ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ (ਵੀਡੀਓ)

You Are HerePunjab
Sunday, May 29, 2016-1:19 PM

ਚੰਡੀਗੜ੍ਹ, (ਸੰਦੀਪ/ਕੁਲਦੀਪ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਸਭ ਤੋਂ ਛੋਟੇ ਪੋਤਰੇ ਹਰਕੀਰਤ ਸਿੰਘ (40) ਨੇ ਸੈਕਟਰ-5 ਸਥਿਤ ਆਪਣੇ ਘਰ ਵਿਚ ਖੁਦ ਨੂੰ ਗੋਲੀ ਮਾਰ ਲਈ। ਖੂਨ ਨਾਲ ਲੱਥਪਥ ਹਰਕੀਰਤ ਨੂੰ ਪਰਿਵਾਰ ਤੇ ਸਕਿਓਰਿਟੀ ਗਾਰਡਜ਼ ਨੇ ਪੀ. ਜੀ. ਆਈ. ਪਹੁੰਚਾਇਆ, ਜਿੱਥੇ ਕਰੀਬ ਡੇਢ ਘੰਟੇ ਤੱਕ ਚੱਲੇ ਇਲਾਜ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਡਾਕਟਰਾਂ ਅਨੁਸਾਰ ਗੋਲੀ ਸਿਰ ਦੇ ਆਰ-ਪਾਰ ਹੋਣ ਕਾਰਨ ਹਰਕੀਰਤ ਦੀ ਮੌਤ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਡਾ. ਸੁਖਚੈਨ ਸਿੰਘ ਗਿੱਲ, ਡੀ. ਐੱਸ. ਪੀ. ਸਤੀਸ਼ ਕੁਮਾਰ ਤੇ ਥਾਣਾ ਇੰਚਾਰਜ ਨੀਰਜ ਸਰਨਾ ਮੌਕੇ 'ਤੇ ਪਹੁੰਚੇ।
ਛੋਟੇ ਭਰਾ ਵਲੋਂ ਖੁਦ ਨੂੰ ਗੋਲੀ ਮਾਰਨ ਦੀ ਸੂਚਨਾ ਮਿਲਦੇ ਹੀ ਹਰਕੀਰਤ ਦੇ ਵੱਡੇ ਭਰਾ ਅਤੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਪਰਿਵਾਰ ਦੇ ਹੋਰ ਮੈਂਬਰ ਘਰ ਪਹੁੰਚੇ। ਬਿੱਟੂ ਨੇ ਦੱਸਿਆ ਕਿ ਹਰਕੀਰਤ ਡਿਪ੍ਰੈਸ਼ਨ ਤੋਂ ਪੀੜਤ ਸੀ ਅਤੇ 1994 ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। ਪਿਛਲੇ ਸਾਲ ਹਰਕੀਰਤ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਸਿਰ ਵਿਚ ਡੂੰਘੀ ਸੱਟ ਲੱਗਣ ਕਾਰਨ ਉਹ 2 ਦਿਨ ਮੋਹਾਲੀ ਦੇ ਨਿੱਜੀ ਹਸਪਤਾਲ ਵਿਚ ਕੋਮਾ 'ਚ ਰਿਹਾ ਸੀ। ਇਸ ਤੋਂ ਬਾਅਦ ਤੋਂ ਹੀ ਉਸ ਦੀ ਡਿਪ੍ਰੈਸ਼ਨ ਦੀ ਸਮੱਸਿਆ ਵਧ ਗਈ ਸੀ।
ਬਿੱਟੂ ਨੇ ਦੱਸਿਆ ਕਿ ਸਵੇਰ ਦੇ ਸਮੇਂ ਹਰਕੀਰਤ ਲੇਕ 'ਤੇ ਸੈਰ ਕਰਨ ਲਈ ਆਪਣੇ ਇਕ ਰਿਸ਼ਤੇਦਾਰ ਨਾਲ ਗਿਆ ਹੋਇਆ ਸੀ। ਉਥੋਂ ਆਉਣ ਤੋਂ ਬਾਅਦ ਹਰਕੀਰਤ ਨੇ ਡਰਾਇੰਗ ਰੂਮ ਵਿਚ ਆਪਣੇ ਲਾਇਸੈਂਸੀ ਪਿਸਟਲ ਨਾਲ ਖੁਦ ਨੂੰ ਗੋਲੀ ਮਾਰ ਲਈ। ਹਰਕੀਰਤ ਦਾ ਅੰਤਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਵਿਚ ਕੀਤਾ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਕਾਂਗਰਸ ਪ੍ਰਦੇਸ਼ ਪ੍ਰਧਾਨ ਕੈ. ਅਮਰਿੰਦਰ ਸਿੰਘ, ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸ਼ਕੀਲ ਅਹਿਮਦ ਸਮੇਤ ਪ੍ਰਦੇਸ਼ ਦੇ ਸੀਨੀਅਰ ਨੇਤਾਵਾਂ ਨੇ ਹਰਕੀਰਤ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।

About The Author

Gurminder Singh

Gurminder Singh is News Editor at Jagbani.