ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਪੂਰਵ ਕਪਤਾਨ ਅਤੇ ਮਹਾਨ ਬੱਲੇਬਾਜ਼ ਰਾਹੁਲ ਦ੍ਰਾਵਿੜ ਦੇ 17 ਸਾਲਾ ਬੇਟੇ ਅਨਵਯ ਦ੍ਰਾਵਿੜ ਨੇ ਘਰੇਲੂ ਅੰਡਰ-19 ਵੀਨੂ ਮਾਂਕੜ ਟਰਾਫ਼ੀ ਵਿੱਚ ਆਪਣੇ ਬੱਲੇ ਨਾਲ ਤਹਿਲਕਾ ਮਚਾ ਦਿੱਤਾ ਹੈ। ਕਰਨਾਟਕ ਅੰਡਰ-19 ਟੀਮ ਦੀ ਅਗਵਾਈ ਕਰ ਰਹੇ ਵਿਕਟਕੀਪਰ-ਕਪਤਾਨ ਅਨਵਯ ਨੇ ਗੁਜਰਾਤ ਵਿਰੁੱਧ ਖੇਡੇ ਗਏ ਮੁਕਾਬਲੇ ਵਿੱਚ ਮਹਿਜ਼ 100 ਗੇਂਦਾਂ 'ਚ 151 ਦੌੜਾਂ ਦੀ ਧਮਾਕੇਦਾਰ ਕਪਤਾਨੀ ਪਾਰੀ ਖੇਡੀ। ਉਨ੍ਹਾਂ ਦੀ ਇਸ ਬਿਹਤਰੀਨ ਪਾਰੀ ਦੇ ਦਮ 'ਤੇ ਕਰਨਾਟਕ ਨੇ 358 ਦੌੜਾਂ ਦਾ ਵਿਸ਼ਾਲ ਟੀਚਾ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਅਤੇ ਸ਼ਾਨ ਨਾਲ ਨੌਕਆਊਟ ਗੇੜ ਵਿੱਚ ਆਪਣੀ ਥਾਂ ਪੱਕੀ ਕਰ ਲਈ।

ਇਸ ਮੁਕਾਬਲੇ ਵਿੱਚ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 357 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕੀਤਾ ਸੀ। ਗੁਜਰਾਤ ਵੱਲੋਂ ਸਮੀਰ ਭੰਡਾਰੀ ਅਤੇ ਯਸ਼ ਪੰਜਵਾਨੀ ਨੇ ਸ਼ਾਨਦਾਰ ਸੈਂਕੜੇ ਲਗਾਏ ਅਤੇ ਪੰਜਵੀਂ ਵਿਕਟ ਲਈ 19 ਓਵਰਾਂ ਵਿੱਚ 217 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ। 358 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਕਰਨਾਟਕ ਦੀ ਟੀਮ ਲਈ ਅਨਵਯ ਦ੍ਰਾਵਿੜ ਨੇ ਮੈਦਾਨ ਦੇ ਚਾਰੇ ਪਾਸੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਕਰਦਿਆਂ ਆਪਣੀ 151 ਦੌੜਾਂ ਦੀ ਪਾਰੀ ਵਿੱਚ 20 ਚੌਕੇ ਅਤੇ 3 ਛੱਕੇ ਜੜੇ। ਉਨ੍ਹਾਂ ਨਾਲ ਦੂਜੇ ਪਾਸੇ ਧਰੁਵ ਕ੍ਰਿਸ਼ਨਨ ਨੇ ਵੀ 100 ਗੇਂਦਾਂ ਵਿੱਚ 131 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ। ਦੋਵਾਂ ਬੱਲੇਬਾਜ਼ਾਂ ਨੇ ਤੀਜੀ ਵਿਕਟ ਲਈ ਮਹਿਜ਼ 26 ਓਵਰਾਂ ਵਿੱਚ 203 ਦੌੜਾਂ ਦੀ ਦੋਹਰੀ ਸੈਂਕੜੇ ਵਾਲੀ ਭਾਈਵਾਲੀ ਕਰਕੇ ਗੁਜਰਾਤ ਤੋਂ ਮੈਚ ਖੋਹ ਲਿਆ।
ਮੌਜੂਦਾ ਵੀਨੂ ਮਾਂਕੜ ਟਰਾਫ਼ੀ ਸੀਜ਼ਨ ਵਿੱਚ ਅਨਵਯ ਦ੍ਰਾਵਿੜ ਬੇਹੱਦ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਹਨ ਅਤੇ ਇਹ ਉਨ੍ਹਾਂ ਦਾ ਇਸ ਸੀਜ਼ਨ ਦਾ ਦੂਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ ਵਿਰੁੱਧ ਮੁਕਾਬਲੇ ਵਿੱਚ ਮਹਿਜ਼ 62 ਗੇਂਦਾਂ ਵਿੱਚ 104 ਦੌੜਾਂ ਬਣਾ ਕੇ ਕਰਨਾਟਕ ਨੂੰ 100 ਦੌੜਾਂ ਨਾਲ ਜਿੱਤ ਦਿਵਾਈ ਸੀ। ਇਸ ਤੋਂ ਬਾਅਦ ਦਿੱਲੀ ਵਿਰੁੱਧ ਮੈਚ ਵਿੱਚ ਵੀ ਉਨ੍ਹਾਂ ਨੇ 41 ਗੇਂਦਾਂ 'ਤੇ 85 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਸੀ, ਜਿਸ ਦੀ ਬਦੌਲਤ ਕਰਨਾਟਕ ਨੇ 418 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ।
ਡੈਨਮਾਰਕ ਓਪਨ 2026: ਤਨਵੀ ਸ਼ਰਮਾ ਅਤੇ ਤ੍ਰਿਸਾ-ਗਾਇਤਰੀ ਦੀ ਹਾਰ ਨਾਲ ਭਾਰਤੀ ਚੁਣੌਤੀ ਸਮਾਪਤ
NEXT STORY