ਜਲੰਧਰ (ਚੋਪੜਾ)— ਪੈਟਰੋਲ-ਡੀਜ਼ਲ ਦੀਆਂ ਮਹਿੰਗੀਆਂ ਕੀਮਤਾਂ ਦੇ ਵਿਰੋਧ 'ਚ ਬੀਤੇ ਦਿਨ ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਸਣੇ ਕਈ ਆਗੂ ਇਕ ਬਲਦਾਂ ਵਾਲੀ ਗੱਡੀ 'ਤੇ ਖੜ੍ਹੇ ਹੋ ਕੇ ਕਾਂਗਰਸ ਭਵਨ ਵੱਲ ਆਏ ਪਰ ਵਿਖਾਵੇ ਵਾਲੀ ਥਾਂ ਤੋਂ ਕੁਝ ਦੂਰੀ 'ਤੇ ਹੀ ਬੈਲਗੱਡੀ ਦੇ ਦੋਵੇਂ ਬਲਦ ਭੂਤਰ ਜਾਣ ਨਾਲ ਪਹਿਲਾਂ ਤਾਂ ਕਾਂਗਰਸੀ ਆਗੂ ਬੈਲਗੱਡੀ ਤੋਂ ਡਿਗਣ ਤੋਂ ਵਾਲ-ਵਾਲ ਬਚੇ। ਬੈਲਗੱਡੀ ਦੇ ਨਾਲ ਆ ਰਹੇ ਉਸ ਦੇ ਮਾਲਕ ਨੇ ਬੈਲਾਂ ਨੂੰ ਕੰਟਰੋਲ ਕਰਨ ਦੀ ਬੇਹੱਦ ਕੋਸ਼ਿਸ਼ ਕੀਤੀ ਪਰ ਬਲਦਾਂ ਦੇ ਕਾਬੂ 'ਚ ਨਾ ਆਉਣ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਿਸ ਕਾਰਨ ਕਾਂਗਰਸੀ ਆਗੂਆਂ ਨੇ ਛਾਲਾਂ ਮਾਰ ਕੇ ਆਪਣਾ ਬਚਾਅ ਕੀਤਾ।
ਜਦੋਂ ਮੋਦੀ ਦੇ ਪੁਤਲੇ ਨੂੰ ਵੀ ਮਿਲੀ ਸਕਿਓਰਿਟੀ
ਸੂਬਾ ਕਾਂਗਰਸ ਪ੍ਰਧਾਨ ਦੇ ਪ੍ਰਦਰਸ਼ਨ ਸਥਾਨ 'ਤੇ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸੀ ਆਗੂਆਂ ਨੇ ਨਰਿੰਦਰ ਮੋਦੀ ਦੇ ਪੁਤਲੇ ਨੂੰ ਪ੍ਰਦਰਸ਼ਨ ਸਥਾਨ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਇਸ ਦੌਰਾਨ ਕਾਂਗਰਸੀ ਵਰਕਰਾਂ 'ਚ ਪੁਤਲੇ ਦੇ ਨਾਲ ਫੋਟੋ ਖਿਚਵਾਉਣ ਦੀ ਹੋੜ ਲੱਗ ਗਈ। ਜਿਸ ਨੂੰ ਦੇਖਦਿਆਂ ਪੁਤਲੇ ਦੀ ਸਕਿਓਰਿਟੀ ਦਾ ਪ੍ਰਬੰਧ ਕਰਦਿਆਂ ਉਥੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤਾ ਗਿਆ ਤਾਂ ਜੋ ਕੋਈ ਸ਼ਰਾਰਤੀ ਪੁਤਲੇ ਨੂੰ ਪਹਿਲਾਂ ਹੀ ਅੱਗ ਦੇ ਹਵਾਲੇ ਨਾ ਕਰ ਦੇਵੇ।
ਪ੍ਰਦਰਸ਼ਨ ਕਾਰਨ ਰਸਤੇ ਕੀਤੇ ਬੰਦ, ਜਨਤਾ ਹੋਈ ਪਰੇਸ਼ਾਨ
ਕਾਂਗਰਸ ਦੇ ਪ੍ਰਦਰਸ਼ਨ ਕਾਰਨ ਪੁਲਸ ਨੇ ਡੀ. ਸੀ. ਦਫਤਰ ਦੇ ਕੋਲ ਸਾਰੀਆਂ ਸੜਕਾਂ 'ਤੇ ਬੈਰੀਕੇਡਸ ਲਗਾ ਕੇ ਆਵਾਜਾਈ ਰੋਕ ਦਿੱਤੀ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਸੜਕਾਂ ਨੂੰ ਇਕ ਘੰਟਾ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਸਭ ਤੋਂ ਵੱਧ ਪਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੋਈ ਜੋ ਦੂਰ-ਦੁਰਾਡੇ ਇਲਾਕਿਆਂ ਤੋਂ ਆਪਣਾ ਕੰਮ ਕਰਵਾਉਣ ਲਈ ਮਿੰੰਨੀ ਸੈਕਟਰੀਏਟ ਆ ਰਹੇ ਸਨ। ਅਨੇਕਾਂ ਲੋਕ ਆਪਣੀਆਂ ਗੱਡੀਆਂ ਸੜਕ ਕਿਨਾਰੇ ਪਾਰਕ ਕਰਦੇ ਦਫਤਰ ਨੂੰ ਜਾਂਦੇ ਦਿਸੇ। ਪ੍ਰਦਰਸ਼ਨ ਖਤਮ ਹੋਣ ਤੋਂ ਬਾਅਦ ਹੀ ਰਸਤਿਆਂ ਨੂੰ ਖੋਲ੍ਹਿਆ ਗਿਆ।
ਕੇਂਦਰ ਸਰਕਾਰ ਤੇ ਭਾਜਪਾ ਨੂੰ ਤਾਂ ਘੇਰਿਆ ਪਰ ਧੜਿਆਂ 'ਚ ਦਿਸੇ ਕਾਂਗਰਸੀ
ਕਾਂਗਰਸ ਦੇ ਵਿਸ਼ਵਾਸਘਾਤ ਦਿਹਾੜਾ ਪ੍ਰੋਗਰਾਮ ਦੌਰਾਨ ਲੰਮੇ ਸਮੇਂ ਤੋਂ ਬਾਅਦ ਕਾਂਗਰਸ ਦੇ ਕਿਸੇ ਪ੍ਰੋਗਰਾਮ ਵਿਚ ਸਾਰੇ ਕਾਂਗਰਸੀ ਵਿਧਾਇਕ ਨਜ਼ਰ ਆਏ ਪਰ ਭਾਜਪਾ ਨੂੰ ਘੇਰਨ ਦੌਰਾਨ ਉਹ ਕਈ ਧੜਿਆਂ ਵਿਚ ਵੰਡੇ ਹੋਏ ਸਨ। ਸੂਬਾ ਕਾਂਗਰਸ ਪ੍ਰਧਾਨ ਅਤੇ ਹੋਰ ਆਗੂਆਂ ਦੀ ਉਡੀਕ 'ਚ ਤਹਿਸੀਲ ਕੰਪਲੈਕਸ ਦੀ ਸੜਕ 'ਤੇ ਆਪਣੇ-ਆਪਣੇ ਹਲਕਾ ਪੱਧਰ 'ਤੇ ਇਕਜੁਟ ਕਾਂਗਰਸੀ ਵੱਖ-ਵੱਖ ਢੰਗ ਨਾਲ ਪ੍ਰਦਰਸ਼ਨ ਕਰਦੇ ਰਹੇ। ਇਸ ਤੋਂ ਪਹਿਲਾਂ ਵੀ ਸਾਰੇ ਵਿਧਾਇਕ ਆਪਣੇ ਹਲਕਿਆਂ ਨਾਲ ਸਬੰਧਿਤ ਕੌਂਸਲਰਾਂ, ਸਾਬਕਾ ਕੌਂਸਲਰਾਂ ਅਤੇ ਹੋਰ ਆਗੂਆਂ ਦੇ ਨਾਲ ਕਾਫਲਾ ਬਣਾ ਕੇ ਕਾਂਗਰਸ ਭਵਨ ਪਹੁੰਚੇ। ਜਾਖੜ ਜੋ ਕਿ ਆਪਣੇ ਤੈਅ ਪ੍ਰੋਗਰਾਮ ਤੋਂ ਡੇਢ ਘੰਟਾ ਲੇਟ ਪਹੁੰਚੇ। ਜਿਸ ਕਾਰਨ ਲੰਮੀ ਉਡੀਕ ਅਤੇ ਕੜਕਦੀ ਧੁੱਪ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਪ੍ਰੇਸ਼ਾਨ ਕਰੀ ਰੱਖਿਆ ਪਰ ਜਦੋਂ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਉਨ੍ਹਾਂ ਵਿਚ ਸ਼ਾਮਲ ਹੋਏ ਤਾਂ ਸਾਰੇ ਆਗੂਆਂ ਨੇ ਇਕਜੁੱਟਤਾ ਤੇ ਜੋਸ਼ ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਢੰਗ ਨਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਮੇਅਰ ਜਗਦੀਸ਼ ਰਾਜ ਰਾਜਾ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਡਾ. ਜਸਲੀਨ ਸੇਠੀ, ਸੂਬਾ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਅਰੋੜਾ, ਸੁਸ਼ਮਾ ਗੌਤਮ, ਡਾ. ਨਵਜੋਤ ਦਹੀਆ, ਕਾਕੂ ਆਹਲੂਵਾਲੀਆ, ਅੰਮ੍ਰਿਤ ਖੋਸਲਾ, ਮਨਜੀਤ ਸਿੰਘ ਸਰੋਆ, ਸਤਨਾਮ ਬਿੱਟਾ ਸਮੇਤ ਹੋਰ ਮੌਜੂਦ ਸਨ।
ਮਾਮਲਾ ਅਸ਼ਲੀਲ ਵੀਡੀਓ ਗਰੁੱਪ 'ਚ ਪਾਉਣ ਦਾ : ਸਕੂਲ ਮੁਖੀ ਬੱਚਿਆਂ 'ਤੇ ਮੜ੍ਹ ਰਿਹੈ ਆਪਣਾ ਕਸੂਰ
NEXT STORY