ਅੰਮ੍ਰਿਤਸਰ\ਰਈਆ (ਦਿਨੇਸ਼) : ਜੀ. ਟੀ ਰੋਡ ਰਈਆ ਵਿਖੇ ਇਕ ਗੈਂਗਸਟਰ ਗਰੁੱਪ ਵਲੋਂ ਦਿਨ-ਦਿਹਾੜੇ ਪੁਲਸ ਪਾਰਟੀ 'ਤੇ ਗੋਲੀ ਚਲਾ ਕੇ ਕਪੂਰਥਲੇ ਤੋਂ ਅੰਮ੍ਰਿਤਸਰ ਪੇਸ਼ੀ ਭੁਗਤਣ ਜਾ ਰਹੇ ਆਪਣੇ ਇਕ ਸਾਥੀ ਨੂੰ ਹੱਥਕੜੀ ਸਮੇਤ ਛੁਡਵਾ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਸ਼ੁਭਮ ਪੁੱਤਰ ਬਲਜਿੰਦਰ ਸਿੰਘ ਵਾਸੀ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਜੋ ਕਿ ਕਪੂਰਥਲਾ ਜੇਲ•ਵਿਚ ਨਜ਼ਰਬੰਦ ਸੀ, ਨੂੰ ਕਪੂਰਥਲਾ ਪੁਲਸ ਦੇ ਏ.ਐਸ.ਆਈ ਸੁਖਜਿੰਦਰ ਸਿੰਘ, ਹੌਲਦਾਰ ਸੱਜਣ ਸਿੰਘ ਤੇ ਕੁਲਦੀਪ ਸਿੰਘ ਵਲੋਂ ਪੀ. ਆਰ. ਟੀ. ਸੀ. ਦੀ ਬੱਸ ਰਾਹੀਂ ਕਿਸੇ ਕੇਸ ਦੀ ਤਰੀਕ ਵਿਚ ਪੇਸ਼ ਕਰਨ ਲਈ ਅੰਮ੍ਰਿਤਸਰ ਅਦਾਲਤ ਵਿਚ ਲਿਜਾਇਆ ਜਾ ਰਿਹਾ ਸੀ ਜਦੋਂ ਇਹ ਬੱਸ ਰਈਆ ਦੇ ਨਹਿਰ ਵਾਲੇ ਅੱਡੇ ਉੱਪਰ ਸਵਾਰੀਆਂ ਚੁੱਕਣ ਲਈ ਰੁਕੀ ਤਾਂ ਦੋ ਕਾਰਾਂ ਵਿਚ ਸਵਾਰ ਹੋ ਕੇ ਆਏ 9-10 ਗੈਂਗਸਟਰਾਂ ਵਿਚੋਂ ਕੁਝ ਗੈਂਗਸਟਰ ਬੱਸ ਵਿਚ ਆ ਚੜੇ ਅਤੇ ਪੁਲਸ ਮੁਲਾਜ਼ਮਾਂ 'ਤੇ ਪਿਸਤੌਲਾਂ ਤਾਣ ਲਈਆਂ ਤੇ ਆਪਣੇ ਸਾਥੀ ਸ਼ੁਭਮ ਨੂੰ ਬੱਸ ਵਿਚੋਂ ਉਤਾਰ ਲਿਆ।
ਇਸ ਦੌਰਾਨ ਜਦੋਂ ਪੁਲਸ ਮੁਲਾਜ਼ਮਾਂ ਵੱਲੋ ਆਪਣੇ ਹਥਿਆਰ ਨਾਲ ਗੈਂਗਸਟਰਾਂ ਉਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਗੈਂਗਸਟਰ ਨੇ ਆਪਣੇ ਪਿਸਤੌਲ ਨਾਲ ਏ.ਐਸ.ਆਈ ਸੁਖਜਿੰਦਰ ਸਿੰਘ ਦੀ ਸੱਜੀ ਲੱਤ ਵਿਚ ਗੋਲੀ ਮਾਰ ਦਿੱਤੀ ਤੇ ਹਵਾ ਵਿਚ 3-4 ਫਾਇਰ ਕਰਦੇ ਹੋਏ ਆਪਣੇ ਸਾਥੀ ਨੂੰ ਹੱਥਕੜੀ ਸਮੇਤ ਸਵਿਫਟ ਕਾਰ ਵਿਚ ਬਿਠਾ ਕੇ ਅੰਮ੍ਰਿਤਸਰ ਵਾਲੇ ਪਾਸੇ ਫਰਾਰ ਹੋ ਗਏ। ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਇਸ ਵਾਰਦਾਤ ਦੌਰਾਨ ਗੈਂਗਸਟਰ ਬਿਨਾਂ ਕਿਸੇ ਡਰ ਦੇ ਸ਼ਰੇਆਮ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਆਪਣੇ ਸਾਥੀ ਨੂੰ ਭਜਾ ਕੇ ਲੈ ਗਏ ਤੇ ਇੰਨੀ ਵੱਡੀ ਵਾਰਦਾਤ ਹੋਣ ਦੇ ਬਾਵਜੂਦ ਵੀ ਪੁਲਸ ਮੁਲਾਜ਼ਮਾਂ ਦੇ ਹਥਿਆਰਾਂ ਵਿਚੋਂ ਗੋਲੀ ਨਹੀਂ ਚੱਲ ਸਕੀ।
ਜ਼ਖਮੀ ਹੋਏ ਪੁਲਸ ਮੁਲਾਜ਼ਮ ਨੂੰ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਸ ਦਾ ਹਾਲ ਪੁੱਛਣ ਅਤੇ ਘਟਨਾ ਦੀ ਜਾਣਕਾਰੀ ਲੈਣ ਪਹੁੰਚੇ ਐਸ.ਐਸ.ਪੀ ਦਿਹਾਤੀ ਪਰਮਪਾਲ ਸਿੰਘ, ਐਸ.ਪੀ (ਡੀ) ਹਰਪਾਲ ਸਿੰਘ ਨੇ ਦੱਸਿਆ ਕੇ ਜੰਡਿਆਲਾ, ਤਰਨਤਾਰਨ, ਬਟਾਲਾ, ਅੰਮ੍ਰਿਤਸਰ ਅਤੇ ਨੇੜੇ ਦੇ ਸਾਰੇ ਇਲਾਕੇ ਵਿਚ ਨਾਕਾਬੰਦੀ ਕਰਵਾ ਦਿੱਤੀ ਗਈ ਹੈ ਤੇ ਜਲਦ ਹੀ ਗੈਂਗਸਟਰਾਂ ਵੱਲੋ ਭਜਾਏ ਮੁਲਜ਼ਮ ਤੇ ਉਸ ਦੇ ਸਾਰੇ ਸਾਥੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਕਾਰਖਾਨੇ ਦੀ ਛੱਤ ਡਿੱਗਣ ਨਾਲ ਹੋਇਆ ਨੁਕਸਾਨ
NEXT STORY