ਕਪੂਰਥਲਾ, (ਗੌਰਵ)- ਸ਼ਹਿਰ ਤੋਂ ਸਿਰਫ 7 ਕਿਲੋਮੀਟਰ ਦੂਰ ਪੈਂਦੀ ਰੇਲ ਕੋਚ ਫੈਕਟਰੀ ਦੇ ਨੇੜਲੇ ਖੇਤਰਾਂ ਵਿਚ ਚਲ ਰਹੇ ਕਈ ਢਾਬਿਆਂ ਅਤੇ ਹੋਟਲਾਂ ਵਿਚ ਜਿਥੇ ਬਿਨਾਂ ਲਾਇਸੈਂਸ ਸ਼ਰਾਬ ਪਿਲਾਉਣ ਦਾ ਸਿਲਸਿਲਾ ਲਗਾਤਾਰ ਚਲ ਰਿਹਾ ਹੈ ਉਥੇ ਹੀ ਭਿਆਨਕ ਧੁੰਦ ਦੇ ਇਸ ਮੌਸਮ ਵਿਚ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲੇ ਵਾਹਨ ਚਾਲਕਾਂ ਵੱਲੋਂ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ 'ਤੇ ਕਈ ਸੜਕ ਹਾਦਸਿਆਂ ਨੂੰ ਅੰਜਾਮ ਦੇਣ ਦੇ ਸਿੱਟੇ ਵਜੋਂ ਕਈ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਆਬਕਾਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਸੁਲਤਾਨਪੁਰ ਲੋਧੀ ਮਾਰਗ ਬੇਹੱਦ ਖਤਰਨਾਕ!
ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਪੈਂਦੇ ਰੇਲ ਕੋਚ ਫੈਕਟਰੀ ਖੇਤਰ ਵਿਚ ਬਣੇ ਵੱਡੀ ਗਿਣਤੀ ਵਿਚ ਢਾਬਿਆਂ ਅਤੇ ਹੋਟਲਾਂ ਵਿਚ ਸ਼ਾਮ ਹੁੰਦੇ ਹੀ ਵਾਹਨ ਚਾਲਕਾਂ ਨੂੰ ਸ਼ਰੇਆਮ ਸ਼ਰਾਬ ਪੀਂਦੇ ਵੇਖਿਆ ਜਾ ਸਕਦਾ ਹੈ ਇਸ ਪੂਰੇ ਮਾਮਲੇ ਵਿਚ ਸਭ ਤੋਂ ਹੈਰਾਨ ਕਰਨ ਵਾਲਾ ਤੱਥ ਤਾਂ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਢਾਬੇ ਜਾਂ ਹੋਟਲ ਮਾਲਕ ਕੋਲ ਸ਼ਰਾਬ ਪਿਲਾਉਣ ਦਾ ਲਾਇਸੈਂਸ ਨਹੀਂ ਹੈ ਪਰ ਇਸ ਦੇ ਬਾਵਜੂਦ ਪਿਛਲੇ ਲੰਬੇ ਸਮੇਂ ਤੋਂ ਇਥੇ ਆਬਕਾਰੀ ਵਿਭਾਗ ਵਲੋਂ ਕਦੇ ਵੀ ਚੈਕਿੰਗ ਨਹੀਂ ਕੀਤੀ ਗਈ ਜਿਸ ਕਰ ਕੇ ਸ਼ਾਮ ਹੁੰਦੇ ਹੀ ਇਥੇ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਨਜ਼ਰ ਆÀੁਂਦੀ ਹੈ। ਇਸ ਕਾਰਨ ਹੀ ਇਸ ਖਤਰਨਾਕ ਮਾਰਗ 'ਤੇ ਹਾਦਸਿਆਂ ਦੀ ਗਿਣਤੀ ਜ਼ਿਲੇ ਵਿਚ ਸਭ ਤੋਂ ਵੱਧ ਮੌਤਾਂ ਵਾਲੇ ਹਾਈਵੇ ਵੀ ਸ਼ੁਮਾਰ ਹੋਣ ਲੱਗੀ ਹੈ।
ਵੱਡੀ ਗਿਣਤੀ ਵਿਚ ਲੋਕਾਂ ਦੀ ਹੋ ਚੁੱਕੀ ਐ ਮੌਤ
ਕਪੂਰਥਲਾ-ਸੁਲਤਾਨਪੁਰ ਲੋਧੀ ਹਾਈਵੇ ਹਾਦਸਿਆਂ ਦੀ ਨਜ਼ਰ ਨਾਲ ਇੰਨਾ ਖਤਰਨਾਕ ਬਣ ਚੁੱਕਾ ਹੈ ਕਿ ਇਕ ਦਹਾਕੇ ਦੌਰਾਨ ਹੀ ਇਸ ਖਤਰਨਾਕ ਹਾਈਵੇ 'ਤੇ 60 ਤੋਂ ਵੱਧ ਲੋਕਾਂ ਦੀ ਸੜਕੀ ਹਾਦਸਿਆਂ ਵਿਚ ਮੌਤ ਹੋ ਗਈ। ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਹਾਦਸਿਆਂ ਨੂੰ ਸ਼ਰਾਬ ਦੇ ਨਸ਼ੇ ਵਿਚ ਚੂਰ ਵਾਹਨ ਚਾਲਕਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ।
ਕਈ ਢਾਬਾ ਮਾਲਕ ਵੇਚਦੇ ਨਾਜਾਇਜ਼ ਸ਼ਰਾਬ
ਦÎੱਸਿਆ ਜਾਂਦਾ ਹੈ ਕਿ ਇਸ ਹਾਈਵੇ 'ਤੇ ਕੰਮ ਕਰ ਰਹੇ ਕੁਝ ਢਾਬਾ ਮਾਲਕ ਆਪਣੇ ਗਾਹਕਾਂ ਨੂੰ ਨਾਜਾਇਜ਼ ਤੌਰ 'ਤੇ ਖਰੀਦੀ ਗਈ ਸ਼ਰਾਬ ਵੀ ਵੇਚਦੇ ਹਨ, ਜਿਸ ਦਾ ਸਿੱਧਾ ਫਾਇਦਾ ਸ਼ਰਾਬ ਮਾਫੀਆ ਨੂੰ ਹੋ ਰਿਹਾ ਹੈ।
ਕੀ ਕਹਿੰਦੇ ਹਨ ਸਹਾਇਕ ਕਮਿਸ਼ਨਰ ਆਬਕਾਰੀ
ਇਸ ਸਬੰਧੀ ਜਦੋਂ ਸਹਾਇਕ ਕਮਿਸ਼ਨਰ ਆਬਕਾਰੀ ਪਵਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਈਵੇ 'ਤੇ ਚੱਲਣ ਵਾਲੇ ਢਾਬਿਆਂ ਅਤੇ ਹੋਟਲਾਂ ਵਿਚ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਸਬੰਧੀ ਇਕ ਵੱਡੀ ਮੁਹਿੰਮ ਛੇੜੀ ਜਾਵੇਗੀ।
ਵਿਜੀਲੈਂਸ ਵਿਭਾਗ ਵੱਲੋਂ ਦੂਜੀ ਵਾਰ ਆਰ. ਟੀ. ਏ. ਦਫਤਰ 'ਤੇ ਰੇਡ
NEXT STORY