ਜਲੰਧਰ (ਰਾਹੁਲ)— 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪੁਰਸ਼ ਵਰਗ ਦਾ ਖਿਤਾਬ 7ਵੀਂ ਵਾਰ ਪੰਜਾਬ ਪੁਲਸ ਜਲੰਧਰ ਦੀ ਟੀਮ ਨੇ ਓ. ਐੱਨ. ਜੀ. ਸੀ. ਦਿੱਲੀ ਨੂੰ 2-1 ਨਾਲ ਹਰਾ ਕੇ ਜਿੱਤਿਆ। ਇਸ ਤੋਂ ਪਹਿਲਾਂ ਪੰਜਾਬ ਪੁਲਸ ਨੇ ਇਹ ਟੂਰਨਾਮੈਂਟ 1985, 1986, 1993, 1995, 1997 ਅਤੇ ਸਾਲ 2000 ਵਿਚ ਜਿੱਤਿਆ ਸੀ। 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪੁਰਸ਼ ਵਰਗ ਦੇ ਖਿਤਾਬੀ ਮੁਕਾਬਲੇ ਵਿਚ ਪੰਜਾਬ ਪੁਲਸ ਦੀ ਟੀਮ ਨੇ ਓ. ਐੱਨ. ਜੀ. ਸੀ. ਦਿੱਲੀ ਨੂੰ 2-1 ਨਾਲ ਹਰਾ ਕੇ 17 ਸਾਲਾਂ ਬਾਅਦ ਫਿਰ ਤੋਂ ਇਸ 'ਤੇ ਕਬਜ਼ਾ ਕੀਤਾ।
ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਖਤਮ ਹੋਏ ਇਸ 9 ਰੋਜ਼ਾ ਟੂਰਨਾਮੈਂਟ ਦਾ ਫਾਈਨਲ ਪੰਜਾਬ ਪੁਲਸ ਜਲੰਧਰ ਅਤੇ ਓ. ਐੱਨ. ਜੀ. ਸੀ. ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਨੌਜਵਾਨ ਖਿਡਾਰੀਆਂ 'ਤੇ ਆਧਾਰਿਤ ਓ. ਐੱਨ. ਜੀ. ਸੀ. ਦੀ ਟੀਮ ਪੰਜਾਬ ਪੁਲਸ ਜਲੰਧਰ 'ਚ ਸ਼ਾਮਲ ਓਲੰਪੀਅਨਾਂ ਅਤੇ ਕੌਮਾਂਤਰੀ ਖਿਡਾਰੀਆਂ ਦੇ ਤਜਰਬੇ ਸਾਹਮਣੇ ਕਮਜ਼ੋਰ ਸਾਬਿਤ ਹੋਈ। ਪੰਜਾਬ ਪੁਲਸ ਦੀ ਟੀਮ ਲਈ ਘਰੇਲੂ ਦਰਸ਼ਕਾਂ ਦਾ ਸਮਰਥਨ ਵੀ ਕਾਫੀ ਸਹਾਇਕ ਸਾਬਿਤ ਹੋਇਆ।
ਜੇਤੂ ਟੀਮ ਅੱਧੇ ਸਮੇਂ ਤਕ 1-0 ਨਾਲ ਅੱਗੇ ਸੀ। ਪੰਜਾਬ ਪੁਲਸ ਦਾ ਗੋਲਖਾਤਾ ਮੈਚ ਦੇ 16ਵੇਂ ਮਿੰਟ ਵਿਚ ਰਮਨਦੀਪ ਸਿੰਘ ਨੇ ਖੱਬੇ ਪਾਸੇਂ ਤੋਂ ਤਿਰਛੀ ਹਿੱਟ ਰਾਹੀਂ ਸ਼ਾਨਦਾਰ ਮੈਦਾਨੀ ਗੋਲ ਕਰਦਿਆਂ ਖੋਲ੍ਹਿਆ। ਪੰਜਾਬ ਪੁਲਸ ਵੱਲੋਂ ਦੂਜਾ ਗੋਲ 48ਵੇਂ ਮਿੰਟ ਵਿਚ ਆਕਾਸ਼ਦੀਪ ਸਿੰਘ ਨੇ ਕੀਤਾ। ਮੈਚ ਦੇ 65ਵੇਂ ਮਿੰਟ ਵਿਚ ਓ. ਐੱਨ. ਜੀ. ਸੀ. ਦਿੱਲੀ ਦੇ ਦਿਵਾਕਰ ਰਾਮ ਨੇ ਟੀਮ ਨੂੰ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਮੈਚ ਵਿਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਪੁਲਸ ਦੀ ਨਾਕੇਬੰਦੀ ਦੇ ਚੱਲਦਿਆਂ ਓ. ਐੱਨ. ਜੀ. ਸੀ. ਦੀ ਇਹ ਕੋਸ਼ਿਸ਼ ਕੋਈ ਖਾਸ ਅਸਰ ਨਾ ਦਿਖਾ ਸਕੀ। ਮਿੱਥੇ ਸਮੇਂ 'ਤੇ ਪੰਜਾਬ ਪੁਲਸ ਦੀ ਟੀਮ 2-1 ਨਾਲ ਜੇਤੂ ਐਲਾਨੀ ਗਈ। ਜੇਤੂਆਂ ਨੂੰ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ 'ਤੇ ਪੰਜਾਬ ਪੁਲਸ ਦੇ ਰਮਨਦੀਪ ਸਿੰਘ ਨੂੰ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ।
ਤਰੇਲ ਨਾਲ ਨਜਿੱਠਣ ਲਈ ਕੁਲਦੀਪ ਨੇ ਨੈੱਟ 'ਤੇ ਗਿੱਲੀ ਗੇਂਦ ਨਾਲ ਕੀਤਾ ਅਭਿਆਸ
NEXT STORY