ਮੁਲਤਾਨ (ਪਾਕਿਸਤਾਨ)– ਜੋ ਰੂਟ ਦੇ 35ਵੇਂ ਸੈਂਕੜੇ ਤੇ ਹੈਰੀ ਬਰੂਕ ਦੇ ਅਜੇਤੂ ਸੈਂਕੜੇ ਨਾਲ ਇੰਗਲੈਂਡ ਨੇ ਬੁੱਧਵਾਰ ਨੂੰ ਇੱਥੇ ਪਾਕਿਸਤਾਨ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸਟੰਪ ਤੱਕ 3 ਵਿਕਟਾਂ ਗੁਆਕੇ 492 ਦੌੜਾਂ ਬਣਾ ਲਈਆਂ। ਰੂਟ ਇਸ ਦੌਰਾਨ ਐਲਿਸਟੀਅਰ ਕੁੱਕ ਨੂੰ ਪਛਾੜ ਕੇ ਇੰਗਲੈਂਡ ਲਈ ਟੈਸਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ। ਉਹ 176 ਦੌੜਾਂ ਬਣਾ ਕੇ ਖੇਡ ਰਿਹਾ ਹੈ। ਯਾਰਕਸ਼ਾਇਰ ਦਾ ਉਸਦਾ ਸਾਥੀ ਹੈਰੀ ਬਰੂਕ 173 ਗੇਂਦਾਂ ’ਚ ਅਜੇਤੂ 141 ਦੌੜਾਂ ਬਣਾ ਚੁੱਕਾ ਹੈ। ਇਹ ਦੋਵੇਂ ਅਜੇ ਤੱਕ 24 ਬਾਊਂਡਰੀਆਂ ਲਾ ਕੇ ਅਜੇਤੂ 243 ਦੌੜਾਂ ਦੀ ਸਾਂਝੇਦਾਰੀ ਕਰ ਚੁੱਕੇ ਹਨ ਤੇ ਦੋਵਾਂ ਨੇ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ।
ਇੰਗਲੈਂਡ ਦੀ ਟੀਮ ਆਪਣੀ ‘ਬੈਜ਼ਬਾਲ’ ਹਮਲਾਵਰ ਬੱਲੇਬਾਜ਼ੀ ਦੀ ਬਦੌਲਤ ਸਾਢੇ 3 ਸੈਸ਼ਨਾਂ ਤੱਕ ਬੱਲੇਬਾਜ਼ੀ ਕਰਦੇ ਹੋਏ ਹੁਣ ਪਾਕਿਸਤਾਨ ਤੋਂ 64 ਦੌੜਾਂ ਨਾਲ ਪਿੱਛੜ ਰਹੀ ਹੈ। ਘਰੇਲੂ ਟੀਮ ਨੇ ਸਾਢੇ 5 ਸੈਸ਼ਨਾਂ ਵਿਚ 556 ਦੌੜਾਂ ਬਣਾਈਆਂ ਸਨ। ਰੂਟ ਨੇ 32 ਦੌੜਾਂ ਤੋਂ ਖੇਡਦੇ ਹੋਏ ਤੇਜ਼ ਗਰਮੀ ਵਿਚ ਪੂਰੇ ਦਿਨ ਬੱਲੇਬਾਜ਼ੀ ਕੀਤੀ। ਉਸ ਨੇ ਬੇਨ ਡਕੇਟ (84) ਤੇ ਜੈਕ ਕਰਾਊਲੀ (78) ਨਾਲ ਦੋ ਹੋਰ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤੀਆਂ। ਪਹਿਲੇ ਦੋ ਸੈਸ਼ਨਾਂ ਵਿਚ ਡਕੇਟ ਤੇ ਕਰਾਊਲੀ ਦੀਆਂ ਵਿਕਟਾਂ ਡਿੱਗੀਆਂ। ਪਾਕਿਸਤਾਨ ਦੇ ਨਸੀਮ ਸ਼ਾਹ (87 ਦੌੜਾਂ ’ਤੇ 1 ਵਿਕਟ) ਤੇ ਸ਼ਾਹੀਨ ਸ਼ਾਹ ਅਫਰੀਦੀ (88 ਦੌੜਾਂ ਦੇ ਕੇ 1 ਵਿਕਟ) ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਰਹੇ। ਉਨ੍ਹਾਂ ਨੂੰ ਪੁਰਾਣੀ ਗੇਂਦ ਨਾਲ ਕੋਈ ਰਿਵਰਸ ਸਵਿੰਗ ਨਹੀਂ ਮਿਲੀ। ਲੈੱਗ ਸਪਿਨਰ ਅਬਰਾਰ ਅਹਿਮਦ ਨੂੰ ਵੀ ਕੋਈ ਟਰਨ ਨਹੀਂ ਮਿਲ ਸਕੀ ਤੇ ਉਸ ਨੇ ਆਪਣੇ 35 ਓਵਰਾਂ ਵਿਚ 174 ਦੌੜਾਂ ਦਿੱਤੀਆਂ ਪਰ ਕੋਈ ਵਿਕਟ ਨਹੀਂ ਕੱਢ ਸਕਿਆ।
ਰੂਟ ਤੀਜੇ ਦਿਨ 71 ਦੌੜਾਂ ਬਣਾਉਂਦੇ ਹੀ ਕੁੱਕ ਦਾ ਰਿਕਾਰਡ ਤੋੜ ਕੇ ਕ੍ਰਿਕਟ ਦੇ ਸਭ ਤੋਂ ਲੰਬੇ ਰੂਪ ਵਿਚ ਇੰਗਲੈਂਡ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ। ਉਸ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ 1 ਚੌਕਾ ਲਾ ਕੇ 71 ਦੌੜਾਂ ’ਤੇ ਪਹੁੰਚਦੇ ਹੀ ਸੰਨਿਆਸ ਲੈ ਚੁੱਕੇ ਕੁੱਕ ਦੀਆਂ 12,472 ਦੌੜਾਂ ਨੂੰ ਪਛਾੜ ਦਿੱਤਾ। ਇਸ ਤਰ੍ਹਾਂ 33 ਸਾਲਾ ਰੂਟ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕ੍ਰਿਕਟਰਾਂ ਦੀ ਸੂਚੀ ਵਿਚ ਭਾਰਤੀ ਸਟਾਰ ਸਚਿਨ ਤੇਂਦੁਲਕਰ (15,921), ਆਸਟ੍ਰੇਲੀਆ ਦੇ ਰਿਕੀ ਪੋਂਟਿੰਗ (13,378), ਦੱਖਣੀ ਅਫਰੀਕਾ ਦੇ ਜੈਕ ਕੈਲਿਸ (13,289) ਤੇ ਭਾਰਤ ਦੇ ਰਾਹੁਲ ਦ੍ਰਾਵਿੜ (13,288) ਤੋਂ ਬਾਅਦ 5ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰੂਟ ਤੋਂ ਉੱਪਰ ਸਾਰੇ ਚਾਰੇ ਖਿਡਾਰੀ ਸੰਨਿਆਸ ਲੈ ਚੁੱਕੇ ਹਨ।
ਰਤਨ ਟਾਟਾ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਇਕੱਠੇ ਹੋਏ ਲੋਕ; ਸਚਿਨ ਤੇਂਦੁਲਕਰ ਵੀ ਪਹੁੰਚੇ
NEXT STORY