ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਭਾਰਤ ਦੇ ਮਹਾਨ ਚਿੰਤਕ, ਸਮਾਜ ਸੁਧਾਰਕ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ.ਅੰਬੇਡਕਰ ਸਾਹਿਬ ਦੇ 127ਵੀਂ ਜਯੰਤੀ ਸੰਬੰਧੀ ਸਮਾਗਮ ਕਰਵਾਇਆ ਗਿਆ। ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੋਸਾਇਟੀ ਦੇ ਸੁਹਿਰਦ ਯਤਨ ਸਦਕਾ ਗ੍ਰਿਫਿਥ ਯੂਨੀਵਰਸਿਟੀ ਦੇ ਨੇਥਨ ਕੈਂਪਸ ਹਾਲ ਵਿਚ ਇਕ ਉੱਚ ਪੱਧਰੀ ਵਿਚਾਰ-ਗੋਸ਼ਟੀ ਕਰਵਾਈ ਗਈ । ਇਸ ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਨਾਮਵਰ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਕਨਵੀਨਰ ਬਲਵਿੰਦਰ ਸਿੰਘ ਮੋਰੋਂ ਦੇ ਸਵਾਗਤੀ ਭਾਸ਼ਣ ਨਾਲ ਹੋਈ । ਉਪਰੰਤ ਸਤਵਿੰਦਰ ਟੀਨੂੰ ਵੱਲੋਂ ਭਾਰਤੀ ਵਿਵਸਥਾ ਵਿੱਚ ਘੱਟ ਰਹੀ ਘੱਟ ਗਿਣਤੀਆਂ ਅਤੇ ਦਲਿਤ ਵਰਗ ਦੀ ਪ੍ਰਤਿਨਿਧਤਾ ਤੇ ਚਿੰਤਾ ਪ੍ਰਗਟ ਕੀਤੀ ।
ਖੋਜਾਰਥੀ ਜੈੱਕ, ਡਾ. ਲੂਈਸ ਅਤੇ ਗ੍ਰਿਫਿਥ ਯੂਨੀਵਰਸਿਟੀ ਦੀ ਜਪਾਨੀ ਮੂਲ ਦੀ ਵਿਦਿਆਰਥਣ ਸ਼ੂਕੋ ਨੇ ਭਾਰਤੀ ਸਮਾਜਿਕ ਵਿਵਸਥਾ 'ਤੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਡਾ. ਅੰਬੇਡਕਰ ਜੀ ਬਾਰੇ ਇਕ ਕਿਤਾਬ ਦੀ ਸੰਪਾਦਨ ਵੀ ਕੀਤੀ ਗਈ।
ਸ਼ਾਇਰ ਜਸਵੰਤ ਵਾਗਲਾ ਅਤੇ ਰੁਪਿੰਦਰ ਸੋਜ਼ ਵੱਲੋਂ ਪ੍ਰਗਤੀਵਾਦੀ ਗ਼ਜ਼ਲਾਂ ਨਾਲ ਮਾਹੌਲ ਕਾਫ਼ੀ ਰੌਚਕ ਬਣਾ ਦਿੱਤਾ । ਇੰਡੋਜ਼ ਪੰਜਾਬੀ ਸਾਹਿਤ ਸਭਾ ਵੱਲੋਂ ਇਨਕਲਾਬੀ ਕਵੀ ਸਰਬਜੀਤ ਸੋਹੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸ਼ਹਿਰ ਦੇ ਨਾਮਵਰ ਬੁਲਾਰਿਆਂ ਵਿੱਚ ਜਗਦੀਪ ਸਿੰਘ ਯੈਲੋ ਕੈਬਜ਼, ਸੰਪਾਦਕ ਦਾ ਪੰਜਾਬ ਮਨਜੀਤ ਬੋਪਾਰਾਏ, ਮੈਂਬਰ ਪਾਰਲੀਮੈਂਟ ਮਿਸਟਰ ਡੰਕਨ, ਔਰਤਾਂ ਲਈ ਆਵਾਜ਼ ਉਠਾਉਣ ਵਾਲੇ ਉਮੇਸ਼ ਚੰਦਰਾ, ਨਵਦੀਪ ਸਿੰਘ ਗਰੀਨ ਪਾਰਟੀ, ਬਲਵਿੰਦਰ ਵਿਦਿਆਰਥੀ ਨੇ ਵੀ ਬਾਬਾ ਸਾਹਿਬ ਨੂੰ ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਪਹਿਰਾ ਦੇ ਕੇ ਹੀ ਭਾਰਤੀ ਸਮਾਜ ਵਿੱਚ ਉਸਾਰੂ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ । ਰਾਕੇਸ਼ ਮਹਿਮੀ ਨੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ 'ਤੇ ਵਿਚਾਰ ਪ੍ਰਗਟਾਏ।
ਇਸ ਮੌਕੇ ਭਾਰਤ ਵੱਸਦੇ ਪ੍ਰਗਤੀਵਾਦੀ ਕਵੀ ਇੰਦਰਜੀਤ ਸਿੰਘ ਕਾਜਲ ਦੀ ਪੁਸਤਕ “ਜਗਦਾ ਚਿਰਾਗ ਰੱਖੀਂ'' ਦਾ ਲੋਕ ਅਰਪਣ ਕੀਤਾ ਗਿਆ। ਪ੍ਰਧਾਨ ਅੰਕੁਸ਼ ਕਟਾਰੀਆ ਵੱਲੋਂ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਬਾਬਾ ਸਾਹਿਬ ਦਾ ਜਨਮ ਦਿਵਸ ਹਰ ਸਾਲ ਮਨਾਉਂਦੇ ਰਹਿਣ ਦੀ ਵਚਨਬੱਧਤਾ ਪ੍ਰਗਟਾਈ । ਇਸ ਮੌਕੇ ਇਕਬਾਲ ਸਿੰਘ ਧਾਮੀ, ਹਰਦੀਪ ਵਾਗਲਾ, ਦੁਪਿੰਦਰ ਸਿੰਘ, ਭੁਪਿੰਦਰ ਮੁਹਾਲੀ, ਗੁਰਸੇਵਕ ਸਿੰਘ, ਅਜੈ ਕਟਾਰੀਆ ਆਦਿ ਤੋਂ ਇਲਾਵਾ ਹੋਰ ਵੀ ਰਾਜਨੀਤਕ ਆਗੂ, ਬੁੱਧੀਜੀਵੀ ਅਤੇ ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ । ਪ੍ਰਚਲਿਤ ਰਵਾਇਤ ਦੇ ਉਲਟ ਸਾਰੇ ਸਨਮਾਨ ਚਿੰਨ੍ਹ ਇਸਤਰੀਆਂ ਕੋਲੋਂ ਦੁਆ ਕੇ ਨਵੀਂ ਸ਼ੁਰੂਆਤ ਕੀਤੀ ਗਈ । ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਰਤੀਕਾ ਅਹੀਰ ਅਤੇ ਦਲਜੀਤ ਸਿੰਘ ਨੇ ਬਾਖੂਬੀ ਨਿਭਾਈ ।
ਭਾਰਤੀ ਅੰਬੈਸਡਰ ਦੀ ਰਿਹਾਇਸ਼ 'ਤੇ ਵਿਸਾਖੀ ਮੇਲੇ ਦੇ ਰੂਪ 'ਚ ਮਨਾਈ ਗਈ
NEXT STORY