ਸਪੋਰਟਸ ਡੈਸਕ- ਭਾਰਤ ਨੂੰ 2 ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਧਾਕੜ ਲੈੱਗ ਸਪਿਨਰ ਪੀਯੁਸ਼ ਚਾਵਲਾ ਨੇ ਅੰਤਰਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾ ਕੇ ਦਿੱਤੀ।
ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, ''2 ਦਹਾਕਿਆਂ ਤੋਂ ਵੀ ਵੱਧ ਸਮਾਂ ਫੀਲਡ 'ਤੇ ਬਿਤਾਉਣ ਤੋਂ ਬਾਅਦ, ਹੁਣ ਇਸ ਨੂੰ ਅਲਵਿਦਾ ਆਖਣ ਦਾ ਸਮਾਂ ਆ ਗਿਆ ਹੈ। 2007 ਦੇ ਟੀ-20 ਵਿਸ਼ਵ ਕੱਪ ਤੇ 2011 ਦੇ ਵਨਡੇ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਬਣਨ ਤੋਂ ਲੈ ਕੇ ਪੂਰਾ ਸਫ਼ਰ ਯਾਦਗਾਰ ਰਿਹਾ ਹੈ। ਇਹ ਯਾਦਾਂ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹਿਣਗੀਆਂ।''

ਉਨ੍ਹਾਂ ਨੇ ਆਪਣੇ ਆਈ.ਪੀ.ਐੱਲ. ਸਫਰ ਬਾਰੇ ਗੱਲ ਕਰਦੇ ਹੋਏ ਲਿਖਿਆ ਕਿ ਪੰਜਾਬ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼, ਚੇਨਈ ਸੁਪਰਕਿੰਗਜ਼ ਤੇ ਮੁੰਬਈ ਇੰਡੀਅਨਜ਼ ਦਾ ਉਸ 'ਤੇ ਵਿਸ਼ਵਾਸ ਜਤਾਉਣ ਲਈ ਧੰਨਵਾਦ।'' ਇਸ ਤੋਂ ਬਾਅਦ ਉਨ੍ਹਾਂ ਆਪਣੇ ਕੋਚ ਕੇ.ਕੇ. ਗੌਤਮ ਤੇ ਸਵ. ਪੰਕਜ ਸਰਸਵਤੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਚਾਵਲਾ 2014 ਦੇ ਆਈ.ਪੀ.ਐੱਲ. ਸੀਜ਼ਨ ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਰਹੇ ਹਨ ਤੇ ਖ਼ਿਤਾਬੀ ਮੁਕਾਬਲੇ 'ਚ ਵੀ ਉਨ੍ਹਾਂ ਨੇ ਮੈਚ ਜਿਤਾਊ ਪ੍ਰਦਰਸ਼ਨ ਕਰਦੇ ਹੋਏ 2 ਵਿਕਟਾਂ ਕੱਢੀਆਂ ਸਨ ਤੇ ਬੱਲੇਬਾਜ਼ੀ ਦੌਰਾਨ ਵੀ 5 ਗੇਂਦਾਂ 'ਚ 13 ਦੌੜਾਂ ਬਣਾਈਆਂ ਸਨ ਤੇ ਜੇਤੂ ਸ਼ਾਟ ਵੀ ਉਨ੍ਹਾਂ ਦੇ ਬੱਲੇ ਤੋਂ ਆਇਆ ਸੀ, ਜਿਸ ਨਾਲ ਕੋਲਕਾਤਾ 2012 ਤੋਂ ਬਾਅਦ ਦੂਜੀ ਵਾਰ ਚੈਂਪੀਅਨ ਬਣੀ ਸੀ, ਜਦਕਿ ਪੰਜਾਬ ਦਾ ਪਹਿਲੀ ਵਾਰ ਚੈਂਪੀਅਨ ਬਣਨ ਦਾ ਸੁਫ਼ਨਾ ਟੁੱਟ ਗਿਆ ਸੀ।
ਦੱਸ ਦੇਈਏ ਕਿ 36 ਸਾਲਾ ਕ੍ਰਿਕਟਰ ਨੇ ਭਾਰਤ ਵੱਲੋਂ ਖੇਡਦੇ ਹੋਏ 25 ਵਨਡੇ ਮੈਚ ਖੇਡੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ 32 ਵਿਕਟਾਂ ਲਈਆਂ ਹਨ, ਜਦਕਿ 3 ਟੈਸਟਾਂ 'ਚ ਉਨ੍ਹਾਂ 7 ਤੇ 7 ਟੀ.20 ਮੈਚਾਂ 'ਚ 4 ਵਿਕਟਾਂ ਲਈਆਂ ਹਨ। ਜੇਕਰ ਆਈ.ਪੀ.ਐੱਲ. ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 192 ਮੈਚ ਖੇਡੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ 26 ਦੀ ਔਸਤ ਨਾਲ 192 ਵਿਕਟਾਂ ਲਈਆਂ ਹਨ, ਜਦਕਿ 624 ਦੌੜਾਂ ਵੀ ਬਣਾਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਕੀ ਅਜਿਹੇ ਲੀਡਰ ਹੁੰਦੇ ਹਨ ?', ਸ਼ਤਰੰਜ ਦੀ ਧਾਕੜ ਖਿਡਾਰਨ ਸੁਜ਼ਨ ਪੋਲਗਰ ਨੇ PM ਮੋਦੀ ਦੀ ਕੀਤੀ ਤਾਰੀਫ਼
NEXT STORY