ਮੰਡੀ ਗੋਬਿੰਦਗੜ੍ਹ (ਸੁਰੇਸ਼, ਜਗਦੇਵ) : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਮੋਤੀਆ ਖਾਨ ਇਲਾਕੇ 'ਚ 22 ਅਪ੍ਰੈਲ ਨੂੰ ਵਾਪਰੀ ਲੁੱਟ ਦੀ ਵਾਰਦਾਤ ਨੂੰ ਮੰਡੀ ਗੋਬਿੰਦਗੜ੍ਹ ਪੁਲਸ ਵੱਲੋਂ ਸੁਲਝਾ ਲੈਣ ਦਾ ਦਾਅਵਾ ਕਰਦਿਆਂ ਕਥਿਤ ਆਰੋਪੀਆਂ ਤੋਂ 38 ਲੱਖ 60 ਹਜ਼ਾਰ ਰੁਪਏ ਦੀ ਰਕਮ, ਇਕ ਕਾਰ ਤੇ ਵਾਰਦਾਤ 'ਚ ਵਰਤਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ 'ਚ ਹੋਈ ਇੰਨੀ ਵੱਡੀ ਲੁੱਟ ਦੀ ਘਟਨਾ 'ਚ ਲੁੱਟੀ ਗਈ ਰਕਮ ਬਾਰੇ ਨਾ ਤਾਂ ਪੁਲਸ ਨੇ ਦਰਜ ਐੱਫਆਈਆਰ ਵਿੱਚ ਕੁਝ ਦੱਸਿਆ ਤੇ ਨਾ ਹੀ ਫਰਮ ਦੇ ਮਾਲਕਾਂ ਵੱਲੋਂ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਰਾਜਨੀਤਕ ਸਫਰ 'ਤੇ ਇਕ ਝਾਤ
ਅੱਜ ਬਾਅਦ ਦੁਪਹਿਰ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਇਸ ਸਮੁੱਚੀ ਘਟਨਾ ਦਾ ਮਾਸਟਰਮਾਈਂਡ ਵਾਰਦਾਤ ਵਾਲੀ ਦੁਕਾਨ ਦੇ ਕੋਲ ਹੀ ਇਕ ਹੋਰ ਦੁਕਾਨ 'ਤੇ ਕੰਮ ਕਰਨ ਵਾਲਾ ਜਸਕਰਨ ਨਾਂ ਦਾ ਵਿਅਕਤੀ ਹੀ ਸੀ, ਜਿਸ ਵੱਲੋਂ ਸਮੁੱਚੀ ਘਟਨਾ ਦਾ ਤਾਣਾਬਾਣਾ ਬੁਣ ਕੇ ਬਾਹਰੀ ਗੈਂਗਸਟਰਾਂ ਤੋਂ ਇਸ ਘਟਨਾ ਨੂੰ ਅੰਜਾਮ ਦਿਵਾਇਆ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਘਟਨਾ ਤੋਂ ਬਾਅਦ ਮਾਸਟਰਮਾਈਂਡ ਜਸਕਰਨ ਸਿੰਘ ਜ਼ਖ਼ਮੀ ਕਰਿੰਦਿਆਂ ਦੀ ਮੱਲ੍ਹਮ ਪੱਟੀ ਕਰਦਾ ਵੀ ਰਿਹਾ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖ਼ਬਰ ਬੇਹੱਦ ਦੁੱਖਦਾਈ, ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ : ਮਾਇਆਵਤੀ
ਐੱਸਐੱਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ 22 ਅਪ੍ਰੈਲ ਨੂੰ ਅਨੂਪ ਮੈਂਗੀ ਨੇ ਪੁਲਸ ਕੋਲ ਲਿਖਾਏ ਬਿਆਨ 'ਚ ਦੱਸਿਆ ਸੀ ਕਿ ਉਸ ਦੀ ਕ੍ਰਿਸ਼ਨਾ ਅਲਾਇਜ਼ ਨਾਂ ਦੀ ਫਰਮ ਸੁਭਾਸ਼ ਨਗਰ ਮੰਡੀ ਗੋਬਿੰਦਗੜ੍ਹ ਵਿੱਚ ਹੈ, ਜਿੱਥੇ ਉਨ੍ਹਾਂ ਦਾ ਲੋਹੇ ਦਾ ਕੰਮ ਹੈ। ਕਰੀਬ 3 ਵਜੇ ਉਸ ਦੇ ਵਰਕਰਾਂ ਵੱਲੋਂ ਵੱਖ-ਵੱਖ ਫਰਮਾਂ ਤੋਂ ਕੈਸ਼ ਇਕੱਠਾ ਕਰਕੇ ਲਿਆਂਦਾ ਗਿਆ ਸੀ। ਇਸ ਦੌਰਾਨ 4 ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਦਫ਼ਤਰ ਅੰਦਰ ਦਾਖਲ ਹੋ ਕੇ ਅਸਲੇ ਦੀ ਨੋਕ 'ਤੇ ਪੈਸਿਆਂ ਦੀ ਡਕੈਤੀ ਕਰਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਜ ਗਏ। ਇਸ ਤੋਂ ਬਾਅਦ ਥਾਣਾ ਮੰਡੀ ਗੋਬਿੰਦਗੜ੍ਹ ਪੁਲਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਪਿੰਡ ਦੇ ਸਰਪੰਚ ਤੋਂ ਲੈ ਕੇ 5 ਵਾਰ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ 'ਤੇ ਝਾਤ
ਐੱਸਐੱਸਪੀ ਡਾ. ਗਰੇਵਾਲ ਨੇ ਅੱਗੇ ਦੱਸਿਆ ਕਿ ਐੱਸਪੀ (ਡੀ) ਦਿਗਵਿਜੈ ਕਪਿਲ, ਡੀਐੱਸਪੀ ਅਮਲੋਹ ਜੰਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਗੋਬਿੰਦਗੜ੍ਹ ਦੇ ਐੱਸਐੱਚਓ ਅਕਾਸ਼ ਦੱਤ ਅਤੇ ਹੋਰ ਪੁਲਸ ਅਧਿਕਾਰੀਆਂ ਦੀ ਅਗਵਾਈ ਹੇਠ ਵੱਖ-ਵੱਖ ਪੁਲਸ ਪਾਰਟੀਆਂ ਦਾ ਗਠਨ ਕਰਕੇ ਕਥਿਤ ਆਰੋਪੀਆਂ ਦੀ ਭਾਲ ਲਈ ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਪਿੰਡ ਇਕੋਲਾਹੀ ਨਿਵਾਸੀ ਜਸਕਰਨ ਸਿੰਘ ਉਰਫ ਯਸ਼ ਨੂੰ ਟ੍ਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਉਸ ਨਾਲ ਉਸ ਦੇ ਸਾਥੀ ਰਵਿੰਦਰਪਾਲ ਸਿੰਘ ਉਰਫ ਘੋੜਾ ਵਾਸੀ ਪਟਿਆਲਾ, ਸੰਦੀਪ ਸਿੰਘ ਵਾਸੀ ਕੋਠੇ ਅਕਾਲਗੜ੍ਹ (ਬਰਨਾਲਾ) ਤੇ ਸੰਜੀਵ ਸਿੰਘ ਵਾਸੀ ਪਿੰਡ ਖੇੜੀ ਗੁੱਜਰਾ (ਪਟਿਆਲਾ) ਸਨ।
ਇਹ ਵੀ ਪੜ੍ਹੋ : ਹੁਣ ਇਕੋ ਸਮੇਂ 4 ਮੋਬਾਇਲਾਂ 'ਤੇ ਚਲਾ ਸਕੋਗੇ ਇਕ ਹੀ WhatsApp, ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ
ਉਨ੍ਹਾਂ ਦੱਸਿਆ ਕਿ ਉਕਤ ਮਾਮਲੇ 'ਚ ਆਰੋਪੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ। ਐੱਸਐੱਚਓ ਅਕਾਸ਼ ਦੱਤ ਤੇ ਹੋਰ ਪੁਲਸ ਟੀਮਾਂ ਵੱਲੋਂ ਸਫਲਤਾ ਹਾਸਲ ਕਰਦਿਆਂ ਅੱਜ ਉਕਤ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਲੁੱਟੀ ਗਈ ਰਕਮ 38,60,000 ਰੁਪਏ, ਵਾਰਦਾਤ ਕਰਨ ਸਮੇਂ ਵਰਤਿਆ ਗਿਆ ਅਸਲਾ ਇਕ ਪਿਸਟਲ 9 ਐੱਮਐੱਮ ਸਮੇਤ 4 ਜ਼ਿੰਦਾ ਰੌਂਦ, ਇਕ ਪਿਸਟਲ 30 ਬੋਰ ਸਮੇਤ 4 ਜ਼ਿੰਦਾ ਰੌਂਦ ਅਤੇ ਵਾਰਦਾਤ 'ਚ ਮੋਟਰਸਾਈਕਲ ਤੋਂ ਬਾਅਦ ਵਰਤੀ ਗਈ ਵਰਨਾ ਕਾਰ ਨੰਬਰ ਯੂਪੀ 16ਏਪੀ 4518 ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਦਾ ਪਿਛੋਕੜ ਕ੍ਰਿਮੀਨਲ ਹੈ, ਜਿਨ੍ਹਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਮੁਕੱਦਮੇ ਦਰਜ ਹਨ ਅਤੇ ਕੁਝ ਮੁਕੱਦਮਿਆਂ 'ਚ ਰਵਿੰਦਰਪਾਲ ਸਿੰਘ ਉਰਫ ਘੋੜਾ ਤੇ ਸੰਜੀਵ ਸਿੰਘ ਭਗੌੜੇ ਵੀ ਹਨ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਚਲੇ ਜਾਣ ਨਾਲ ਸਿੱਖ ਪੰਥ, ਦੇਸ਼ ਤੇ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ : ਢੀਂਡਸਾ
ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਆਰੋਪੀਆਂ ਨੂੰ ਮਾਣਯੋਗ ਆਦਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਦੇ ਹੋਰ ਸਾਥੀਆਂ ਅਤੇ ਹੋਰ ਕੀਤੀਆਂ ਵਾਰਦਾਤਾਂ ਬਾਰੇ ਪਤਾ ਕੀਤਾ ਜਾਵੇਗਾ। ਇਸ ਮੌਕੇ ਐੱਸਪੀ ਦਿਗਵਿਜੇ ਕਪਿਲ, ਡੀਐੱਸਪੀ ਰਾਜ ਕੁਮਾਰ ਸ਼ਰਮਾ, ਸੀਆਈਏ ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ, ਐੱਸਐੱਚਓ ਗੋਬਿੰਦਗੜ੍ਹ ਅਕਾਸ਼ ਦੱਤ ਸਮੇਤ ਹੋਰ ਪੁਲਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਪੂਰਥਲਾ ਦੀ ਸ਼ਾਨ ਘੰਟਾ ਘਰ ਦੀ 120 ਸਾਲ ਪੁਰਾਣੀ ਘੜੀ ਮੁੜ ਦੱਸੇਗੀ ਟਾਈਮ
NEXT STORY