ਸਪੋਰਟਸ ਡੈਸਕ- ਬਾਰਬਾਡੋਸ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਬੇਹੱਦ ਰੋਮਾਂਚਕ ਅੰਦਾਜ਼ 'ਚ 7 ਦੌੜਾਂ ਨਾਲ ਹਰਾ ਕੇ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ। ਇਸ ਜਿੱਤ ਕਾਰਨ ਜਿੱਥੇ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਭਾਰਤੀ ਟੀਮ ਦੇ ਫੈਨਜ਼ ਲਈ ਇਕ ਭਾਵੁਕ ਕਰਨ ਵਾਲੀ ਵੀ ਖ਼ਬਰ ਸਾਹਮਣੇ ਆ ਰਹੀ ਹੈ।
ਵਿਸ਼ਵ ਕੱਪ ਫਾਈਨਲ ਮੁਕਾਬਲੇ 'ਚ ਜਿੱਤ ਦਰਜ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਰਾਟ ਕੋਹਲੀ ਨੇ ਮੈਚ ਜਿੱਤਣ ਤੋਂ ਬਾਅਦ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈੱਟ 'ਚੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਸ ਨੇ ਪੋਸਟ ਮੈਚ ਪ੍ਰੈਜ਼ਨਟੇਸ਼ਨ 'ਚ ਕਿਹਾ ਸੀ ਕਿ ਇਹ ਉਸ ਦਾ ਆਖ਼ਰੀ ਟੀ-20 ਮੁਕਾਬਲਾ ਹੈ।
ਉਸ ਨੇ ਕਿਹਾ, ''ਫਾਈਨਲ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ, 'ਇਹ ਮੇਰਾ ਆਖਰੀ ਟੀ-20 ਵਿਸ਼ਵ ਕੱਪ ਸੀ, ਇਹ ਉਹੀ ਸੀ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ। ਇੱਕ ਦਿਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੌੜਾਂ ਨਹੀਂ ਬਣਾ ਸਕਦੇ ਅਤੇ ਇਹ ਸਿਰਫ਼ ਇੱਕ ਮੌਕਾ ਬਣ ਜਾਂਦਾ ਹੈ, ਹੁਣ ਜਾਂ ਕਦੇ ਨਹੀਂ ਵਰਗੀ ਸਥਿਤੀ। ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਉਸ ਕੱਪ ਨੂੰ ਆਪਣੇ ਹੱਥਾਂ 'ਚ ਚੁੱਕਣਾ ਚਾਹੁੰਦੇ ਸੀ, ਜੋ ਸੱਚ ਹੋ ਗਿਆ ਹੈ।''
ਉਸ ਦੇ ਸੰਨਿਆਸ ਦੀ ਖ਼ਬਰ ਦੇ ਝਟਕੇ 'ਚੋਂ ਹਾਲੇ ਪ੍ਰਸ਼ੰਸਕ ਨਿਕਲੇ ਵੀ ਨਹੀਂ ਸੀ ਕਿ ਕੁਝ ਦੇਰ ਬਾਅਦ ਹੀ ਇਕ ਹੋਰ ਖ਼ਬਰ ਸਾਹਮਣੇ ਆ ਗਈ, ਜਿਸ ਨੇ ਲੱਖਾਂ-ਕਰੋੜਾਂ ਪ੍ਰਸ਼ੰਸਕਾਂ ਦੇ ਦਿਲ ਗ਼ਮਗ਼ੀਨ ਕਰ ਦਿੱਤੇ ਹਨ। ਅਸਲ 'ਚ ਕੋਹਲੀ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।
ਉਸ ਨੇ ਕਿਹਾ, ''ਅਲਵਿਦਾ ਕਹਿਣ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ। ਇਹ ਮੇਰਾ ਆਖ਼ਰੀ ਮੁਕਾਬਲਾ ਸੀ, ਮੈਂ ਇਸ ਫਾਰਮੈੱਟ 'ਚ ਬਹੁਤ ਇੰਜੁਆਏ ਕੀਤਾ ਹੈ। ਮੈਨੂੰ ਇਸ ਦੌਰਾਨ ਮੈਦਾਨ 'ਤੇ ਬਿਤਾਇਆ ਇਕ-ਇਕ ਪਲ ਬਹੁਤ ਹੀ ਪਿਆਰਾ ਹੈ। ਮੈਂ ਬਸ ਇਹੀ ਚਾਹੁੰਦਾ ਸੀ। ਮੈਂ ਕੱਪ ਜਿੱਤਣਾ ਚਾਹੁੰਦਾ ਸੀ।'' ਇਸ ਤੋਂ ਬਾਅਦ ਉਹ ਭਾਵੁਕ ਹੁੰਦੇ ਹੋਏ ਅੱਗੇ ਵਧ ਗਏ।
ਜ਼ਿਕਰਯੋਗ ਹੈ ਕਿ ਰੋਹਿਤ 2007 ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਵੀ ਹਿੱਸਾ ਰਹੇ ਹਨ। ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ 'ਚ ਰਹਿੰਦਿਆਂ ਆਪਣਾ ਪਹਿਲਾ ਟੀ-20 ਵਿਸ਼ਵ ਕੱਪ ਵੀ ਜਿੱਤਿਆ ਸੀ ਤੇ ਆਖ਼ਰੀ ਵੀ। ਹਾਲਾਂਕਿ ਉਹ ਦੇਸ਼ ਲਈ ਵਨਡੇ ਤੇ ਟੈਸਟ ਕ੍ਰਿਕਟ ਦਾ ਹਿੱਸਾ ਰਹਿਣਗੇ।
ਆਓ ਮਾਰਦੇ ਹਾਂ ਰੋਹਿਤ ਸ਼ਰਮਾ ਦੇ ਟੀ-20 ਕਰੀਅਰ 'ਤੇ ਇਕ ਝਾਤ-
ਮੈਚ- 159
ਦੌੜਾਂ- 4231
ਔਸਤ- 32.05
ਸਟ੍ਰਾਈਕ ਰੇਟ- 140.89
ਸੈਂਕੜੇ- 5
ਅਰਧ ਸੈਂਕੜੇ- 32
ਚੌਕੇ- 383
ਛੱਕੇ- 205
ਸਰਵਉੱਚ ਸਕੋਰ- 121*
ਰੋਹਿਤ ਸ਼ਰਮਾ ਆਪਣੇ ਹਮਲਾਵਰ ਰੁਖ਼ ਕਾਰਨ ਪੂਰੀ ਦੁਨੀਆ 'ਚ ਮਸ਼ਹੂਰ ਹੈ ਤੇ ਉਸ ਦੀ ਗਿਣਤੀ ਦੁਨੀਆ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ਾਂ 'ਚ ਕੀਤੀ ਜਾਂਦੀ ਹੈ। ਉਸ ਦੇ ਸੰਨਿਆਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਲਈ ਇਸ ਛੋਟੇ ਫਾਰਮੈੱਟ 'ਚ ਉਨ੍ਹਾਂ ਦੀ ਕਮੀ ਪੂਰੀ ਕਰ ਸਕਣਾ ਬਹੁਤ ਔਖਾ ਰਹੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਰਲਡ ਚੈਂਪੀਅਨ ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਜਾਣੋ ਦੱਖਣੀ ਅਫਰੀਕਾ ਨੂੰ ਮਿਲੇ ਕਿੰਨੇ ਰੁਪਏ
NEXT STORY