ਖੇਡ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਮਹਿਲਾ ਵਿਸ਼ਵ ਕੱਪ 2022 ਦੇ ਮੁਕਾਬਲੇ 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ 62 ਦੌੜਾਂ ਨਾਲ ਹਾਰ ਝਲਣੀ ਪਈ ਹੈ। ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ ਸੈਦਰਵੇਟ ਦੇ 75, ਅਮੇਲੀਆ ਕਰਰ ਦੀਆਂ 50 ਦੌੜਾਂ ਦੀ ਬਦੌਲਤ 50 ਓਵਰਾਂ 'ਚ 9 ਵਿਕਟਾਂ 'ਤੇ 260 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤੀ ਟੀਮ ਸਿਰਫ਼ 198 ਦੌੜਾਂ 'ਤੇ ਆਲਆਊਟ ਹੋ ਗਈ। ਭਾਰਤ ਵਲੋਂ ਹਰਮਨਪ੍ਰੀਤ ਕੌਰ ਨੇ 63 ਗੇਂਦਾਂ 'ਚ 71 ਦੌੜਾਂ ਜ਼ਰੂਰ ਬਣਾਈਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ।
ਇਹ ਵੀ ਪੜ੍ਹੋ : ਐੱਸ. ਐੱਲ. ਨਾਰਾਇਣਨ ਨੇ ਜਿੱਤਿਆ ਕਾਟੋਲਿਕਾ ਕੌਮਾਂਤਰੀ ਸ਼ਤਰੰਜ ਦਾ ਖ਼ਿਤਾਬ
ਪਹਿਲਾਂ ਖੇਡਦੇ ਹੋਏ ਨਿਊਜ਼ੀਲੈਂਡ ਦੀ ਸ਼ੁਰੂਆਤ ਬਹੁਤ ਖ਼ਰਬ ਰਹੀ। ਓਪਨਰ ਸੂਜੀ ਬੇਟਸ ਸਿਰਫ਼ 5 ਦੌੜਾਂ ਬਣਾ ਪਵੇਲੀਅਨ ਪਰਤ ਗਈ ਜਦਕਿ ਕਪਤਾਨ ਸੋਫੀਆ ਡਿਵਾਈਨ ਨੇ 30 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 35 ਦੌੜਾਂ ਬਣਾ ਕੇ ਟੀਮ ਨੂੰ ਇਸ ਝਟਕੇ ਤੋਂ ਤੇਜ਼ੀ ਨਾਲ ਉਭਾਰਿਆ। ਅਮੇਲੀਆ ਕਰਰ ਨੇ 64 ਗੇਂਦਾਂ 'ਚ 50 ਤਾਂ ਸੈਦਰਵੈਟ ਨੇ 84 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ। ਮੱਧ ਕ੍ਰਮ 'ਚ ਮੈਡੀ ਗ੍ਰੀਨ 27 ਤਾਂ ਕੈਟੀ ਮਾਰਟਿਨ ਨੇ 51 ਗੇਂਦਾਂ 'ਚ 41 ਦੌੜਾਂ ਬਣਾ ਕੇ ਆਪਣੀ ਟੀਮ ਨੂੰ 260 ਦੌੜਾਂ ਤਕ ਪਹੁੰਚਾਉਣ 'ਚ ਮਦਦ ਕੀਤੀ।
ਜਵਾਬ 'ਚ ਖੇਡਣ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵੀ ਖ਼ਰਾਬ ਰਹੀ। ਸ਼ੈਫਾਲੀ ਵਰਮਾ ਨੂੰ ਇਸ ਮੈਚ 'ਚ ਡਰਾਪ ਕੀਤਾ ਗਿਆ ਸੀ ਪਰ ਇਸ ਵਾਰ ਸਮ੍ਰਿਤੀ ਮੰਧਾਨਾ ਤੇ ਦੀਪਤੀ ਸ਼ਰਮਾ ਵੱਡੀਆਂ ਪਾਰੀਆਂ ਨਹੀਂ ਖੇਡ ਸਕੀਆਂ। ਸਮ੍ਰਿਤੀ ਨੇ 6 ਤਾਂ ਦੀਪਤੀ ਨੇ 5 ਦੌੜਾਂ ਬਣਾਈਆਂ। ਯਸਤਿਕਾ ਭਾਟੀਆ ਨੇ 28 ਤਾਂ ਕਪਤਾਨ ਮਿਤਾਲੀ ਰਾਜ ਨੇ 56 ਗੇਂਦਾਂ 'ਚ ਇਕ ਚੌਕੇ ਦੀ ਮਦਦ ਨਾਲ 31 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਮਰੇ ਨੇ ਯੂਕ੍ਰੇਨੀ ਬੱਚਿਆਂ ਦੀ ਮਦਦ ਲਈ ਇਨਾਮੀ ਰਾਸ਼ੀ ਦਾਨ ਕਰਨ ਦਾ ਕੀਤਾ ਐਲਾਨ
ਟੀਮ ਇੰਡੀਆ ਨੇ 25 ਓਵਰਾਂ 'ਚ ਸਿਰਫ਼ 75 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਹਰਮਨਪ੍ਰੀਤ ਨੇ ਸਕੋਰ ਨੂੰ ਰਫ਼ਤਾਰ ਦਿੱਤੀ। ਹਰਮਨਪ੍ਰੀਤ ਨੇ 63 ਗੇਂਦਾਂ 'ਚ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ, ਜਦਕਿ ਸਨੇਹ ਰਾਣਾ ਨੇ 18, ਝੂਲਨ ਗੋਸਵਾਮੀ ਨੇ 15 ਤਾਂ ਮੇਘਨਾ ਸਿੰਘ ਨੇ 12 ਦੌੜਾਂ ਬਣਾਈਆਂ ਪਰ ਟੀਮ ਇੰਡੀਆ 198 ਦੌੜਾਂ 'ਤੇ ਹੀ ਸਿਮਟ ਗਈ। ਭਾਰਤ ਨੇ ਵਿਸ਼ਵ ਕੱਪ 'ਚ ਪਹਿਲਾ ਮੁਕਾਬਲਾ ਪਾਕਿਸਤਾਨ ਦੇ ਖ਼ਿਲਾਫ਼ ਖੇਡਿਆ ਸੀ ਜਿਸ 'ਚ ਉਸ ਨੂੰ ਜਿੱਤ ਮਿਲੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਐੱਸ. ਐੱਲ. ਨਾਰਾਇਣਨ ਨੇ ਜਿੱਤਿਆ ਕਾਟੋਲਿਕਾ ਕੌਮਾਂਤਰੀ ਸ਼ਤਰੰਜ ਦਾ ਖ਼ਿਤਾਬ
NEXT STORY