ਦੁਬਈ, (ਭਾਸ਼ਾ)– 8ਵੀਂ ਵਾਰ ਫਾਈਨਲ ਵਿਚ ਪ੍ਰਵੇਸ਼ ਦੀ ਕੋਸ਼ਿਸ਼ ਵਿਚ ਰੁੱਝੀ ਆਸਟ੍ਰੇਲੀਅਨ ਟੀਮ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਵੀਰਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਉਤਰੇਗੀ ਤਾਂ ਉਸਦਾ ਪੱਲੜਾ ਭਾਰੀ ਰਹੇਗਾ। ਆਸਟ੍ਰੇਲੀਆ 2009 ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ਵਿਚ ਸਾਰੇ ਨੌ ਸੈਸ਼ਨਾਂ ਵਿਚ ਸੈਮੀਫਾਈਨਲ ਖੇਡ ਚੁੱਕੀ ਹੈ। 6 ਵਾਰ ਦੀ ਚੈਂਪੀਅਨ ਟੀਮ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਦੋਵਾਂ ਵਿਚਾਲੇ 2023 ਸੈਸ਼ਨ ਦਾ ਫਾਈਨਲ ਖੇਡਿਆ ਗਿਆ ਸੀ, ਜਿਸ ਵਿਚ ਆਸਟ੍ਰੇਲੀਆ ਨੇ 19 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਅਫਰੀਕਾ ਟੀਮ ਆਸਟ੍ਰੇਲੀਆ ਦੇ ਅੱਗੇ ਕਿਤੇ ਨਹੀਂ ਠਹਿਰਦੀ। ਆਸਟ੍ਰੇਲੀਆ ਨੇ ਉਸਦੇ ਵਿਰੁੱਧ 10 ਮਹਿਲਾ ਟੀ-20 ਮੈਚਾਂ ਵਿਚੋਂ 9 ਜਿੱਤੇ ਹਨ ਜਦਕਿ ਦੱਖਣੀ ਅਫਰੀਕਾ ਨੇ ਇਕਲੌਤੀ ਜਿੱਤ ਜਨਵਰੀ ਵਿਚ ਦਰਜ ਕੀਤੀ ਸੀ।
ਮਹਿਲਾ ਟੀ-20 ਵਿਸ਼ਵ ਕੱਪ ਵਿਚ ਆਸਟ੍ਰੇਲੀਆ ਨੇ ਉਸਦੇ ਵਿਰੁੱਧ ਸੱਤੇ ਮੁਕਾਬਲੇ ਜਿੱਤੇ ਹਨ। ਮੌਜੂਦਾ ਆਸਟ੍ਰੇਲੀਆ ਟੀਮ ਦਾ ਕੋਰ ਗਰੁੱਪ ਸਾਲਾਂ ਤੋਂ ਇਕੱਠੇ ਖੇਡ ਰਿਹਾ ਹੈ, ਸਿਰਫ ਮੇਗ ਲੈਨਿੰਗ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਹੈ। ਬਾਕੀ ਸਾਰੀਆਂ 10 ਖਿਡਾਰਨਾਂ ਨੇ 2023 ਦਾ ਫਾਈਨਲ ਖੇਡਿਆ ਸੀ।
ਐਲਿਸਾ ਹੀਲੀ, ਬੇਥ ਮੂਨੀ, ਐਲਿਸਾ ਪੈਰੀ, ਮੇਗਨ ਸ਼ੱਟ, ਐਸ਼ਲੇ ਗਾਰਡਨਰ ਦੇ ਪ੍ਰਦਰਸ਼ਨ ’ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਦੁਬਈ ਦੀ ਹੌਲੀ ਵਿਕਟ ’ਤੇ ਆਸਟ੍ਰੇਲੀਆ ਦੀ ਤਾਕਤ ਉਸਦੀ ਬੱਲੇਬਾਜ਼ੀ ਦੀ ਗਹਿਰਾਈ ਸਾਬਤ ਹੋਈ ਹੈ। ਫੋਬੇ ਲਿਚਫੀਲਡ ਤੇ ਅਨਾਬੇਲ ਸਦਰਲੈਂਡ ਹਮਲਾਵਰ ਬੱਲੇਬਾਜ਼ੀ ਵਿਚ ਮਾਹਿਰ ਹਨ।
ਦੱਖਣੀ ਅਫਰੀਕਾ ਦੀ ਤਾਕਤ ਉਸਦੀ ਸਪਿਨਰ ਨੋਂਕੁਲੁਲੇਕੋ ਐਮਲਾਬਾ ਹੈ ਜਿਹੜੀ ਹੁਣ ਤੱਕ 4 ਗਰੁੱਪ ਲੀਗ ਮੈਚਾਂ ਵਿਚ 10 ਵਿਕਟਾਂ ਲੈ ਚੁੱਕੀ ਹੈ। ਕਪਤਾਨ ਲੌਰਾ ਵੋਲਵਾਰਟ, ਸਲਾਮੀ ਬੱਲੇਬਾਜ਼ ਤਜਨੀਮ ਬ੍ਰਿਟਜ ਤੇ ਤਜਰਬੇਕਾਰ ਮਿਆਨੋ ਕਾਪ ਸਾਰੀਆਂ ਮੈਚ ਜੇਤੂ ਹਨ ਪਰ ਇਸ ਵਾਰ ਸਾਹਮਣਾ ਹੀਲੀਐਂਡ ਕੰਪਨੀ ਨਾਲ ਹੈ ਤੇ ਦੱਖਣੀ ਅਫਰੀਕੀ ਖੇਮਾ ਦੁਆ ਕਰ ਰਿਹਾ ਹੋਵੇਗਾ ਕਿ ਇਸ ਵਾਰ ਉਹ ਸਾਰੀਆਂ ਮਿਥਕ ਤੋੜ੍ਹ ਕੇ ਜਿੱਤ ਦਰਜ ਕਰਨਗੀਆਂ।
ਭਾਰਤ ਦੇ ਬਿਨਾਂ ਚੈਂਪੀਅਨਜ਼ ਟਰਾਫੀ ਕਰਵਾਉਣ ਦਾ ਬਦਲ ਨਹੀਂ : ਥਾਂਪਸਨ
NEXT STORY