ਲਾਹੌਰ, (ਭਾਸ਼ਾ) ਪਾਕਿਸਤਾਨ ਦੇ ਪਹਿਲੇ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ ਅਰਸ਼ਦ ਨਦੀਮ ਦਾ ਵਤਨ ਪਰਤਣ 'ਤੇ ਪ੍ਰਸ਼ੰਸਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹ ਆਪਣੇ ਪਰਿਵਾਰ ਨੂੰ ਮਿਲਦੇ ਹੋਏ ਭਾਵੁਕ ਨਜ਼ਰ ਆਏ। ਨਦੀਮ ਦੇ ਇੱਥੇ ਪਹੁੰਚਣ 'ਤੇ ਉਨ੍ਹਾਂ ਦਾ 'ਵਾਟਰ ਕੈਨਨ ਸਲਾਮੀ' ਨਾਲ ਸਵਾਗਤ ਕੀਤਾ ਗਿਆ। ਇਹ ਇੱਕ ਰਾਸ਼ਟਰੀ ਨਾਇਕ ਦਾ ਸੁਆਗਤ ਸੀ ਕਿਉਂਕਿ ਹਜ਼ਾਰਾਂ ਪ੍ਰਸ਼ੰਸਕ ਨਦੀਮ ਦੀ ਇੱਕ ਝਲਕ ਦੇਖਣ ਲਈ ਬੇਤਾਬ ਸਨ ਅਤੇ ਰੌਲੇ-ਰੱਪੇ ਦੇ ਵਿਚਕਾਰ ਉਸਦੇ ਨਾਮ ਦੇ ਨਾਅਰੇ ਲਗ ਰਹੇ ਸਨ।
ਨਦੀਮ ਨੇ ਪੈਰਿਸ ਖੇਡਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ 92.97 ਮੀਟਰ ਦੀ ਦੂਰੀ ਤੈਅ ਕਰਕੇ ਸੋਨ ਤਗ਼ਮਾ ਜਿੱਤਿਆ ਸੀ। ਇੱਥੇ ਪਹੁੰਚ ਕੇ ਨਦੀਮ ਨੇ ਆਪਣੀ ਮਾਂ, ਪਿਤਾ ਅਤੇ ਵੱਡੇ ਭਰਾ ਨੂੰ ਗਲੇ ਲਗਾਇਆ। ਉਸ ਦੇ ਪਰਿਵਾਰ ਨੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਾਉਂਜ ਦੇ ਅੰਦਰ ਇੱਕ ਭਾਵਨਾਤਮਕ ਪੁਨਰ-ਮਿਲਨ ਦੌਰਾਨ ਉਸ ਨੂੰ ਹਾਰ ਪਹਿਨਾਇਆ। ਬਾਅਦ ਵਿੱਚ ਉਹ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਕੁਝ ਪਿੰਡ ਵਾਸੀਆਂ ਨੂੰ ਵੀ ਮਿਲਿਆ ਜੋ ਪੰਜਾਬ ਸੂਬੇ ਦੇ ਦਿਹਾਤੀ ਖਾਨੇਵਾਲ ਖੇਤਰ ਵਿੱਚ ਆਪਣੇ ਜੱਦੀ ਸ਼ਹਿਰ ਮੀਆਂ ਚੰਨੂ ਤੋਂ ਆਏ ਸਨ। ਜਿਵੇਂ ਹੀ ਨਦੀਮ ਅਤੇ ਉਸ ਦਾ ਪਰਿਵਾਰ ਟਰਮੀਨਲ ਦੇ ਬਾਹਰੀ ਗੇਟ 'ਤੇ ਪਹੁੰਚੇ ਤਾਂ ਤਖਤੀਆਂ ਅਤੇ ਪੋਸਟਰ ਲੈ ਕੇ ਆਏ ਲੋਕ ਉਸ ਨੂੰ ਹਾਰ ਪਾਉਣ ਲਈ ਪੁੱਜੇ ਅਤੇ ਉਸ ਨੂੰ ਮੋਢਿਆਂ 'ਤੇ ਚੁੱਕਣ ਦੀ ਕੋਸ਼ਿਸ਼ ਕੀਤੀ।
ਭੀੜ ਹੋਣ ਕਾਰਨ ਸੁਰੱਖਿਆ ਅਧਿਕਾਰੀਆਂ ਨੂੰ ਉਸ ਨੂੰ ਵਾਪਸ ਲਾਉਂਜ ਵਿੱਚ ਲੈ ਜਾਣਾ ਪਿਆ। ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਤੋਂ ਹੀ ਪ੍ਰਸ਼ੰਸਕ ਹਵਾਈ ਅੱਡੇ ਦੇ ਆਗਮਨ ਟਰਮੀਨਲ ਦੇ ਨੇੜੇ ਉਡੀਕ ਕਰ ਰਹੇ ਸਨ। ਹਾਲਾਂਕਿ, ਉਸਦੀ ਫਲਾਈਟ ਸਵੇਰੇ 1:29 ਵਜੇ ਇਸਤਾਂਬੁਲ ਤੋਂ ਲੈਂਡ ਕਰਨ ਵਾਲੀ ਸੀ। ਨਦੀਮ ਦਾ ਸੁਆਗਤ ਕਰਨ ਅਤੇ ਹਾਰ ਪਹਿਨਾਉਣ ਲਈ ਸਰਕਾਰ ਦੇ ਕਈ ਮੰਤਰੀ ਅਤੇ ਅਧਿਕਾਰੀ ਵੀ ਮੌਜੂਦ ਸਨ। ਨਦੀਮ ਨੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਤੋਂ ਬਾਅਦ ਪਾਕਿਸਤਾਨ ਲਈ ਪਹਿਲਾ ਸੋਨ ਤਮਗਾ ਜਿੱਤਿਆ। ਉਦੋਂ ਦੇਸ਼ ਨੇ ਹਾਕੀ ਵਿਚ ਸੋਨ ਤਗਮਾ ਜਿੱਤਿਆ ਸੀ। ਨਦੀਮ ਓਲੰਪਿਕ ਸੋਨ ਤਮਗਾ ਜਿੱਤਣ ਵਾਲਾ ਪਾਕਿਸਤਾਨ ਦਾ ਪਹਿਲਾ ਟਰੈਕ ਅਤੇ ਫੀਲਡ ਖਿਡਾਰੀ ਵੀ ਹੈ।
ਓਲੰਪਿਕ ਲਹਿਰ ਵਿੱਚ ‘ਵਿਸ਼ੇਸ਼ ਯੋਗਦਾਨ’ ਲਈ ਬਿੰਦਰਾ ਓਲੰਪਿਕ ਆਰਡਰ ਨਾਲ ਸਨਮਾਨਿਤ
NEXT STORY