ਜਲੰਧਰ (ਬਿਊਰੋ) - ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਮੈਂਟਲ ਹੈਲਥ 'ਤੇ ਧਿਆਨ ਦੇਣ ਲਈ ਸੋਸ਼ਲ ਮੀਡੀਆ 'ਤੇ ਬਹੁਤ ਚਰਚਾਵਾਂ ਹੋ ਰਹੀਆਂ ਹਨ, ਜੋ ਕਿ ਇੱਕ ਗੰਭੀਰ ਮੁੱਦਾ ਹੈ। ਇਸ 'ਤੇ ਗੌਰ ਵੀ ਕਰਨਾ ਚਾਹੀਦੈ ਹੈ ਪਰ ਹਾਲਾਤ ਇਹ ਹਨ ਕਿ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਲ 2019 ਦੇ ਦਸੰਬਰ ਮਹੀਨੇ ਸਾਇੰਸ ਜਨਰਲ "ਦਾ ਲੈਂਸੇਟ" ਦੀ ਇੱਕ ਰਿਪੋਰਟ ਮੁਤਾਬਕ ਦੇਸ਼ 'ਚ 2017 ਤੱਕ 19 ਕਰੋੜ 73 ਲੱਖ ਲੋਕ ਕਿਸੇ ਨਾ ਕਿਸੇ ਮਾਨਸਿਕ ਬੀਮਾਰੀ ਨਾਲ ਪੀੜਤ ਹਨ, ਮਤਲਬ ਕਿ 7 ਵਿੱਚੋਂ 1 ਭਾਰਤੀ ਬੀਮਾਰ ਜ਼ਰੂਰ ਹੈ। ਇਨ੍ਹਾਂ ਵਿੱਚੋਂ 4 ਕਰੋੜ 57 ਲੱਖ ਡਿਪਰੈਸ਼ਨ ਅਤੇ 4 ਕਰੋੜ 49 ਲੱਖ ਬੰਦੇ ਕਿਸੇ ਨਾ ਕਿਸੇ ਚਿੰਤਾ ਦੇ ਸ਼ਿਕਾਰ ਹਨ।
ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਪੂਰੀ ਦੁਨੀਆ 'ਚ ਹਰ ਸਾਲ 8 ਲੱਖ ਬੰਦੇ ਮਾਨਸਿਕ ਚੁਣੌਤੀਆਂ ਨਾਲ ਜੂਝਦੇ ਹੋਏ ਖੁਦਕੁਸ਼ੀ ਕਰ ਲੈਂਦੇ ਹਨ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਬੰਦੇ ਅਜਿਹੇ ਵੀ ਹੁੰਦੇ ਹਨ, ਜੋ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਖੁਦਕੁਸ਼ੀ ਦਾ ਸਭ ਤੋਂ ਵੱਡਾ ਕਾਰਨ ਡਿਪ੍ਰੈਸ਼ਨ ਅਤੇ ਚਿੰਤਾ ਹੈ। ਡਬਲਿਊ. ਐੱਚ. ਓ. ਮੁਤਾਬਕ ਪੂਰੀ ਦੁਨੀਆ ’ਚ 26 ਕਰੋੜ ਤੋਂ ਵੱਧ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਹਨ। 15 ਤੋਂ 29 ਸਾਲ ਦੀ ਉਮਰ ਵਾਲੇ ਲੋਕਾਂ ’ਚ ਖੁਦਕੁਸ਼ੀ ਦਾ ਦੂਜਾ ਵੱਡਾ ਕਾਰਨ ਡਿਪਰੈਸ਼ਨ ਹੀ ਹੈ ।
ਦੱਸ ਦੇਈਏ ਕਿ ਦੁਨੀਆ ਭਰ ’ਚ ਸਭ ਤੋਂ ਵੱਧ ਖੁਦਕੁਸ਼ੀ ਕਰਨ ਵਾਲਾ ਦੇਸ਼ ਰੂਸ ਹੈ, ਜਿੱਥੇ ਇੱਕ ਲੱਖ ਲੋਕਾਂ ਪਿੱਛੇ 26.5 ਲੋਕ ਖੁਦਕੁਸ਼ੀ ਕਰਦੇ ਹਨ। ਰੂਸ ਤੋਂ ਬਾਅਦ ਦੂਜੇ ਨੰਬਰ ’ਤੇ ਸਭ ਤੋਂ ਵੱਧ ਖੁਦਕੁਸ਼ੀਆਂ ਕਰਨ ਵਾਲਾ ਦੇਸ਼ ਭਾਰਤ ਹੈ, ਜਿੱਥੇ ਇੱਕ ਲੱਖ ਪਿੱਛੇ 16.3 ਲੋਕ ਮਾਨਸਿਕ ਬੀਮਾਰੀਆਂ ਨਾਲ ਜੂਝਦੇ ਹੋਏ ਖ਼ੁਦਕੁਸ਼ੀ ਕਰ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਡਿਪਰੈਸ਼ਨ ਕਾਰਨ ਹਰ ਸਾਲ ਵਰਲਡ ਕਾਮਿਨੀ ਨੂੰ 1 ਟ੍ਰਿਲੀਅਨ ਡਾਲਰ ਮਤਲਬ ਕਿ 75 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਪਰ ਇਸ ਦੇ ਬਾਵਜੂਦ ਦੁਨੀਆ ਭਰ ਦੀਆਂ ਸਰਕਾਰਾਂ ਮੈਂਟਲ ਹੈਲਥ ਲਈ ਆਪਣੇ ਹੈਲਥ ਬਜਟ ਦਾ ਸਿਰਫ 2 ਫੀਸਦੀ ਹਿੱਸੇ ਤੋਂ ਵੀ ਘੱਟ ਖਰਚ ਕਰਦੀਆਂ ਹਨ।
ਭਾਰਤ ਸਰਕਾਰ ਨੇ 2018-19 ਦੇ ਬਜਟ ਵਿੱਚ ਮੈਂਟਲ ਹੈਲਥ ਲਈ 50 ਕਰੋੜ ਰੁਪਏ ਰੱਖੇ ਸਨ, ਜੋ 2019-20 'ਚ ਘੱਟ ਕੇ 40 ਕਰੋੜ ਰੁਪਏ ਰਹਿ ਗਏ। ਡਬਲਿਊ.ਐੱਚ.ਓ. ਮੁਤਾਬਕ 2017 ਵਿੱਚ ਹਰ ਭਾਰਤੀ ਦੀ ਮੈਂਟਲ ਹੈਲਥ ਲਈ ਪੂਰੇ ਸਾਲ ਵਿੱਚ ਸਿਰਫ਼ 4 ਰੁਪਏ ਹੀ ਖਰਚ ਹੁੰਦੇ ਸਨ। ਨੈਸ਼ਨਲ ਮੈਂਟਲ ਹੈਲਥ ਸਰਵੇ 2017 ਮੁਤਾਬਕ ਦੇਸ਼ ਵਿੱਚ 9 ਹਜ਼ਾਰ ਸਾਈਕੈਟਰਿਸਟ, ਮਤਲਬ ਕਿ ਮਨੋਰੋਗ ਮਾਹਿਰ ਹਨ। ਜਦਕਿ ਹਰ ਸਾਲ 700 ਸਾਈਕੈਟਰਿਸਟ ਗ੍ਰੈਜੂਏਟ ਹੁੰਦੇ ਹਨ। ਸਾਡੇ ਦੇਸ਼ 'ਚ 1 ਲੱਖ ਆਬਾਦੀ ਪਿੱਛੇ ਸਿਰਫ 0.75 ਮਨੋਰੋਗੀ ਮਾਹਿਰ ਆਉਂਦੇ ਹਨ। ਏਨੀ ਆਬਾਦੀ ਲਈ ਘੱਟ ਤੋਂ ਘੱਟ 3 ਮਾਹਿਰ ਹੋਣੇ ਜ਼ਰੂਰੀ ਹਨ। ਇਸ ਹਿਸਾਬ ਨਾਲ ਦੇਸ਼ 'ਚ 36 ਹਜ਼ਾਰ ਸਾਈਕੈਟਰਿਸਟ ਹੋਣੇ ਚਾਹੀਦੇ ਹਨ।
ਅੰਕੜਿਆਂ ਮੁਤਾਬਕ ਸਾਲ 2013 ਤੋਂ 2018 ਦੌਰਾਨ 52,526 ਲੋਕਾਂ ਨੇ ਮਾਨਸਿਕ ਬੀਮਾਰੀ ਨਾਲ ਜੂਝਦਿਆਂ ਖੁਦਕੁਸ਼ੀ ਕੀਤੀ ਹੈ। ਸਾਡੇ ਦੇਸ਼ ਵਿੱਚ ਮਾਨਸਿਕ ਰੋਗ ਨਾਲ ਜੂਝ ਰਹੇ ਬਹੁਤ ਸਾਰੇ ਬੰਦੇ ਤਾਂ ਆਪਣਾ ਇਲਾਜ ਕਰਵਾਉਣ ਹੀ ਨਹੀਂ ਜਾਂਦੇ। ਜਿਸ ਦਾ ਪਹਿਲਾਂ ਕਾਰਨ ਮਹਿੰਗਾ ਇਲਾਜ ਤੇ ਦੂਸਰਾ ਮਜ਼ਾਕ ਦੇ ਪਾਤਰ ਬਣਨਾ ਹੈ। ਇੱਕ ਅੰਦਾਜ਼ੇ ਮੁਤਾਬਕ ਜੇਕਰ ਡਿਪਰੈਸ਼ਨ ਨਾਲ ਜੂਝ ਰਿਹਾ ਬੰਦਾ ਸਾਈਕੈਟਰਿਸਟ ਕੋਲ ਜਾਂਦਾ ਹੈ ਤਾਂ ਇਕ ਵਾਰ 'ਚ 1 ਹਜ਼ਾਰ ਤੋਂ 5 ਹਜ਼ਾਰ ਰੁਪਏ ਤੱਕ ਖਰਚਾ ਹੋ ਜਾਂਦਾ ਹੈ। ਹਰ ਮਹੀਨੇ ਜੇਕਰ ਤਿੰਨ ਵਾਰ ਵੀ ਜਾਣਾ ਪਵੇ ਅਤੇ ਦਵਾਈਆਂ ਵੱਖਰੀਆਂ ਲੈਣੀਆਂ ਪੈਣ ਤਾਂ ਅਜਿਹੇ ਖਰਚੇ ਤੋਂ ਡਰਦਾ ਬੰਦਾ ਮਨੋਰੋਗ ਮਾਹਿਰ ਦੇ ਰਾਹ ਹੀ ਨਹੀਂ ਪੈਂਦਾ।
ਇਸ ਸੂਬੇ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਲੱਗੇਗਾ 10,000 ਰੁਪਏ ਤੱਕ ਜੁਰਮਾਨਾ
NEXT STORY