ਲੰਡਨ–ਤਜਰਬੇਕਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਵਨ ਡੇ ਵਿਚ ਇੰਗਲੈਂਡ ਹੱਥੋਂ ਮਿਲੀ ਹਾਰ ਤੋਂ ਬਾਅਦ ਸਵੀਕਾਰ ਕੀਤਾ ਕਿ ਭਾਰਤੀ ਖਿਡਾਰਨਾਂ ਲਾਰਡਸ ਮੈਦਾਨ ਦੇ ਮੁਸ਼ਕਿਲ ਹਾਲਾਤ ਦੇ ਅਨੁਕੂਲ ਨਹੀਂ ਢਲ ਸਕੀਆਂ। ਭਾਰਤ ਨੇ ਸਾਊਥੰਪਟਨ ਵਿਚ ਖੇਡੇ ਗਏ ਪਹਿਲੇ ਮੈਚ ਵਿਚ 4 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ ਪਰ ਸ਼ਨੀਵਾਰ ਨੂੰ ਲਾਰਡਸ ਵਿਚ ਖੇਡੇ ਗਏ ਮੀਂਹ ਪ੍ਰਭਾਵਿਤ ਮੁਕਾਬਲੇ ਵਿਚ ਉਸ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਪ ਕਪਤਾਨ ਮੰਧਾਨਾ (42) ਤੇ ਦੀਪਤੀ ਸ਼ਰਮਾ (ਅਜੇਤੂ 30) ਨੂੰ ਛੱਡ ਕੇ ਕੋਈ ਵੀ ਭਾਰਤੀ ਬੱਲੇਬਾਜ਼ ਇੰਗਲੈਂਡ ਦੀਆਂ ਗੇਂਦਬਾਜ਼ਾਂ ਦੇ ਸਾਹਮਣੇ ਚੁਣੌਤੀ ਪੇਸ਼ ਕਰਨ ਵਿਚ ਅਸਫਲ ਰਹੀਆਂ। ਭਾਰਤੀ ਟੀਮ 29 ਓਵਰਾਂ ਵਿਚ 8 ਵਿਕਟਾਂ ’ਤੇ 143 ਦੌੜਾਂ ਹੀ ਬਣਾ ਸਕੀ।
ਮੰਧਾਨਾ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਬੱਲੇਬਾਜ਼ੀ ਇਕਾਈ ਦੇ ਤੌਰ ’ਤੇ ਅਸੀਂ ਹਾਲਾਤ ਦੇ ਅਨੁਕੂਲ ਜਲਦੀ ਨਹੀਂ ਢਲ ਸਕੇ। ਅਸੀਂ ਕੁਝ ਅਜਿਹੀਆਂ ਸ਼ਾਟਾਂ ਖੇਡਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਲਾਰਡਸ ਵਰਗੀ ਪਿੱਚ ’ਤੇ ਸ਼ਾਇਦ ਆਸਾਨ ਨਹੀਂ ਸੀ।’’ ਮੰਧਾਨਾ ਨੇ ਸਵੀਕਾਰ ਕੀਤਾ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਕਾਰਨ ਲੰਬੀ ਬ੍ਰੇਕ ਨਾਲ ਖਿਡਾਰੀਆਂ ਦੀ ਇਕਾਗਰਤਾ ਪ੍ਰਭਾਵਿਤ ਹੋਈ। ਉਸ ਨੇ ਕਿਹਾ, ‘‘ਮੀਂਹ ਪ੍ਰਭਾਵਿਤ ਮੈਚ ਵਿਚ ਧਿਆਨ ਕੇਂਦ੍ਰਿਤ ਕਰਨਾ ਹਮੇਸ਼ਾ ਬਹੁਤ ਮੁਸ਼ਕਿਲ ਹੁੰਦਾ ਹੈ। ਸਾਨੂੰ ਮੈਚ ਸ਼ੁਰੂ ਹੋਣ ਲਈ ਲੰਬਾ ਇੰਤਜ਼ਾਰ ਕਰਨਾ ਪਿਆ। ਇਸ ਤਰ੍ਹਾਂ ਦੇ ਮੈਚਾਂ ਵਿਚ ਟਾਸ ਜੇਕਰ ਤੁਹਾਡੇ ਪੱਖ ਵਿਚ ਨਹੀਂ ਰਿਹਾ ਤਾਂ ਮੁਸ਼ਕਿਲਾਂ ਹੋਰ ਵੱਧ ਜਾਂਦੀਆਂ ਹਨ। ਇਹ ਸਾਡੇ ਸਾਰਿਆਂ ਲਈ ਇਕ ਸਖਤ ਚੁਣੌਤੀ ਸੀ। ਅਸੀਂ ਕੁਝ ਪਹਿਲੂਆਂ ’ਤੇ ਹੋਰ ਬਿਹਤਰ ਕਰ ਸਕਦੇ ਸੀ।’’
ਇਸ ਖੱਬੂ ਬੱਲੇਬਾਜ਼ ਨੇ ਕਿਹਾ ਕਿ ਲਾਰਡਸ ਵਿਚ ਦੌੜਾਂ ਬਣਾਉਣਾ ਹਮੇਸ਼ਾ ਮੁਸ਼ਕਿਲ ਕੰਮ ਹੁੰਦਾ ਹੈ ਤੇ ਉਸਦੀ ਟੀਮ ਕੁਝ ਮਹੱਤਵਪੂਰਨ ਸਬਕ ਲੈ ਕੇ ਵਾਪਸ ਪਰਤੇਗੀ।’’ ਉਸ ਨੇ ਕਿਹਾ, ‘‘ਕਈ ਖਿਡਾਰੀਆਂ ਨੂੰ ਲਾਰਡਸ ਵਿਚ ਪਹਿਲੀ ਵਾਰ ਖੇਡਣ ਦਾ ਮੌਕਾ ਮਿਲਿਆ। ਉਤਸ਼ਾਹ ਕਾਫੀ ਜ਼ਿਆਦਾ ਸੀ। ਇਸ ਲਈ ਮੈਨੂੰ ਯਕੀਨ ਹੈ ਕਿ ਬਹੁਤ ਸਾਰੀਆਂ ਖਿਡਾਰਨਾਂ ਨੇ ਕਾਫੀ ਕੁਝ ਸਿੱਖਿਆ ਹੋਵੇਗਾ।’’ਭਾਰਤ ਨੂੰ 2017 ਵਿਚ ਇਸ ਮੈਦਾਨ ’ਤੇ ਇੰਗਲੈਂਡ ਹੱਥੋਂ ਵਿਸ਼ਵ ਕੱਪ ਫਾਈਨਲ ਵਿਚ ਹਾਰ ਮਿਲੀ ਸੀ।
ICC ਦਾ ਵੱਡਾ ਫੈਸਲਾ : ਇੰਗਲੈਂਡ ਹੀ ਕਰੇਗਾ ਅਗਲੇ ਤਿੰਨ WTC ਫਾਈਨਲ ਦੀ ਮੇਜ਼ਬਾਨੀ
NEXT STORY