ਨਵੀਂ ਦਿੱਲੀ (ਬਿਊਰੋ) : ਭਾਰਤ ਨੂੰ ਪਹਿਲੀ ਵਾਰ ਆਪਣੀ ਕਪਤਾਨੀ ਵਿਚ 1983 ਵਿਚ ਵਿਸ਼ਵ ਕੱਪ ਜੇਤੂ ਬਣਾਉਣ ਵਾਲੇ ਕਪਿਲ ਦੇਵ ਨੂੰ ਬੀਤੇ ਦਿਨੀਂ ਦਿਲ ਦਾ ਦੌਰਾ ਪਿਆ। ਇਸ ਦੌਰਾਨ ਉਨ੍ਹਾਂ ਨੂੰ ਰਾਜਧਾਨੀ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਕਪਿਲ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਫ਼ਿਲਮੀ ਸਿਤਾਰਿਆਂ ਨੇ ਵੀ ਉਨ੍ਹਾਂ ਦੀ ਸਲਾਮਤੀ ਦੀਆਂ ਦੁਆਵਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ।
ਸ਼ਾਹਰੁਖ ਖ਼ਾਨ ਨੇ ਟਵੀਟ ਕਰਦਿਆਂ ਲਿਖਿਆ, 'ਪਾਜੀ, ਜਲਦੀ ਠੀਕ ਹੋ ਜਾਓ। ਤੁਸੀਂ ਜਿਵੇਂ ਬੈਟਿੰਗ ਤੇ ਬੌਲਿੰਗ 'ਚ ਤੇਜ਼ ਰਹੇ ਹੋ, ਉਸੇ ਗਤੀ ਨਾਲ ਠੀਕ ਹੋ ਜਾਓ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਸਰ।''
ਰਿਤੇਸ਼ ਦੇਸ਼ਮੁੱਖ ਨੇ ਵੀ ਟਵੀਟ ਕਰਦਿਆਂ ਲਿਖਿਆ, 'ਕਪਿਲ ਦੇਵ ਜੀ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਜਲਦੀ ਠੀਕ ਹੋ ਜਾਓ ਸਰ।'
ਰਾਹੁਲ ਦੇਵ ਨੇ ਲਿਖਿਆ, 'ਜਲਦੀ ਠੀਕ ਹੋ ਜਾਓ ਕਪਿਲ ਪਾਜੀ। ਤੁਸੀਂ ਵੱਡੇ ਦਿਲ ਵਾਲੇ ਇਨਸਾਨ ਹੋ। ਇਕ ਦਿਲ ਦਾ ਦੌਰਾ ਤੁਹਾਨੂੰ ਝੁਕਾ ਨਹੀਂ ਸਕਦਾ। ਤੁਹਾਡੇ ਜਲਦੀ ਸਿਹਤਮੰਦ ਹੋਣ ਲਈ ਅਰਦਾਸ ਕਰਦਾ ਹਾਂ।'
ਰਣਵੀਰ ਸਿੰਘ ਨੇ ਲਿਖਿਆ, 'ਕਪਿਲ ਦੇਵ ਸ਼ਕਤੀ ਤੇ ਲਚੀਲੇਪਨ ਦਾ ਪ੍ਰਤੀਕ ਹੈ। ਮੇਰੇ ਪਿਆਰੇ ਬੰਦੇ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ।'
ਸੋਫੀ ਚੌਧਰੀ ਨੇ ਲਿਖਿਆ, 'ਕਪਿਲ ਦੇਵ ਜੀ ਦੀ ਚੰਗੀ ਸਿਹਤ ਤੇ ਜਲਦ ਠੀਕ ਹੋਣ ਲਈ ਅਰਦਾਸ ਕਰਦੀ ਹਾਂ। ਪ੍ਰੇਮ ਤੇ ਪ੍ਰਾਥਨਾਵਾਂ ਸਰ।'
ਦੱਸ ਦਈਏ ਕਿ ਕਪਿਲ ਦੀ ਦਿੱਲੀ ਦੇ ਇਕ ਹਸਪਤਾਲ 'ਚ ਐਂਜਿਓਪਲਾਸਟੀ ਹੋਈ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ।
ਦੱਸਣਯੋਗ ਹੈ ਕਿ ਕਪਿਲ ਦੇਵ ਦੀ ਕਪਤਾਨੀ 'ਚ ਭਾਰਤ ਨੇ ਸਾਲ 1983 'ਚ ਪਹਿਲੀ ਵਾਰ ਵਲਡਰ ਕੱਪ ਜਿੱਤਿਆ ਸੀ। ਕਪਿਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ 131 ਟੈਸਟ ਅਤੇ 225 ਵਨਡੇ ਮੈਚ ਖੇਡੇ। ਉਨ੍ਹਾਂ ਦੇ ਨਾਮ ਟੈਸਟ 'ਚ 5248 ਦੌੜਾਂ ਅਤੇ 434 ਵਿਕਟਾਂ ਦਰਜ ਹਨ। ਵਨਡੇ ਕਰੀਅਰ 'ਚ ਉਨ੍ਹਾਂ ਨੇ 3783 ਦੌੜਾਂ ਬਣਾਉਣ ਦੇ ਨਾਲ 253 ਵਿਕਟਾਂ ਵੀ ਲਈਆਂ ਹਨ।
ਕਰਾਰੀ ਹਾਰ ਤੋਂ ਬਾਅਦ ਬੋਲੇ ਧੋਨੀ, ਹੁਣ ਅਸੀਂ ਅਗਲੇ ਸਾਲ ਦੀ ਤਿਆਰੀ ਕਰਾਂਗੇ
NEXT STORY