ਸਪੋਰਟਸ ਡੈਸਕ- ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਸ਼ਨੀਵਾਰ ਨੂੰ ਇੰਟਰਨੈਸ਼ਨਲ ਟੈਨਿਸ ‘ਹਾਲ ਆਫ਼ ਫੇਮ’ ਵਿਚ ਸ਼ਾਮਲ ਕੀਤੇ ਜਾਣ ਦੌਰਾਨ ਭਾਵੁਕ ਹੋ ਗਏ। 20 ਗ੍ਰੈਂਡ ਸਲੈਮ ਸਿੰਗਲਜ਼ ਖ਼ਿਤਾਬ ਜਿੱਤਣ ਵਾਲੇ ਫੈਡਰਰ ਆਪਣੇ ਲੱਗਭਗ 30 ਮਿੰਟ ਦੇ ਭਾਸ਼ਣ ਦੌਰਾਨ ਕਈ ਵਾਰ ਰੋ ਪਏ। ਪਤਨੀ ਮਿਰਕਾ ਦਾ ਜ਼ਿਕਰ ਕਰਦੇ ਹੋਏ ਤਾਂ ਉਨ੍ਹਾਂ ਦੇ ਅੱਥਰੂ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਸਨ।
ਮਿਰਕਾ ਦੇ ਸਵਾਗਤੀ ਭਾਸ਼ਣ ਤੋਂ ਬਾਅਦ ਫੈਡਰਰ ਨੂੰ ਮੰਚ ’ਤੇ ਬੁਲਾਇਆ ਗਿਆ। ਉਨ੍ਹਾਂ ਮਜ਼ਾਕ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਸਮੇਂ ਰੁਮਾਲ ਅਤੇ ਧੁੱਪ ਵਾਲੀ ਐਨਕ ਦੀ ਲੋੜ ਹੈ ਪਰ ਅੱਥਰੂਆਂ ਨੂੰ ਰੋਕਣਾ ਉਨ੍ਹਾਂ ਲਈ ਮੁਸ਼ਕਿਲ ਹੋ ਰਿਹਾ ਸੀ। 45 ਸਾਲਾ ਫੈਡਰਰ ਨੇ ਮੰਚ ’ਤੇ ਆਉਂਦੇ ਹੀ ਕਿਹਾ, ‘‘ਇਹ ਬਹੁਤ ਉੱਚੇ ਪੱਧਰ ਦਾ ਹੈ ਅਤੇ ਇਸ ਤੋਂ ਬਾਅਦ ਬੋਲਣਾ ਆਸਾਨ ਨਹੀਂ ਹੋਵੇਗਾ।’’
ਇਸ ਤੋਂ ਬਾਅਦ ਉਨ੍ਹਾਂ ਮਜ਼ਾਕੀਆ ਅੰਦਾਜ਼ ਵਿਚ ਪਤਨੀ ਮਿਰਕਾ ਨੂੰ ਕਿਹਾ, ‘‘ਪਤਾ ਨਹੀਂ, ਤੁਸੀਂ ਚੁੱਪ-ਚੁਪੀਤੇ ਇਸ ਦੀ ਤਿਆਰੀ ਤਾਂ ਨਹੀਂ ਕੀਤੀ ਸੀ?’’ ਫੈਡਰਰ ਨੇ ਇਸ ਦੌਰਾਨ ਆਪਣੇ ਬਚਪਨ ਦੇ ਆਦਰਸ਼ ਸਟੀਫ਼ਨ ਐਡਬਰਗ ਅਤੇ ਲੰਬੇ ਸਮੇਂ ਤੱਕ ਉਨ੍ਹਾਂ ਦੇ ਕੋਚ ਰਹੇ ਸੇਵੇਰਿਨ ਲੂਥੀ ਨੂੰ ਯਾਦ ਕੀਤਾ। ‘ਸਵਿਸ ਮੈਸਟ੍ਰੋ’ ਦੇ ਨਾਂ ਨਾਲ ਮਸ਼ਹੂਰ ਫੈਡਰਰ ਨੇ ਆਪਣੇ ਸ਼ਾਨਦਾਰ ਕਰੀਅਰ ਵਿਚ 8 ਵਿੰਬਲਡਨ, 6 ਆਸਟ੍ਰੇਲੀਅਨ ਓਪਨ ਅਤੇ ਇਕ ਫ੍ਰੈਂਚ ਓਪਨ ਖ਼ਿਤਾਬ ਜਿੱਤਿਆ। ਉਹ ਲਗਾਤਾਰ 237 ਹਫ਼ਤਿਆਂ ਤੱਕ ਏ.ਟੀ.ਪੀ. ਰੈਂਕਿੰਗ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਰਹੇ। ਉਹ ਕਰੀਅਰ ਗ੍ਰੈਂਡ ਸਲੈਮ ਪੂਰਾ ਕਰਨ ਵਾਲੇ ਸਿਰਫ 8 ਪੁਰਸ਼ ਖਿਡਾਰੀਆਂ ਵਿਚ ਸ਼ਾਮਲ ਹਨ।
ਉਨ੍ਹਾਂ 2004 ਤੋਂ 2008 ਤੱਕ ਲਗਾਤਾਰ 5 ਯੂ. ਐੱਸ. ਓਪਨ ਖ਼ਿਤਾਬ ਜਿੱਤੇ ਅਤੇ ਲਗਾਤਾਰ 10 ਗ੍ਰੈਂਡ ਸਲੈਮ ਫਾਈਨਲ ’ਚ ਪਹੁੰਚੇ, ਜਿਨ੍ਹਾਂ ’ਚੋਂ 8 ਵਿਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ। ਫੈਡਰਰ ‘ਹਾਲ ਆਫ਼ ਫੇਮ’ ਵਿਚ ਸ਼ਾਮਲ ਹੋਣ ਵਾਲੇ 272ਵੇਂ ਮੈਂਬਰ ਬਣੇ। ਉਨ੍ਹਾਂ ਕਿਹਾ, ‘‘ਟੈਨਿਸ ਦੇ ਇਤਿਹਾਸ ਵਿਚ ਖ਼ੁਦ ਨੂੰ ਇਸ ਸਥਾਨ ’ਤੇ ਦੇਖਣਾ ਮੇਰੇ ਲਈ ਬਹੁਤ ਖ਼ਾਸ ਹੈ। ਇਸ ਖੇਡ ਦੀ ਅਮੀਰ ਵਿਰਾਸਤ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ।’’
ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ
NEXT STORY