ਜਲੰਧਰ (ਪ੍ਰੀਤ, ਸੁਧੀਰ) : ਸ਼ਹਿਰ ਦੇ ਪਾਸ਼ ਇਲਾਕੇ ਲਾਜਪਤ ਨਗਰ 'ਚ ਤੀਹਰੇ ਕਤਲਕਾਂਡ ਨੇ ਲੋਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ। ਹਥਿਆਰਬੰਦ ਹਮਲਾਵਰਾਂ ਨੇ ਪੈਟਰੋਲ ਪੰਪ ਮਾਲਕ ਦੇ ਘਰ ਅੰਦਰ ਦਾਖਲ ਹੋ ਕੇ ਉਸ ਦੀ ਪਤਨੀ, ਨੂੰਹ ਅਤੇ ਨੂੰਹ ਦੀ ਸਹੇਲੀ ਦੇ ਸਿਰ 'ਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਲੱਗਭਗ 6 ਵਜੇ ਜਦੋਂ ਪੈਟਰੋਲ ਪੰਪ ਮਾਲਕ ਘਰ ਪਹੁੰਚਿਆ ਤਾਂ ਦਰਵਾਜ਼ੇ ਦੀ ਘੰਟੀ ਵਜਾਉਣ ਦੇ ਬਾਵਜੂਦ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸ਼ੱਕ ਹੋਣ 'ਤੇ ਉਸਨੇ ਗੁਆਂਢੀਆਂ ਨੂੰ ਬੁਲਾ ਕੇ ਦਰਵਾਜ਼ਾ ਤੋੜਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦਲਜੀਤ ਕੌਰ, ਨੀਤੂ ਅਤੇ ਪਰਮਜੀਤ ਤਿੰਨੋਂ ਹੀ ਖੂਨ ਨਾਲ ਲਥਪਥ ਜ਼ਮੀਨ 'ਤੇ ਪਈਆਂ ਸਨ। ਘਰ ਵਿਚ ਚਾਰੇ ਪਾਸੇ ਖੂਨ ਹੀ ਖੂਨ ਫੈਲਿਆ ਹੋਇਆ ਸੀ। ਪੰਪ ਮਾਲਕ ਜਗਦੀਸ਼ ਸਿੰਘ ਲੂੰਬਾ ਦੀ ਪਤਨੀ ਦਲਜੀਤ ਕੌਰ (60) ਅਤੇ ਨੂੰਹ ਪਰਮਜੀਤ ਕੌਰ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਸਹੇਲੀ ਖੁਸ਼ਵਿੰਦਰ ਕੌਰ ਉਰਫ ਨੀਤੂ ਨੂੰ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਉਪਰੰਤ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ, ਡੀ. ਸੀ. ਪੀ. ਸੰਦੀਪ ਸ਼ਰਮਾ, ਏ. ਡੀ. ਸੀ. ਪੀ. ਜਸਵੀਰ ਸਿੰਘ, ਏ. ਡੀ. ਸੀ. ਪੀ. ਜਗਮੋਹਨ ਸਿੰਘ, ਏ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ, ਏ. ਸੀ. ਪੀ. ਦੀਪਿਕਾ ਸਿੰਘ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਨੌਕਰਾਣੀ ਨੇ ਘਰੇਲੂ ਕਲਾ ਬਾਰੇ ਦਿੱਤੀ ਜਾਣਕਾਰੀ
ਘਰੇਲੂ ਨੌਕਰਾਣੀ ਰੀਨਾ ਨੇ ਵੀ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਦੁਪਹਿਰ 2 ਵਜੇ ਕੰਮ 'ਤੇ ਆਈ ਅਤੇ ਕੰਮ ਖਤਮ ਕਰਕੇ ਚਲੀ ਗਈ। ਰੀਨਾ ਨੇ ਪੁਲਸ ਅਧਿਕਾਰੀਆਂ ਨੂੰ ਘਰੇਲੂ ਕਲਾ ਬਾਰੇ ਵੀ ਜਾਣਕਾਰੀ ਦਿੱਤੀ। ਪੁਲਸ ਇਸ ਥਿਊਰੀ 'ਤੇ ਵੀ ਜਾਂਚ ਕਰ ਰਹੀ ਹੈ।
ਘਰ 'ਚ ਹੀ ਹਨ ਕਤਲ ਦੇ ਸੁਰਾਗ!
ਲਾਜਪਤ ਨਗਰ ਵਿਚ ਹੋਏ ਕਤਲਕਾਂਡ ਦਾ ਸੁਰਾਗ ਘਰ ਵਿਚ ਹੀ ਹੈ। ਅਜਿਹਾ ਅਨੁਮਾਨ ਪੁਲਸ ਵਲੋਂ ਕੀਤੀ ਮੁਢਲੀ ਜਾਂਚ ਤੋਂ ਲਗਾਇਆ ਜਾ ਰਿਹਾ ਹੈ। ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਜਾਪ ਰਹੀ ਹੈ। ਇਸਦੇ ਬਾਵਜੂਦ ਪੁਲਸ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ। ਜਾਂਚ ਮੁਤਾਬਕ ਕਾਤਲ ਆਰਾਮ ਨਾਲ ਘਰ ਵਿਚ ਦਾਖਲ ਹੋਏ, ਜਿਸ ਤੋਂ ਲੱਗਦਾ ਹੈ ਕਿ ਕਾਤਲ ਭੇਤੀ ਹੀ ਸੀ। ਕਾਤਲਾਂ ਨੇ ਵਾਰਦਾਤ ਉਪਰੰਤ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਅਤੇ ਪਿਛਲੇ ਗੇਟ ਰਾਹੀਂ ਭੱਜ ਗਏ, ਜਦਕਿ ਪਿਛਲਾ ਗੇਟ ਆਮ ਤੌਰ 'ਤੇ ਬੰਦ ਹੀ ਰਹਿੰਦਾ ਹੈ। ਲਾਕ ਖੋਲ੍ਹ ਕੇ ਭੱਜਣ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਤਲਾਂ ਨੂੰ ਜਾਣਕਾਰੀ ਸੀ ਕਿ ਪਿਛਲੇ ਗੇਟ ਦੀ ਚਾਬੀ ਘਰ ਵਿਚ ਕਿਥੇ ਰੱਖੀ ਹੈ। ਇਸ ਤੋਂ ਇਲਾਵਾ ਔਰਤਾਂ ਵਲੋਂ ਪਾਏ ਗਹਿਣੇ ਅਤੇ ਘਰ ਦਾ ਕੀਮਤੀ ਸਾਮਾਨ ਜਿਉਂ ਦਾ ਤਿਉਂ ਹੋਣ ਕਾਰਨ ਸਪੱਸ਼ਟ ਹੈ ਕਿ ਵਾਰਦਾਤ ਦਾ ਕਾਰਨ ਲੁੱਟ ਨਹੀਂ ਹੈ।
ਕੱਟੀਆਂ ਹੋਈਆਂ ਮਿਲੀਆਂ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਾਰਾਂ
ਪੁਲਸ ਵਾਰਦਾਤ ਟ੍ਰੇਸ ਕਰਨ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ। ਘਟਨਾ ਵਾਲੀ ਥਾਂ 'ਤੇ ਜਾਂਚ ਵਿਚ ਪਤਾ ਲੱਗਾ ਕਿ ਘਰ ਦੇ ਮੁੱਖ ਗੇਟ ਅਤੇ ਪਿਛਲੇ ਗੇਟ ਦੇ ਨਾਲ-ਨਾਲ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਬੀਤੇ ਕਈ ਦਿਨਾਂ ਤੋਂ ਹੀ ਬੰਦ ਪਏ ਸਨ। ਕਿਹਾ ਜਾ ਰਿਹਾ ਹੈ ਕਿ ਕੈਮਰਿਆਂ ਦੀਆਂ ਤਾਰਾਂ ਕੱਟੀਆਂ ਹੋਈਆਂ ਮਿਲੀਆਂ ਹਨ।
ਪੰਪ ਮਾਲਕ ਕੋਲ ਸਨ 4 ਹਥਿਆਰ
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਪੰਪ ਮਾਲਕ ਦੇ ਪਰਿਵਾਰਕ ਮੈਂਬਰਾਂ ਕੋਲ ਕੁਲ 4 ਲਾਇਸੈਂਸੀ ਹਥਿਆਰ ਸਨ, ਜੋ ਕਿ ਚੋਣ ਜ਼ਾਬਤਾ ਲੱਗਣ ਕਾਰਨ ਸ਼ਹਿਰ ਦੇ ਗੰਨ ਹਾਊਸ ਵਿਚ ਜਮ੍ਹਾ ਸਨ। ਜਾਂਚ ਵਿਚ ਪਤਾ ਲੱਗਾ ਕਿ 2008 ਵਿਚ ਪੰਪ ਮਾਲਕ ਦੇ ਪੁੱਤਰ ਦਾ ਕੇ. ਐੱਮ. ਵੀ. ਕਾਲਜ ਨੇੜੇ ਸਥਿਤ ਪੈਟਰੋਲ ਪੰਪ ਕੋਲ ਕਿਸੇ ਨਾਲ ਝਗੜਾ ਹੋ ਗਿਆ ਸੀ, ਜਿਸ ਦੌਰਾਨ ਗੋਲੀ ਵੀ ਚੱਲੀ ਸੀ। ਬਾਅਦ ਵਿਚ ਦੋਵਾਂ ਪੱਖਾਂ ਵਿਚ ਰਾਜ਼ੀਨਾਮਾ ਹੋ ਗਿਆ ਸੀ।
3 ਜ਼ਿੰਦਾ ਕਾਰਤੂਸ ਤੇ 2 ਖੋਲ ਬਰਾਮਦ
ਵਾਰਦਾਤ ਦਾ ਸ਼ਿਕਾਰ ਹੋਈਆਂ ਔਰਤਾਂ ਵਲੋਂ ਪਾਏ ਹੋਏ ਗਹਿਣੇ ਅਤੇ ਘਰ ਵਿਚ ਪਏ ਜ਼ੇਵਰਾਤ ਅਤੇ ਕੈਸ਼ ਆਪਣੀ ਥਾਂ 'ਤੇ ਸਹੀ ਸਲਾਮਤ ਹਨ, ਜਿਸ ਨਾਲ ਵਾਰਦਾਤ ਦਾ ਕਾਰਨ ਲੁੱਟ ਨਹੀਂ, ਬਲਕਿ ਕੁਝ ਹੋਰ ਲੱਗ ਰਿਹਾ ਹੈ। ਪੁਲਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਦੌਰਾਨ 3 ਜ਼ਿੰਦਾ ਕਾਰਤੂਸ ਅਤੇ 2 ਖੋਲ ਬਰਾਮਦ ਕੀਤੇ ਹਨ। ਜਾਂਚ ਕੀਤੀ ਜਾ ਰਹੀ ਹੈ ਕਿ ਘਰ ਦੇ ਮਾਲਕ ਦਾ ਲਾਇਸੈਂਸੀ ਅਸਲਾ ਜਮ੍ਹਾ ਹੈ ਜਾਂ ਨਹੀਂ। ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਮਾਮਲਾ ਜਲਦੀ ਟ੍ਰੇਸ ਕਰ ਲਿਆ ਜਾਵੇਗਾ।
ਪੁਲਸ ਦੀ ਕਾਰਗੁਜ਼ਾਰੀ 'ਤੇ ਲੱਗਾ ਪ੍ਰਸ਼ਨ ਚਿੰਨ੍ਹ
ਚੋਣ ਸੀਜ਼ਨ ਖਤਮ ਹੁੰਦੇ ਹੀ ਸ਼ਹਿਰ ਦੀ ਪੁਲਸ ਵੀ ਇਕ ਤਰ੍ਹਾਂ ਨਾਲ ਖਤਮ ਹੋ ਗਈ ਹੈ ਕਿਉਂਕਿ ਸ਼ਹਿਰ ਵਿਚ ਰੋਜ਼ਾਨਾ ਕਿਤੇ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਕਿਤੇ ਦਿਨ ਦਿਹਾੜੇ ਘਰਾਂ ਵਿਚ ਦਾਖਲ ਹੋ ਕੇ ਕਤਲ ਕੀਤੇ ਜਾ ਰਹੇ ਹਨ, ਜਦਕਿ ਸ਼ਹਿਰ ਦੇ ਪੁਲਸ ਕਮਿਸ਼ਨਰ ਆਪਣੀ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਨਹੀਂ ਥੱਕਦੇ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਜੋਤੀ ਚੌਕ ਕੋਲ ਮੋਟਰਸਾਈਕਲ ਸਵਾਰ ਹਤਿਆਰਿਆਂ ਨੇ ਆਰ. ਐੱਸ. ਐੱਸ. ਦੇ ਸੀਨੀਅਰ ਨੇਤਾ ਜਗਦੀਸ਼ ਗਗਨੇਜਾ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਕਮਿਸ਼ਨਰੇਟ ਪੁਲਸ ਇਸ ਮਾਮਲੇ ਨੂੰ ਹੱਲ ਨਹੀਂ ਕਰ ਸਕੀ ਅਤੇ ਅੱਜ ਸ਼ਹਿਰ ਵਿਚ ਫਿਰ ਤੀਹਰਾ ਕਤਲ ਹੋ ਗਿਆ, ਜੋ ਪੁਲਸ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ।
ਨੋਟਬੰਦੀ ਦੌਰਾਨ ਬੈਂਕ ਖਾਤਿਆਂ 'ਚ ਜਮ੍ਹਾਂ ਹੋਈ ਵੱਡੀ ਰਾਸ਼ੀ 'ਤੇ ਇਨਕਮ ਟੈਕਸ ਵਿਭਾਗ ਸਖ਼ਤ
NEXT STORY