ਚੰਡੀਗੜ੍ਹ — ਪੰਜਾਬ ਪੁਲਸ 'ਚ ਆਈ. ਪੀ. ਐੱਸ. ਅਧਿਕਾਰੀਆਂ ਨੂੰ ਇੰਸਪੈਕਟਰ ਜਨਰਲਾਂ ਤੋਂ ਤਰੱਕੀ ਦੇ ਕੇ ਐਡੀਸ਼ਨਲ ਡਾਇਰੈਕਟਰ ਜਨਰਲ ਬਨਾਉਣ ਜਾ ਰਹੀ ਹੈ। ਇਨ੍ਹਾਂ ਨੂੰ ਵਿਭਾਗੀ ਤਰੱਕੀ ਕਮੇਟੀ (ਡੀ. ਸੀ. ਪੀ.) ਦੀ ਪ੍ਰਵਾਨਗੀ ਮਿਲ ਚੁੱਕੀ ਹੈ ਤੇ ਮੁੱਖ ਮੰਤਰੀ ਦੀ ਹਰੀ ਝੰਡੀ ਤੋਂ ਬਾਅਦ ਗ੍ਰਹਿ ਵਿਭਾਗ ਵਲੋਂ ਰਸਮੀ ਹੁਕਮ ਜਾਰੀ ਕਰਨੇ ਬਾਕੀ ਹਨ। ਇਨ੍ਹਾਂ ਪੁਲਸ ਅਧਿਕਾਰੀਆਂ ਦੀ ਤਰੱਕੀਆਂ ਮਿਲਣ ਮਗਰੋਂ ਸੂਬੇ 'ਚ ਵਧੀਕ ਡੀ. ਜੀ. ਪੀ. ਰੈਂਕ ਦੇ ਪੁਲਸ ਅਧਿਕਾਰੀਆਂ ਦੀ ਗਿਣਤੀ 17 ਹੋ ਜਾਵੇਗੀ ਤੇ ਡੀ. ਜੀ. ਪੀ. ਰੈਂਕ ਦੇ ਪੁਲਸ ਅਧਿਕਾਰੀਆਂ ਦੀ ਗਿਣਤੀ ਇਸ ਸਮੇਂ 10 ਹੈ। ਇਸ ਨਾਲ ਸੂਬਾਈ ਪੁਲਸ 'ਚ 'ਜਰਨੈਲਾਂ' ਦੀ ਭਰਮਾਰ ਹੋ ਜਾਵੇਗੀ। ਪੁਲਸ ਰੇਂਜਾਂ 'ਚ ਡੀ. ਆਈ. ਜੀਜ਼ ਜਾਂ ਆਈਜੀਜ਼ ਦੀ ਤਾਇਨਾਤੀ ਲਈ ਲੋੜੀਂਦਾ ਆਰਰਡੀਨੈੱਸ ਜਾਰੀ ਕਰਨ ਦੀਆਂ ਰਸਮਾਂ ਵੀ ਪੂਰੀਆਂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਆਰਡੀਨੈੱਸ ਉਪਰ ਸਹੀ ਪੀ ਦਿੱਤੀ ਹੈ। ਇਨ੍ਹਾਂ ਤਾਜ਼ਾ ਤਰੱਕੀਆਂ ਤੇ ਰੇਂਜਾਂ 'ਚ ਆਈਜੀਜ਼ ਦੀ ਤਾਇਨਾਤੀ ਦਾ ਰਾਹ ਸਾਫ ਹੋਣ ਨਾਲ ਪੁਲਸ ਪ੍ਰਸ਼ਾਸਨ 'ਚ ਵੱਡੇ ਫੇਰਬਦਲ ਦਾ ਮੁੱਢ ਵੀ ਬੱਝ ਗਿਆ ਹੈ। ਜਾਣਕਾਰੀ ਮੁਤਾਬਕ ਡੀ. ਆਈ. ਜੀ., ਆਈ. ਜੀ. ਵਧੀਕ ਡੀ. ਜੀ. ਪੀ. ਤੇ ਡੀ. ਜੀ.ਪੀ. ਰੈਂਕ ਦੇ ਪੁਲਸ ਅਫਸਰਾਂ ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਜਾਣੇ ਤੈਅ ਹਨ। ਡੀ.ਜੀ. ਪੀ. ਸੁਰੇਸ਼ ਅਰੋੜਾ ਵਲੋਂ ਕੁਝ ਜ਼ਿਲਾ ਪੁਲਸ ਮੁਖੀਆਂ ਦੇ ਤਬਾਦਲੇ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਜਦੋਂ ਕਿ ਸਰਕਾਰ ਬਜਟ ਸੈਸ਼ਨ ਤੋਂ ਬਾਅਦ ਉਨ੍ਹਾਂ ਦੇ ਤਬਾਦਲੇ ਕਰਨ ਦੀ ਦਲੀਲ ਦੇ ਕੇ ਟਾਲ ਰਹੀ ਹੈ। ਪੰਜਾਬ ਸਰਕਾਰ ਵਲੋਂ 1993 ਬੈਚ ਦੇ ਸਾਰੇ ਪੁਲਸ ਅਧਿਕਾਰੀਆਂ ਨੂੰ ਇਕੱਠਿਆਂ ਤਰੱਕੀਆਂ ਦੇਣ ਦਾ ਫੈਸਲਾ ਤਾਂ ਕਰ ਲਿਆ ਗਿਆ ਹੈ, ਜਦੋਂ ਕਿ ਏਨੀਆਂ ਅਸਾਮੀਆਂ ਮੌਜੂਦ ਨਾ ਹੋਣ ਕਾਰਨ ਤਾਇਨਾਤੀਆਂ 'ਚ ਵੀ ਦਿਕੱਤਾਂ ਆ ਸਕਦੀਆਂ ਹਨ। ਡੀ. ਜੀ. ਪੀ. ਤੇ ਵਧੀਕ ਡੀ. ਜੀ. ਪੀ. ਰੈਂਕ ਦੇ ਅਧਿਕਾਰੀਆਂ ਦੀ ਗਿਣਤੀ 27 ਹੋ ਜਾਵੇਗੀ। ਜਿਨ੍ਹਾਂ ਪੁਲਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਜਾਣੀਆਂ ਹਨ, ਉਨ੍ਹਾਂ 'ਚ ਗੁਰਪ੍ਰੀਤ ਕੌਰ ਦਿਓ, ਵਰਿੰਦਰ ਕੁਮਾਰ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ, ਐੱਸ. ਕੇ. ਅਸਥਾਨਾ, ਸ਼ਸ਼ੀ ਪ੍ਰਭਾ ਦਿਵੇਦੀ, ਆਰ. ਐੱਨ. ਢੇਕੋ ਤੇ ਅਰਪਿਤ ਸ਼ੁਕਲਾ ਸ਼ਾਮਲ ਹਨ। ਪੰਜਾਬ ਪੁਲਸ ਦੇ ਮੁੱਖ ਦਫਤਰ 'ਚ ਸੀਨੀਅਰ ਅਫਸਰਾਂ ਦੀ ਵੱਡੀ ਗਿਣਤੀ ਪਹਿਲੀ ਵਾਰ ਦੇਖਣ ਨੂੰ ਮਿਲੇਗੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੰਜਾਬ ਪੁਲਸ ਦੇ ਮੁਖੀ ਦੀ ਕਮਾਨ ਇਕ ਸਮੇਂ ਆਈ. ਜੀ. ਪੱਧਰ ਦੇ ਪੁਲਸ ਅਧਿਕਾਰੀਆਂ ਦੇ ਹੱਥ ਹੁੰਦੀ ਸੀ ਤੇ ਇਸ ਸਮੇਂ ਡੀ. ਜੀ. ਪੀ. ਤੇ ਏ.ਡੀ. ਜੀ. ਪੀ. ਹੀ 27 ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਢੋਕੇ ਇਸ ਸਮੇਂ ਲੁਧਿਆਣਾ ਦੇ ਕਮਿਸ਼ਨਰ ਹਨ ਤੇ ਸ਼ੁਕਲਾ ਜਲੰਧਰ ਜ਼ੋਨ ਦੇ ਆਈ. ਜੀ. ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਕਮਿਸ਼ਨਰ ਪੱਧਰ 'ਤੇ ਵੀ ਕੁਝ ਤਬਾਦਲੇ ਹੋ ਸਕਦੇ ਹਨ। ਇਸੇ ਤਰ੍ਹਾਂ ਡੀ.ਆਈ. ਜੀ. ਰੈਂਕ ਦੇ ਤਿੰਨ ਅਫਸਰਾਂ ਨੂੰ ਵੀ ਆਈ. ਜੀ. ਬਨਾਉਣ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।
ਰੋਜ਼ਗਾਰ ਮੇਲਿਆਂ 'ਚ ਹੁਣ ਤੱਕ 4 ਲੱਖ 70 ਹਜ਼ਾਰ ਨੌਜਵਾਨਾਂ ਨੇ ਰਜਿਸਟਰੇਸ਼ਨ ਕਰਵਾਈ : ਚੰਨੀ
NEXT STORY