ਜਲੰਧਰ (ਨਵਜੋਤ) : ਚੌਗਿਟੀ ਫਲਾਈਓਵਰ 'ਤੇ ਜਨਵਰੀ ਮਹੀਨੇ ਹੋਏ ਇਕ ਹਾਦਸੇ ਵਿਚ ਮਾਰੇ ਗਏ ਵਿਅਕਤੀ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਤਿੰਨ ਮਹੀਨੇ ਬਾਅਦ ਇਸ ਮਾਮਲੇ ਵਿਚ ਪੁਲਸ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਦਵਿੰਦਰ ਸਿੰਘ ਨਾਮਕ ਨੌਜਵਾਨ ਦੀ ਹਾਦਸੇ ਵਿਚ ਮੌਤ ਨਹੀਂ ਹੋਈ ਸਗੋਂ ਉਸ ਦਾ ਕਤਲ ਕੀਤਾ ਗਿਆ ਸੀ। ਪੁਲਸ ਨੇ ਕੇਸ ਟ੍ਰੇਸ ਕਰਦੇ ਹੋਏ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਮੁਤਾਬਕ ਇਨ੍ਹਾਂ ਤਿੰਨਾਂ ਨੇ ਪਹਿਲਾਂ ਦਵਿੰਦਰ ਸਿੰਘ ਤੋਂ ਮੋਬਾਇਲ ਅਤੇ ਪੈਸੇ ਲੁੱਟੇ, ਇਸ ਤੋਂ ਬਾਅਦ ਦੋਸ਼ੀਆਂ ਨੇ ਦਵਿੰਦਰ ਨੂੰ ਫਲਾਈਓਵਰ ਤੋਂ ਹੇਠਾਂ ਧੱਕਾ ਦੇਕੇ ਕਤਲ ਕਰ ਦਿੱਤਾ। ਦੋਸ਼ੀਆਂ ਦੀ ਪਛਾਣ ਦੀਪਕ ਕੁਮਾਰ ਵਾਸੀ ਰਵਿਦਾਸ ਕਲੋਨੀ ਮਕਸੂਦਾਂ, ਮਨਦੀਪ ਸਿੰਘ ਉਰਫ ਅੰਬਾ ਵਾਸੀ ਨਾਗਰਾ ਰੋਡ ਅਤੇ ਮੋਹਨ ਸਿੰਘ ਉਰਫ ਵਾਸੀ ਆਨੰਦ ਨਗਰ ਦੇ ਰੂਪ ਵਿਚ ਹੋਈ।
ਏ. ਡੀ. ਸੀ. ਪੀ. ਸਿਟੀ-1 ਜਸਬੀਰ ਸਿੰਘ, ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ ਅਤੇ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਬਿਮਲਕਾਂਤ ਨੇ ਦੱਸਿਆ ਕਿ ਜਨਵਰੀ ਮਹੀਨੇ ਫਲਾਈਓਵਰ ਦੇ ਕੋਲ ਸਵੇਰੇ ਦਵਿੰਦਰ ਦੀ ਲਾਸ਼ ਮਿਲੀ ਸੀ ਅਤੇ ਲਾਸ਼ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਕਿਸੇ ਵਾਹਨ ਦੀ ਲਪੇਟ 'ਚ ਆਉਣ ਨਾਲ ਉਕਤ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਪੁਲਸ ਨੇ ਹਾਦਸੇ ਦੇ ਸੰਬੰਧ ਵਿਚ ਮਾਮਲਾ ਦਰਜ ਕਰ ਲਿਆ ਸੀ।
ਪੁਲਸ ਮੁਤਾਬਕ ਇਸ ਕੇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਚਾਰ ਦਿਨ ਪਹਿਲਾਂ ਰਾਮਾਮੰਡੀ ਥਾਣੇ ਦੀ ਪੁਲਸ ਨੇ ਦੀਪਕ ਨੂੰ ਏ. ਟੀ. ਐੱਮ. ਲੁੱਟ ਮਾਮਲੇ 'ਚ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਦੋਸ਼ੀ ਦੀਪਕ ਨੇ ਦਵਿੰਦਰ ਨੂੰ ਕਤਲ ਕਰਨ ਦੀ ਗੱਲ ਮੰਨੀ। ਜਾਂਚ ਦੌਰਾਨ ਦੋਸ਼ੀ ਨੇ ਦੱਸਿਆ ਕਿ ਦਵਿੰਦਰ ਇਕੱਲਾ ਪਰਤ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਤਾਂ ਦੀਪਕ ਤੋਂ ਪੈਸੇ ਅਤੇ ਮੋਬਾਇਲ ਖੋਹਿਆ ਅਤੇ ਫਿਰ ਉਸ ਨੂੰ ਫਲਾਈਓਵਰ ਤੋਂ ਹੇਠਾਂ ਸੁੱਟ ਦਿੱਤਾ। ਪੁਲਸ ਤਿੰਨਾਂ ਦੋਸ਼ੀਆਂ ਪਾਸੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀਆਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
2 ਕਾਰਾਂ ਦੀ ਟੱਕਰ 'ਚ ਪਤੀ-ਪਤਨੀ ਸਣੇ 3 ਜ਼ਖਮੀ
NEXT STORY