ਲੰਡਨ, (ਵਾਰਤਾ)–ਕਾਊਂਟੀ ਚੈਂਪੀਅਨਸ਼ਿਪ ਡਵੀਜ਼ਨ-2 ਦੇ ਮੈਚ ਵਿਚ ਦੂਜੇ ਦਿਨ ਸਸੈਕਸ ਲਈ ਖੇਡਦੇ ਹੋਏ ਭਾਰਤੀ ਧਾਕੜ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਅਜੇਤੂ 104 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ । ਇਹ ਤਿੰਨ ਸੈਸ਼ਨਾਂ ਵਿਚ ਸਸੈਕਸ ਲਈ ਉਸਦਾ 9ਵਾਂ ਸੈਂਕੜਾ ਹੈ। ਮੈਚ ਵਿਚ ਪੁਜਾਰਾ ਤੋਂ ਇਲਾਵਾ ਟਾਮ ਹੇਂਸ, ਟਾਮ ਐਲਸਾਪ ਤੇ ਜੇਮਸ ਕੋਲਸ ਨੇ ਵੀ ਅਰਧ ਸੈਂਕੜੇ ਲਾਏ।
ਸਸੈਕਸ ਨੇ ਡਰਬੀਸ਼ਾਇਰ ਵਿਰੁੱਧ ਖੇਡੇ ਜਾ ਰਹੇ ਮੁਕਾਬਲੇ ਵਿਚ ਹੁਣ ਤਕ 5 ਵਿਕਟਾਂ ’ਤੇ 357 ਦੌੜਾਂ ਬਣਾ ਲਈਆਂ ਹਨ ਤੇ ਉਸ ਨੂੰ ਪਹਿਲੀ ਪਾਰੀ ਵਿਚ 111 ਦੌੜਾਂ ਦੀ ਬੜ੍ਹਤ ਮਿਲ ਚੁੱਕੀ ਹੈ। ਦਿਨ ਦੇ ਆਖਿਰ ਵਿਚ ਲੂਈਸ ਰੇਸ ਨੇ ਸਸੈਕਸ ਦੀਆਂ 2 ਵਿਕਟਾਂ ਲੈ ਕੇ ਡਰਬੀਸ਼ਾਇਰ ਨੂੰ ਮੈਚ ਵਿਚ ਬਰਕਰਾਰ ਰੱਖਿਆ ਹੈ। ਸਸੈਕਸ ਨੇ ਸ਼ੁਰੂਆਤ ਵਿਚ ਇਕ ਵਿਕਟ ਗੁਆ ਦਿੱਤੀ ਸੀ ਪਰ ਉਸ ਤੋਂ ਬਾਅਦ ਡਰਬੀਸ਼ਾਇਰ ਦੀ ਗੇਂਦਬਾਜ਼ੀ ਵਿਚ ਨਿਰੰਤਰਤਾ ਦੀ ਕਮੀ ਸਾਫ ਤੌਰ ’ਤੇ ਦਿਸੀ। ਹੇਂਸ ਨੇ ਸਿਰਫ 38 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਸੀ ਤੇ ਐਲਸਾਪ ਦੇ ਨਾਲ ਉਸ ਨੇ 90 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਪੁਜਾਰਾ ਨੇ 2 ਸਾਲ ਪਹਿਲਾਂ ਇਸੇ ਮੈਦਾਨ ’ਤੇ ਦੋਹਰਾ ਸੈਂਕੜਾ ਲਾਇਆ ਸੀ ਤੇ ਉਸ ਨੂੰ ਬੱਲੇਬਾਜ਼ੀ ਲਈ ਆਉਂਦਾ ਦੇਖਣਾ ਡਰਬੀਸ਼ਾਇਰ ਲਈ ਚਿੰਤਾ ਦੀ ਗੱਲ ਸੀ। ਸ਼ਾਮ ਦੇ ਸੈਸ਼ਨ ਵਿਚ ਸਸੈਕਸ ਨੇ ਮੈਚ ਵਿਚ ਆਪਣੀ ਪਕੜ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਸੀ। ਪੁਜਾਰਾ ਨੇ 74 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਇੰਨੀਆਂ ਹੀ ਗੇਂਦਾਂ ਵਿਚ ਕੋਲਸ ਦਾ ਵੀ ਅਰਧ ਸੈਂਕੜਾ ਬਣਿਆ। ਦੋਵਾਂ ਵਿਚਾਲੇ 141 ਦੌੜਾਂ ਦੀ ਸਾਂਝੇਦਾਰੀ ਹੋਈ। ਪੁਜਾਰਾ ਨੇ 158 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਮੈਚ ਦੇ ਪਹਿਲੇ ਦਿਨ ਬਲੇਅਰ ਟਿਕਨਰ ਨੇ ਕਰੀਅਰ ਦੀ ਸਰਵਸ੍ਰੇਸ਼ਠ 47 ਦੌੜਾਂ ਦੀ ਪਾਰੀ ਖੇਡਦੇ ਹੋਏ ਡਰਬੀਸ਼ਾਇਰ ਨੂੰ 246 ਦੇ ਸਕੋਰ ਤਕ ਪਹੁੰਚਾਇਆ ਸੀ। ਟਿਕਨਰ ਨੇ ਨੌਵੀਂ ਵਿਕਟ ਲਈ ਜੈਕ ਮੋਰਲੇ ਦੇ ਨਾਲ ਮਿਲ ਕੇ 68 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਸੀ।
ਹਾਈ ਜੰਪਰ ਤੇਜਸਵਿਨ ਨੇ ਐਰੀਜ਼ੋਨਾ ਐਥਲੈਟਿਕਸ ਮੀਟ ਜਿੱਤੀ
NEXT STORY