ਫਰਿਜ਼ਨੋ\ ਟੋਰਾਂਟੋ, (ਨੀਟਾ ਮਾਛੀਕੇ)— ਸਥਾਨਕ 'ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ' ਵੱਲੋਂ ਛੇਵਾਂ ਸਲਾਨਾ ਵਾਲੀਵਾਲ ਸ਼ੂਟਿੰਗ (ਪੇਂਡੂ ਰੂਰਲ ਗੇਂਮ) ਅਤੇ ਪਹਿਲਾ ਸਾਕਰ ਕੱਪ ਟੂਰਨਾਮੈਂਟ ਮਿਤੀ 31 ਮਾਰਚ ਅਤੇ 1 ਅਪ੍ਰੈਲ ਨੂੰ ਗਲੇਸ਼ੀਅਰ ਪੋਆਇੰਟ ਮਿਡਲ ਸਕੂਲ ਫਰਿਜ਼ਨੋਂ ਦੇ ਗਰਾਊਂਡਾਂ ਵਿੱਚ ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਅਮਰੀਕਾ ਅਤੇ ਕੈਨੇਡਾ ਦੇ ਖਿਡਾਰੀਆਂ ਨੇ ਹਿੱਸਾ ਲਿਆ। ਪੇਂਡੂ ਰਵਾਇਤੀ ਖੇਡਾਂ ਨੂੰ ਦਰਸਾਉਂਦੇ ਇਸ ਸ਼ਾਨਦਾਰ ਟੂਰਨਾਂਮੈਂਟ ਦਾ ਉਦਘਾਟਨ ਫਰਿਜ਼ਨੋ ਦੀ ਬਹੁ-ਪੱਖੀ ਸ਼ਖਸ਼ੀਅਤ ਅਮੋਲਕ ਸਿੰਘ ਸਿੱਧੂ (ਭੋਲਾ) ਨੇ ਕੀਤਾ । ਇਸ ਟੂਰਨਾਮੈਂਟ ਦੇ ਸਾਰੇ ਮੈਚ ਹੀ ਬੜੇ ਰੁਮਾਂਚਕ ਹੋਏ। ਇਸ ਟੂਰਨਾਮੈਂਟ ਦੌਰਾਨ ਵਾਲੀਵਾਲ ਦੇ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ, ਸਾਰੀਆਂ ਟੀਮਾਂ ਨੇ ਜੀਅ-ਜਾਨ ਲਾ ਕੇ ਜਿੱਤਣ ਦੀ ਭਾਵਨਾ ਨਾਲ ਵਾਲੀਵਾਲ ਸ਼ੂਟਿੰਗ ਦੀ ਖੇਡ ਦਰਸ਼ਕਾਂ ਨੂੰ ਵਿਖਾਈ, ਸੈਮੀ-ਫਾਇਨਲ ਮੈਚ ਵੇਖਣ ਲਈ ਦਰਸ਼ਕ ਖਚਾਖਚ ਭਰੇ ਗਰਾਊਂਡ ਵਿੱਚ ਇਕੱਲੇ-ਇਕੱਲੇ ਪੁਆਇੰਟ 'ਤੇ ਖਿਡਾਰੀਆਂ ਦਾ ਤਾੜੀਆਂ ਦੀ ਗੂੰਜ ਨਾਲ ਹੌਂਸਲਾ ਵਧਾਇਆ ਗਿਆ। ਇਹ ਮੈਚ ਟੋਰਾਂਟੋ ਵਰਸਜ਼ ਫਰਿਜ਼ਨੋ ਤੇ ਸਰੀ ਵਰਸਜ਼ ਐਬਟਸਫੋਰਡ ਦਰਮਿਆਨ ਖੇਡੇ ਗਏ। ਇਸ ਪਿੱਛੋਂ ਫ਼ਾਈਨਲ ਮੈਚ ਵੇਖਣ ਲਈ ਦਰਸ਼ਕ ਦੂਰ-ਦੁਰਾਡੇ ਤੋਂ ਪਹੁੰਚੇ ਹੋਏ ਸਨ ਅਤੇ ਇਹ ਮੈਚ ਟੋਰਾਂਟੋ ਗੋਲਡੀ ਦੀ ਟੀਮ ਅਤੇ ਨਵੀਂ ਐਬਟਸਫੋਰਡ ਦੀਆਂ ਟੀਮਾਂ ਵਿੱਚ ਖੇਡਿਆ ਗਿਆ, ਇਸ ਰੌਚਕ ਮੁਕਾਬਲੇ ਦੌਰਾਨ ਟੋਰਾਂਟੋ ਗੋਲਡੀ ਦੀ ਟੀਮ ਜੇਤੂ ਰਹੀ। ਇਸ ਮੈਚ ਦੌਰਾਨ ਗੋਲਡੀ ਟਰਾਂਟੋ ਨੇ ਸ਼ਾਨਦਾਰ ਖੇਡ ਵਿਖਾਇਆ ਤੇ ਟੂਰਨਾਮੈਂਟ ਦਾ ਬੈੱਸਟ ਪਲੇਅਰ ਐਲਾਨਿਆ ਗਿਆ।
ਇਸ ਟੂਰਨਾਮੈਂਟ ਦਾ ਬੈੱਸਟ ਸ਼ੂਟਰ ਸਤਿੰਦਰ ਫਰਿਜ਼ਨੋ ਬਣਿਆ ।ਬੈੱਸਟ ਡਿਫੈਂਡਰ ਦਾ ਖਿਤਾਬ ਵਿਨੀਪੈੱਗ ਦੀ ਟੀਮ ਦੇ ਖਿਡਾਰੀ ਦੇ ਨਾਮ ਗਿਆ। ਬੈੱਸਟ ਨਿੱਟ-ਮੈਨ ਸ਼ੁੱਭਦੀਪ ਫਰਿਜ਼ਨੋ ਨੂੰ ਚੁਣਿਆ ਗਿਆ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਵਾਲੀਬਾਲ ਦੀਆਂ ਕਰੀਬ ਬਾਰਾਂ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਅੱਠ ਟੀਮਾਂ ਕੈਨੇਡਾ ਅਤੇ ਚਾਰ ਟੀਮਾਂ ਅਮਰੀਕਾ ਦੇ ਵੱਖੋ-ਵੱਖ ਸ਼ਹਿਰਾਂ ਤੋਂ ਪਹੁੰਚੀਆਂ ਹੋਈਆਂ ਸਨ।
ਵਾਲੀਬਾਲ ਦਾ ਪਹਿਲਾ ਇਨਾਮ ਰਛਪਾਲ ਸਿੰਘ ਸਹੋਤਾ (ਪ੍ਰਾਈਮ ਟਰੱਕ ਡਰਾਈਵਿੰਗ ਸਕੂਲ) ਅਤੇ ਪਰਮਜੀਤ ਸਿੰਘ ਪੰਮਾ, ਦੂਸਰਾ ਇਨਾਮ ਪ੍ਰਭਜੋਤ ਸਿੰਘ ਹੈਰੀ (ਹੈਰੀ ਲਗਜਿਸਟਕਸ) ਨੇ ਜਿੱਤਿਆ। ਰੱਸਾਕਸ਼ੀ ਵਿੱਚ ਅਜ਼ਾਦ ਸਪੋਰਟਸ ਕਲੱਬ ਫਰਿਜ਼ਨੋ ਦੀ ਟੀਮ ਸ਼ਹੀਦ ਭਗਤ ਸਿੰਘ ਸਪੋਰਟਸ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਰੱਸਾਕਸ਼ੀ ਦੀ ਜੇਤੂ ਟੀਮ ਨੂੰ ਇਨਾਮ ਉੱਘੇ ਕਬੱਡੀ ਪਰਮੋਟਰ ਨਾਜ਼ਰ ਸਿੰਘ ਸਹੋਤਾ ਨੇ ਦਿੱਤਾ।
ਦੂਸਰੇ ਦਿਨ ਸਾਕਰ ਦੇ ਗਹਿ-ਗੱਚ ਮੁਕਾਬਲੇ ਵੇਖਣ ਨੂੰ ਮਿਲੇ, ਦਰਸ਼ਕਾਂ ਨਾਲ ਖਚਾਖਚ ਭਰੇ ਗਰਾਊਂਡ ਵਿੱਚ ਬੇਕਰਸਫੀਲਡ ਦੀ ਟੀਮ ਨੇ ਫਰਿਜ਼ਨੋ ਦੀ ਟੀਮ ਨੂੰ ਫਸਵੇਂ ਮੁਕਾਬਲੇ ਦੌਰਾਨ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ । ਸਾਕਰ ਦਾ ਪਹਿਲਾ ਇਨਾਮ ਗੁਰਦੇਵ ਸਿੰਘ ਨਿੱਝਰ (ਐਨ. ਬੀ. ਟਰੱਕਿੰਗ) ਅਤੇ ਦੂਸਰਾ ਇਨਾਮ ਪਿੰਦਾ ਬਰਾੜ ਕੋਟਲਾ ਸਪਾਂਸਰ ਕੀਤੇ ਗਏ। ਕੁਮੈਂਟਰੀ ਬਬਲਾ ਸਰਪੰਚ ਅਤੇ ਗੁਰਜਪਾਲ ਸਿੱਧੂ ਨੇ ਬਾਖੂਬੀ ਕੀਤੀ। ਇਸ ਖੇਡ ਮੇਲੇ ਅਤੇ ਪੰਜਾਬੀ ਚੋਬਰਾਂ ਵੱਲੋਂ ਵਾਲੀਬਾਲ ਦੀ ਬਾਲ ਨਾਲ ਵਿਖਾਏ ਕਰਤੱਵ ਵੀ ਦਰਸ਼ਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੇ।ਇਹ ਟੂਰਨਾਮੈਂਟ ਸਮੂਹ ਕਲੱਬ ਮੈਂਬਰਾਂ, ਖਿਡਾਰੀਆਂ, ਸਪਾਂਸਰ ਵੀਰਾਂ ਅਤੇ ਦਰਸ਼ਕਾਂ ਦੇ ਵਡਮੁੱਲੇ ਸਹਿਯੋਗ ਸਦਕਾ ਸੁੱਖ-ਸ਼ਾਂਤੀ ਨਾਲ ਨੇਪਰੇ ਚੜ੍ਹਿਆ ਅਤੇ ਅਮਿੱਟ ਪੈੜ੍ਹਾਂ ਛੱਡਦਾ ਯਾਦਗਾਰੀ ਹੋ ਨਿਬੜਿਆ।ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਦੇ ਸਮੂਹ ਮੈਂਬਰਾਂ ਨੂੰ ਜਾਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਇਟਲੀ ਨੇ ਨਵੇਂ ਪ੍ਰੋਗਰਾਮ ਉਲੀਕੇ
NEXT STORY