ ਨੇ ਖਰਾਬ ਮੌਸਮ ਦੇ ਚੱਲਦੇ ਦੂਜੇ ਦਿਨ ਦੀ ਖੇਡ ਜਲਦ ਖਤਮ ਕੀਤੇ ਜਾਣ ਤੱਕ ਪੰਜ ਵਿਕਟਾਂ 'ਤੇ 276 ਦੌੜਾਂ ਬਣਾ ਲਈਆਂ ਹਨ। ਭਾਰਤ ਨੇ ਦੂਜੇ ਦਿਨ ਆਪਣੀ ਪਾਰੀ ਨੂੰ ਇਕ ਵਿਕਟ 'ਤੇ 132 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ।
ਮੰਧਾਨਾ ਨੇ 80 ਅਤੇ ਪੂਨਮ ਰਾਊਤ ਨੇ 16 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਪਹਿਲੇ ਦਿਨ 44.1 ਓਵਰ ਦਾ ਖੇਡ ਹੋਇਆ ਸੀ ਤਾਂ ਦੂਜੇ ਦਿਨ ਅੱਜ 57.4 ਓਵਰ ਦਾ ਖੇਡ ਹੀ ਸੰਭਵ ਹੋ ਸਕਿਆ। ਮੰਧਾਨਾ ਨੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਉਹ 216 ਗੇਂਦਾਂ 'ਚ 22 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 127 ਦੌੜਾਂ ਬਣਾ ਕੇ ਦੂਜੇ ਬੱਲੇਬਾਜ਼ ਦੇ ਰੂਪ ਵਿਚ ਟੀਮ ਦੇ 195 ਦੇ ਸਕੋਰ 'ਤੇ ਆਊਟ ਹੋਈ। 25 ਸਾਲਾ ਮੰਧਾਨਾ ਨੇ ਆਪਣੇ ਚੌਥੇ ਟੈਸਟ ਵਿਚ ਆਪਣਾ ਸਰਵਸ੍ਰੇਸ਼ਠ ਸਕੋਰ ਅਤੇ ਪਹਿਲਾ ਟੈਸਟ ਸੈਂਕੜਾ ਬਣਾਇਆ। ਮੰਧਾਨਾ ਇਸ ਦੇ ਨਾਲ ਹੀ ਆਸਟਰੇਲਈਆਈ ਧਰਤੀ 'ਤੇ ਟੈਸਟ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਤੇ ਗੁਲਾਬੀ ਗੇਂਦ ਵਿਚ ਟੈਸਟ ਮੈਚ 'ਚ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣੀ।
ਇਸ ਤੋਂ ਪਹਿਲਾਂ ਪੁਰਸ਼ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 2019 ਵਿਚ ਬੰਗਲਾਦੇਸ਼ ਦੇ ਵਿਰੁੱਧ ਦਿਨ-ਰਾਤ ਟੈਸਟ ਵਿਚ ਸੈਂਕੜਾ ਲਗਾਇਆ ਸੀ। ਪੂਨਮ ਰਾਉਤ ਨੇ 165 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ ਤੇ ਉਸਦਾ ਵਿਕਟ ਟੀਮ ਦੇ 217 ਦੇ ਸਕੋਰ 'ਤੇ ਡਿੱਗਿਆ। ਕਪਤਾਨ ਮਿਤਾਲੀ ਰਾਜ ਦਾ ਵਿਕਟ 274 ਦੇ ਸਕੋਰ 'ਤੇ ਡਿੱਗਿਆ। ਮਿਤਾਲੀ ਨੇ 86 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਭਾਰਤ ਦਾ ਸਕੋਰ 276 ਦੌੜਾਂ 'ਤੇ ਪਹੁੰਚਿਆ ਸੀ ਪਰ ਮੀਂਹ ਆਉਣ ਦੇ ਕਾਰਨ ਖੇਡ ਰੋਕ ਦਿੱਤਾ ਗਿਆ ਤੇ ਫਿਰ ਇਸ ਤੋਂ ਬਾਅਦ ਖੇਡ ਸ਼ੁਰੂ ਨਹੀਂ ਹੋ ਸਕਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
‘ਸਵਿਸ ਐਲਪਸ' ਦੀ ਚੜ੍ਹਾਈ ਕਰਨ ਦੇ ਬਾਅਦ ਮਲਿਕ ਭੈਣਾਂ ਨੇ ਕਿਹਾ- ਟੀਚਾ ਜਾਰੀ ਰਹੇਗਾ
NEXT STORY