ਗੁਰਦਾਸਪੁਰ : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਹਰ ਸ਼ਹਿਰ ਦੇ ਕੋਨੇ-ਕੋਨੇ 'ਤੇ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ, ਉੱਥੇ ਹੀ ਗੁਰਦਾਸਪੁਰ ਜ਼ਿਲੇ ਦੇ ਬਟਾਲਾ 'ਚ ਪੁਲਸ ਥਾਣੇ ਨੇੜੇ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਦਿਨ-ਦਿਹਾੜੇ ਤਿੰਨ ਨੌਜਵਾਨ ਆਪਣੀ ਭੈਣ ਨਾਲ ਕਾਲਜ ਜਾ ਰਹੀ ਇਕ ਕੁੜੀ ਨੂੰ ਜ਼ਬਰਦਸਤੀ ਜੀਪ 'ਚ ਸੁੱਟ ਕੇ ਫਰਾਰ ਹੋ ਗਏ। ਫਿਲਹਾਲ ਕੁੜੀ ਦੀ ਭੈਣ ਦੀ ਸ਼ਿਕਾਇਤ 'ਤੇ ਪੁਲਸ ਉਕਤ ਨੌਜਵਾਨਾਂ ਨੂੰ ਲੱਭਣ 'ਚ ਜੁੱਟ ਗਈ ਹੈ। ਜਾਣਕਾਰੀ ਮੁਤਾਬਕ ਬਟਾਲਾ ਦੇ ਕਾਹਨੂੰਵਾਲ ਰੋਡ 'ਤੇ 2 ਸਕੀਆਂ ਭੈਣਾਂ ਅਮਨਦੀਪ ਕੌਰ ਅਤੇ ਪਰਮਜੀਤ ਕੌਰ ਆਈ. ਟੀ. ਆਈ. ਕਾਲਜ ਜਾ ਰਹੀਆਂ ਸਨ। ਇਸ ਦੌਰਾਨ ਉਨ੍ਹਾਂ ਦੇ ਪਿੱਛਿਓਂ ਇਕ ਓਪਨ ਜੀਪ ਆਈ, ਜਿਸ 'ਚ 3 ਨੌਜਵਾਨ ਬੈਠੇ ਹੋਏ ਸਨ। ਇਨ੍ਹਾਂ ਨੌਜਵਾਨਾਂ ਨੇ ਰੁਮਾਲ ਨਾਲ ਆਪਣੇ ਚਿਹਰੇ ਢਕੇ ਹੋਏ ਸਨ। ਉਕਤ ਨੌਜਵਾਨਾਂ ਨੇ ਪਰਮਜੀਤ ਕੌਰ ਨੂੰ ਜ਼ਬਰਦਸਤੀ ਜੀਪ 'ਚ ਬਿਠਾਇਆ ਅਤੇ ਫਰਾਰ ਹੋ ਗਏ। ਪਰਮਜੀਤ ਦੀ ਭੈਣ ਅਮਨਦੀਪ ਨੇ ਦੱਸਿਆ ਕਿ ਉਹ ਰੌਲਾ ਪਾਉਂਦੀ ਰਹੀ ਪਰ ਉਸ ਦੀ ਮਦਦ ਕਰਨ ਲਈ ਕੋਈ ਅੱਗੇ ਨਹੀਂ ਆਇਆ। ਅਮਨਦੀਪ ਕੌਰ ਦਾ ਕਹਿਣਾ ਸੀ ਕਿ ਉਕਤ ਨੌਜਵਾਨਾਂ 'ਚੋਂ ਇਕ ਉਨ੍ਹਾਂ ਦੇ ਪਿੰਡ ਦਾ ਸੀ ਅਤੇ ਅਕਸਰ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਸੀ। ਫਿਲਹਾਲ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਬਟਾਲਾ ਅਤੇ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੇ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜਿਸ ਜਗ੍ਹਾ 'ਤੇ ਇਹ ਵਾਰਦਾਤ ਹੋਈ, ਉਹ ਜਗਾ ਪੁਲਸ ਥਾਣੇ ਤੋਂ ਸਿਰਫ 100 ਗਜ਼ ਦੀ ਦੂਰੀ 'ਤੇ ਸੀ ਅਤੇ ਇਹ ਗੱਲ ਖੁਦ ਐੱਸ. ਐੱਸ. ਪੀ. ਨੇ ਦੱਸੀ ਹੈ।
ਰਿਟਰਨਿੰਗ ਅਫਸਰ ਸ਼ਿਕਾਇਤ ਮਾਮਲੇ 'ਚ ਆਇਆ ਨਵਾਂ ਮੋੜ, ਬੇਰੀ ਨੇ ਕਿਹਾ ਮੈਂ ਨਹੀਂ ਕੀਤੀ ਸ਼ਿਕਾਇਤ
NEXT STORY