ਸਪੋਰਟਸ ਡੈਸਕ- ਗੁਜਰਾਤ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਗੁਜਰਾਤ ਨੇ ਕਪਤਾਨ ਸ਼ੁੱਭਮਨ ਗਿੱਲ (104) ਤੇ ਸਾਈ ਸੁਦਰਸ਼ਨ (103) ਦੇ ਰਿਕਾਰਡ ਸੈਂਕੜਿਆਂ ਦੀ ਬਦੌਲਤ ਚੇਨਈ ਨੂੰ 35 ਦੌੜਾਂ ਨਾਲ ਹਰਾ ਕੇ ਉਨ੍ਹਾਂ ਦੀ ਪਲੇਆਫ਼ 'ਚ ਪਹੁੰਚਣ ਦਾ ਰਸਤਾ ਮੁਸ਼ਕਲ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਚੇਨਈ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਜੋ ਬਿਲਕੁਲ ਗ਼ਲਤ ਸਾਬਿਤ ਹੋਇਆ। ਗੁਜਰਾਤ ਦੇ ਓਪਨਿੰਗ ਬੱਲੇਬਾਜ਼ਾਂ ਨੇ ਚੇਨਈ ਦੇ ਗੇਂਦਬਾਜ਼ਾਂ ਦੇ ਹੋਸ਼ ਉਡਾ ਦਿੱਤੇ।

ਸ਼ੁੱਭਮਨ ਗਿੱਲ ਤੇ ਸਾਈ ਸੁਦਰਸ਼ਨ ਨੇ ਓਪਨਿੰਗ ਕਰਦਿਆਂ ਗੁਜਰਾਤ ਨੂੰ ਤੂਫ਼ਾਨੀ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਸ਼ਾਨਦਾਰ ਸੈਂਕੜੇ ਜੜ ਕੇ ਟੀਮ ਲਈ ਰਿਕਾਰਡ 210 ਦੌੜਾਂ ਦੀ ਓਪਨਿੰਗ ਪਾਰਟਨਰਸ਼ਿਪ ਕੀਤੀ ਤੇ ਇਨ੍ਹਾਂ ਦੋਵਾਂ ਦੀਆਂ ਪਾਰੀਆਂ ਦੀ ਬਦੌਲਤ ਗੁਜਰਾਤ ਨੇ 20 ਓਵਰਾਂ 'ਚ 3 ਵਿਕਟਾਂ ਗੁਆ ਕੇ 231 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ।

ਇਸ ਪਹਾੜ ਵਰਗੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਟੀਮ ਨੇ ਦੋਵੇਂ ਓਪਨਰ ਅਜਿੰਕਿਆ ਰਹਾਣੇ ਤੇ ਰਚਿਨ ਰਵਿੰਦਰਾ 1-1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਕਪਤਾਨ ਰੁਤੂਰਾਜ ਗਾਇਕਵਾੜ ਵੀ ਬਿਨਾਂ ਖਾਤਾ ਖੋਲ੍ਹੇ ਹੀ ਉਮੇਸ਼ ਯਾਦਵ ਦਾ ਸ਼ਿਕਾਰ ਬਣ ਗਏ।

ਇਨ੍ਹਾਂ ਤੋਂ ਬਾਅਦ ਡੈਰਿਲ ਮਿਚੇਲ ਤੇ ਮੋਈਨ ਅਲੀ ਨੇ ਪਾਰੀ ਨੂੰ ਸੰਭਾਲਿਆ ਤੇ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਡੈਰਿਲ ਮਿਚੇਲ 34 ਗੇਂਦਾਂ 'ਚ 7 ਚੌਕੇ ਤੇ 3 ਛੱਕਿਆਂ ਦੀ ਬਦੌਲਤ 63 ਦੌੜਾਂ ਬਣਾ ਕੇ ਮੋਹਿਤ ਸ਼ਰਮਾ ਦੀ ਗੇਂਦ 'ਤੇ ਆਊਟ ਹੋ ਗਿਆ, ਜਦਕਿ ਮੋਈਨ ਅਲੀ 36 ਗੇਂਦਾਂ 'ਚ 4 ਛੱਕੇ ਤੇ 4 ਚੌਕਿਆਂ ਦੀ ਬਦੌਲਤ 56 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ।

ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਸ਼ਿਵਮ ਦੁਬੇ (21) ਨੇ ਕੁਝ ਦੇਰ ਪਾਰੀ ਸੰਭਾਲੀ, ਪਰ ਉਹ ਵੀ ਵਧਦੀ ਹੋਈ ਰਨ-ਰੇਟ ਦੇ ਦਬਾਅ ਹੇਠ ਆ ਕੇ ਆਪਣੀ ਵਿਕਟ ਗੁਆ ਬੈਠਾ। ਸੰਭਲ ਕੇ ਖੇਡ ਰਿਹਾ ਰਵਿੰਦਰ ਜਡੇਜਾ ਵੀ 10 ਗੇਂਦਾਂ 'ਚ 18 ਦੌੜਾਂ ਬਣਾ ਕੇ ਆਊਟ ਹੋ ਗਿਆ।

ਅੰਤ 'ਚ ਧੋਨੀ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ ਤੇ ਆਖ਼ਰੀ ਓਵਰ 'ਚ ਰਾਸ਼ਿਦ ਖਾਨ ਨੂੰ ਲਗਾਤਾਰ ਛੱਕੇ ਜੜ ਕੇ ਦਰਸ਼ਕਾਂ 'ਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ, ਧੋਨੀ ਦੀ 11 ਗੇਂਦਾਂ 'ਚ 1 ਚੌਕੇ ਤੇ 3 ਛੱਕਿਆਂ ਦੀ ਸਜੀ ਪਾਰੀ ਨੇ ਦਰਸ਼ਕਾਂ ਨੂੰ ਤਾਂ ਖੁਸ਼ ਕਰ ਦਿੱਤਾ, ਪਰ ਟੀਮ ਟੀਚਾ ਹਾਸਲ ਕਰਨ ਤੋਂ ਦੂਰ ਰਹਿ ਗਈ ਤੇ 35 ਦੌੜਾਂ ਨਾਲ ਮੁਕਾਬਲਾ ਹਾਰ ਗਈ।

ਇਸ ਜਿੱਤ ਤੋ ਬਾਅਦ ਗੁਜਰਾਤ ਦੇ 11 ਮੈਚਾਂ 'ਚ 5 ਜਿੱਤਾਂ ਨਾਲ 10 ਅੰਕ ਹੋ ਗਏ ਹਨ ਤੇ ਉਹ ਮੁੰਬਈ ਤੇ ਪੰਜਾਬ ਨੂੰ ਪਛਾੜ ਕੇ 8ਵੇਂ ਸਥਾਨ 'ਤੇ ਪਹੁੰਚ ਗਈ ਹੈ ਤੇ ਇਸ ਜਿੱਤ ਨਾਲ ਉਸ ਦੀਆਂ ਪਲੇਆਫ਼ 'ਚ ਪਹੁੰਚਣ ਦੀਆਂ ਉਮੀਦਾਂ ਵੀ ਕਾਇਮ ਹਨ। ਉੱਥੇ ਹੀ ਚੇਨਈ ਨੂੰ 12 ਮੈਚਾਂ 'ਚ 6ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਹ ਹਾਲੇ ਵੀ 12 ਅੰਕਾਂ ਨਾਲ ਪੁਆਇੰਟ ਟੇਬਲ 'ਚ ਚੌਥੇ ਸਥਾਨ 'ਤੇ ਬਣੀ ਹੋਈ ਹੈ। ਹੁਣ ਉਸ ਨੂੰ ਪਲੇਆਫ਼ 'ਚ ਪਹੁੰਚਣ ਲਈ ਆਪਣੇ ਅਗਲੇ ਦੋਵੇਂ ਮੈਚ ਜਿੱਤਣੇ ਪੈਣਗੇ, ਤਾਂ ਜੋ ਉਹ ਬਿਨਾਂ ਕਿਸੇ ਹੋਰ ਟੀਮ ਦੇ ਨਤੀਜੇ 'ਤੇ ਨਿਰਭਰ ਹੋਏ ਸਿੱਧੇ ਕੁਆਲੀਫਾਈ ਕਰ ਸਕੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧਰਮਸ਼ਾਲਾ 'ਚ IPL ਦਾ ਰੋਮਾਂਚ, ਮੀਂਹ ਤੇ ਗੜ੍ਹੇਮਾਰੀ ਵਿਚਾਲੇ ਚੱਲਦਾ ਰਿਹਾ ਸੀ ਮੈਚ
NEXT STORY