ਨਿਰਗੁਣ ਸ਼ਬਦ ਵਿਚਾਰ
ਛੱਬੀਵੀਂ ਪਉੜੀ
ਜੇਵਡੁ ਭਾਵੈ ਤੇਵਡੁ ਹੋਇ ਨਾਨਕ ਜਾਣੈ ਸਾਚਾ ਸੋਇ।।
ਅਮੁਲ ਗੁਣ ਅਮੁਲ ਵਾਪਾਰ। ਅਮੁਲ ਵਾਪਾਰੀਏ ਅਮੁਲ ਭੰਡਾਰ।। ਅਮੁਲ ਆਵਹਿ ਅਮੁਲ ਲੈ ਜਾਹਿ।। ਅਮੁਲ ਭਾਇ ਅਮੁਲਾ ਸਮਾਹਿ।। ਅਮੁਲੁ ਧਰਮੁ ਅਮੁਲੁ ਦੀਬਾਣ।। ਅਮੁਲੁ ਤੁਲੁ ਅਮੁਲੁ ਪਰਵਾਣੁ॥ ਅਮੁਲੁ ਬਖਸੀਸ ਅਮੁਲੁ ਨੀਸਾਣੁ॥ ਅਮੁਲੁ ਕਰਮੁ ਅਮੁਲੁ ਫੁਰਮਾਣੁ।। ਅਮੁਲੋ ਅਮੁਲੁ ਆਖਿਆ ਨ ਜਾਇ।। ਆਖਿ ਆਖਿ ਰਹੇ ਲਿਵ ਲਾਇ।। ਆਖਹਿ ਵੇਦ ਪਾਠ ਪੁਰਾਣ।। ਆਖਹਿ ਪੜੇ ਕਰਹਿ ਵਖਿਆਣ।। ਆਖਹਿ ਬਰਮੇ ਆਖਹਿ ਇੰਦ।। ਆਖਹਿ ਗੋਪੀ ਤੈ ਗੋਵਿੰਦ।। ਆਖਹਿ ਈਸਰ ਆਖਹਿ ਸਿਧ।। ਆਖਹਿ ਕੇਤੇ ਕੀਤੇ ਬੁਧ।। ਆਖਹਿ ਦਾਨਵ ਆਖਹਿ ਦੇਵ।। ਆਖਹਿ ਸੁਰਿ ਨਰ ਮੁਨ ਜਨ ਸੇਵ।। ਕੇਤੇ ਆਖਹਿ ਆਖਣਿ ਪਾਹਿ।। ਕੇਤੇ ਕਹਿ ਕਹਿ ਉਠਿ ਉਠਿ ਜਾਹਿ।।ਏਤੇ ਕੀਤੇ ਹੋਰਿ ਕਰੇਹਿ।। ਤਾ ਆਖਿ ਨ ਸਕਹਿ ਕੇਈ ਕੇਇ।। ਜੇਵਡੁ ਭਾਵੈ ਤੇਵਡੁ ਹੋਇ ।। ਨਾਨਕ ਜਾਣੈ ਸਾਚਾ ਸੋਇ।। ਜੇ ਕੋ ਆਖੈ ਬੋਲੁ ਵਿਗਾੜੁ।। ਤਾ ਲਿਖਿਐ ਸਿਰਿ ਗਾਵਾਰਾ ਗਾਵਾਰੁ।।੨੬।।
ਜਦੋਂ ਅਸੀਂ ਬਾਣੀ ਦੇ ਚਿੰਤਨ ’ਚੋਂ ਗੁਜ਼ਰਨਾ ਹੈ ਤਾਂ ਬਹੁਤ ਹੀ ਧਿਆਨ ਨਾਲ, ਵਿਵੇਕ ਨਾਲ, ਬੈਰਾਗ ਨਾਲ, ਸੰਵੇਦਨਾ ਨਾਲ, ਹੁਕਮ ਅਤੇ ਜਾਗਦੇ ’ਚ ਰਹਿ ਕੇ ਵਿਚਰਨਾ ਹੈ। ਬਹੁਤ ਜਾਗਣਾ ਹੈ। ਸਾਡੇ ਸਤਿਗੁਰ ਲੋਕ ਜਦੋਂ ਕੋਈ ਵੀ ਵਿਚਾਰ ਦੇ ਰਹੇ ਹੁੰਦੇ ਨੇ, ਉਨ੍ਹਾਂ ਦੇ ਸ਼ਬਦਾਂ ਦੀ ਲੋਅ ਬ੍ਰਹਿਮੰਡ ’ਚ ਫੈਲ ਰਹੀ ਹੁੰਦੀ ਹੈ। ਉਨ੍ਹਾਂ ਦੇ ਸ਼ਬਦ ਘੜਦਿਆਂ ਹੀ ਅਨੰਤ ਸੰਖਾਂ/ਘੜਿਆਲਾਂ/ਨਰਸਿੰਘਿਆਂ ਦੀਆਂ ਆਵਾਜ਼ਾਂ ਪੈਦਾ ਹੋ ਰਹੀਆਂ ਹੁੰਦੀਆਂ ਨੇ। ਸ਼ਬਦ ਬਰਸਦਾ ਹੈ। ਦਯਾ ਬਣ ਕੇ ਬਰਸਦਾ ਹੈ। ਕਰੁਣਾ ਬਣ ਕੇ ਬਰਸਦਾ ਹੈ। ਇਕ ਉਦਾਹਰਣ ਨਾਲ ਸਮਝਦੇ ਹਾਂ ਇਹ ਸਾਰਾ ਕੁੱਝ ਕਿ ਕਿਵੇਂ ਧਿਆਨ ਦੀ ਜ਼ਰੂਰਤ ਹੈ ਬਾਣੀ ਵਿਚਾਰਦਿਆਂ। ਦੁੱਖ ਦੀ ਗੱਲ ਕਰਦੇ ਨੇ ਸਤਿਗੁਰ ਲੋਕ। ਦੁੱਖ ਕੀ ਹੈ। ਆਪੋ-ਆਪਣੇ ਅੰਦਾਜ਼ ’ਚ। ਆਪੋ-ਆਪਣੀ ਸ਼ੈਲੀ ’ਚ। ਇਸ਼ਾਰਿਆਂ ’ਚ। ਬਾਬਾ ਸ਼ੇਖ ਫਰੀਦ ਜੀ ਕਹਿ ਰਹੇ ਨੇ : ‘ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ’ ਸਾਰਾ ਸੰਸਾਰ ਹੀ ਦੁਖੀ ਹੈ। ਪਰ ਪਤਾ ਉਦੋਂ ਲੱਗਾ ਜਦੋਂ ਊਚੇ ਚੜਿ ਕੈ ਦੇਖਿਆ। ਹੁਣ ਇੱਥੇ ਉਚਾਈ ਨਹੀਂ ਹੈ, ਨੀਵਾਣੁ ਹੀ ਇਹ ਹੈ। ਨਿਮਰਤਾ ਹੀ ਇਹ ਹੈ। ਉਹਦੇ ਅੱਗੇ ਝੁਕਣਾ ਹੈ। ‘ਊਚੇ’ ਇਸ਼ਾਰਾ ਉੱਪਰ ਉੱਠ ਜਾਣ ਦਾ ਹੈ। ਉਹਦੀ ਰਜ਼ਾ ਜਾਣ ਲਈ। ਸਮਝ ਲੱਗ ਗਈ ਕਿ ਕੀ ਹੈ। ਫਿਰ ਖ਼ੁਦ ਦੇ ਦੁੱਖ ਨੂੰ ਭੁੱਲ ਗਏ। ਮੇਰਾ ਤਾਂ ਦੁੱਖ ਹੀ ਕੁੱਝ ਨਹੀਂ। ਇਸ ਲਈ ਇਕ ਗਹਿਰਾ ਇਸ਼ਾਰਾ ਉਹ ਕਰ ਗਏ। ਸਮਝ ਉਦੋਂ ਲੱਗੀ ਜਦੋਂ ਗਿਆਨ ਨੇ ਉੱਪਰ ਵੱਲ ਉਠਾਣ ਲਈ। ਜਦੋਂ ਉਹਦੇ ਸਾਹਮਣੇ ਸਭ ਸਰੰਡਰ ਕਰ ਦਿੱਤਾ। ਹੁਣ ਦੁੱਖ ਵੀ ਉਹ ਦੁੱਖ ਨਹੀਂ ਹੈ, ਜੋ ਦੁਨੀਆਵੀ ਹੈ। ਦੁੱਖ ਤਾਂ ਉਹਦੀ ਬਿਰਹਾ ਦਾ ਹੈ। ਬਾਬਾ ਸ਼ੇਖ ਫਰੀਦ ਤਦੇ ਤਾਂ ਬਿਰਹਾ ਨੂੰ ਸੁਲਤਾਨ ਕਹਿੰਦੇ ਨੇ। ਜਿਸ ਤਨ ਬਿਰਹਾ ਨਹੀਂ ਉਪਜਦੀ, ਉਹ ਤਨ ਮਸਾਣ ਬਰਾਬਰ ਹੈ। ਇਸੇ ਦੁੱਖ ’ਚ ਨੇ ਬਾਬਾ ਫਰੀਦ। ਤੜਪ ਰਹੇ। ਔਰ ਦੁਨੀਆ ਦਾ ਦੁੱਖ ਹੋਰ ਹੈ। ਉਹ ਭਟਕ ਗਈ ਹੈ, ਤਾਂ ਮੱਚ ਰਹੀ ਹੈ। ਦੁਨੀਆਵੀ ਅਗਨ ’ਚ ਮੱਚਦੇ ਸੰਸਾਰ ਨੂੰ ਸਿਰਫ ਬਾਬਾ ਫਰੀਦ ਦੇਖ ਸਕਦੇ ਨੇ।
ਹੁਣ ਇਸੇ ਦੁੱਖ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇਖ ਰਹੇ ਨੇ। ਮਹਿਸੂਸ ਕਰ ਰਹੇ ਨੇ। ਉਹ ਇਹਦੇ ਤੋਂ ਅਗਾਂਹ ਲੈ ਗਏ ਨੇ ਗੱਲ। ਦੁੱਖ ’ਚ ਮਚਣ ਤੋਂ ਬਚਣ ਤੱਕ ਲੈ ਗਏ ਨੇ। ‘ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮੁ ਆਧਾਰ’ ਸਾਰਾ ਸੰਸਾਰ ਹੀ ਦੁਖੀ ਹੈ। ਬਾਬਾ ਫਰੀਦ ਦੇਖ ਰਹੇ ਨੇ, ਗੁਰੂ ਨਾਨਕ ਦੇਖ ਰਹੇ ਨੇ। ਸੰਸਾਰ ਦੁੱਖ ਹੈ। ਸਾਰੇ ਜੀਵ ਦੁਖੀ ਨੇ। ਪਰ ਕਿਤੇ ਸੁੱਖ ਪਿਆ ਹੈ। ਉਹ ਕੀ ਹੈ। ਗੁਰੂ ਨਾਨਕ ਕਿਰਪਾ ਕਰਦੇ ਨੇ। ਉਹ ਦੱਸਦੇ ਨੇ ਕਿ ਜਿਸਨੇ ਉਸ ਨਾਮੁ ਨੂੰ ਆਧਾਰ ਬਣਾ ਲਿਆ, ਉਹ ਸੁਖੀਆ। ਉਹਦੇ ਨਾਮੁ ’ਚ ਵਿਲੀਨਤਾ, ਕੁਦਰਤ ’ਚ ਵਿਲੀਨਤਾ, ਆਪਾ ਹੀ ਤਿਆਗ ਦਿਓ। ਬੱਸ ਉਹ ਸੁਖੀ ਹੈ। ਗੁਰੂ ਨਾਨਕ ਨਾਮਲੇਵਾ ਸੁਖੀ ਹੈ। ਜਪੁਜੀ ਸਾਹਿਬ ਇਸੇ ਨਾਮੁ ਦੀ ਵਡਿਆਈ ਹੈ। ਇਸੇ ਨਾਮੁ ਤੱਕ ਪਹੁੰਚਣ ਦਾ ਇਕ ਮਾਰਗ ਹੈ। ਕਿਵੇਂ ਪਹੁੰਚਣਾ ਹੈ ਇਸ ਅਵਸਥਾ ਨੂੰ। ਇਹ ਅਵਸਥਾ ਬਹੁਤ ਗਹਿਰੀ ਹੈ। ਇੱਥੇ ਪਹੁੰਚਣਾ ਹਾਰੀ-ਸਾਰੀ ਦੇ ਵੱਸ ਨਹੀਂ। ਪਰ ਗੁਰੂ ਨਾਨਕ ਤੁਹਾਨੂੰ ਉਸ ਥਾਂ ਲੈ ਜਾਂਦੇ ਨੇ, ਜਿੱਥੇ ਨੂਰ ਬਰਸਣ ਦੀ ਸੰਭਾਵਨਾ ਪਈ ਹੈ।
ਇਥੇ ਕਬੀਰ ਸਤਿਗੁਰ ਦੀ ਅਵਸਥਾ ਹੋਰ ਗਹਿਰੀ ਹੈ। ਉਹ ਅਲੱਗ ਧਰਾਤਲ ’ਤੇ ਪਹੁੰਚ ਗਏ ਨੇ। ਅਕਾਸ਼ ਮੰਡਲ ਹੀ ਹੋਰ। ਦੁੱਖ ਦੀ ਗੱਲ ਕਰ ਰਹੇ ਨੇ। ‘ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ’ ਹੱਡ ਜਿਵੇਂ ਲੱਕੜ ਬਲ ਰਹੀ ਹੋਵੇ। ਕੇਸ ਜਿਵੇਂ ਘਾਹ ਬਲ਼ ਰਿਹਾ ਹੋਵੈ। ਕਿੱਥੇ ਤੱਕ ਦੁੱਖ ਹੈ। ਕਿੰਨਾ ਵੱਡਾ ਸਦਮਾ ਹੈ। ਕਿੱਡਾ ਵੱਡਾ ਸੰਕਟ ਸਹੇੜ ਲਿਆ ਹੈ। ਬਲ਼ ਰਿਹਾ ਹੈ। ਬਾਬਾ ਫਰੀਦ ਇਹਨੂੰ ਗੁੱਝੀ ਅਗਨ ਕਹਿੰਦੇ ਨੇ। ਸਤਿਗੁਰ ਕਬੀਰ ਸ਼ਰੇਆਮ ਮੱਚਦਾ ਦੇਖ ਰਹੇ ਨੇ ਬੰਦੇ ਨੂੰ। ਲੱਕੜ ਵਾਂਗ। ਘਾਹ ਵਾਂਗ। ਔਰ ਇਸ ਜਗਤ ਜਲਦੇ ਨੂੰ ਦੇਖ ਕੇ ਕਬੀਰ ਉਦਾਸ ਨੇ। ਉਹ ਉਦਾਸ ਨੇ, ਕਿਉਂਕਿ ਜਾਗਦੇ ਨੇ। ਲੋਕ ਦੁਖੀ ਨੇ, ਕਿਉਂਕਿ ਖਾਂਦੇ ਨੇ ਅਤੇ ਸੌਂਦੇ ਨੇ। ਜਦੋਂ ਕੋਈ ਜਾਗ ਰਿਹਾ ਹੋਵੇਗਾ, ਉਹ ਉਦਾਸ ਹੋਵੇਗਾ। ਕਬੀਰ ਜਾਗਦੇ ਨੇ। ਗਿਆਨੀ ਨੇ। ਵਿਵੇਕੀ ਨੇ। ਹੁਣ ਬੈਰਾਗ ਦੀ ਅਵਸਥਾ ’ਚ ਨੇ, ਤਾਂ ਹੀ ਉਦਾਸ ਨੇ। ਉਹਦੇ ਅੱਗੇ ਜ਼ੋਰ ਨਹੀਂ ਹੈ। ਸਭ ਜਾਣਦੇ ਨੇ, ਪਰ ਬੰਦੇ ਨੂੰ ਬਲ਼ਦਾ ਵੀ ਤਾਂ ਨਹੀਂ ਦੇਖਿਆ ਜਾ ਸਕਦਾ। ਉਹਦੇ ਹਿਰਦੇ 'ਤੇ ਸੱਟ ਵੱਜਦੀ ਹੈ। ਤਦੇ ਉਦਾਸ ਨੇ।
ਗੁਰੂ ਨਾਨਕ ਦੇਵ ਪਾਤਸ਼ਾਹ ਇਸੇ ਦੁੱਖ ’ਚੋਂ ਬਾਹਰ ਜਾ ਕੇ ਕਿਵੇਂ ਨਾਮੁ ਨੂੰ ਆਧਾਰ ਬਣਾਉਣਾ ਹੈ, ਉਨ੍ਹਾਂ ਨੁਕਤਿਆਂ ਨੂੰ ਵਿਚਾਰਦੇ ਨੇ। ਛੱਬੀਵੀਂ ਪਉੜੀ ਉਸੇ ਰਾਹ ਜਾਣ ਦੇ ਕੁੱਝ ਰਸਤੇ ਨੇ। ਕੁੱਝ ਮਰੋੜੀਆਂ ਨੇ, ਜਿਨ੍ਹਾਂ ਨੂੰ ਸਤਿਗੁਰ ਖੋਲ੍ਹਦੇ ਨੇ ਤੇ ਬੰਦੇ ਨੂੰ ਉਸ ਨੂਰ ਦੇ ਨਜ਼ਦੀਕ ਲੈ ਜਾਣ ਲਈ ਰਾਹ ਮੋਕਲਾ ਕਰਦੇ ਨੇ। ਪਹਿਲਾ ਨੁਕਤਾ ਉਸਦਾ ਦਯਾ ਸਵਰੂਪ ਹੈ। ਉਹਦੇ ਭੰਡਾਰ ਅਮੁੱਲ ਨੇ। ਲੈ ਜਾਣ ਵਾਲੇ ਵੀ ਅਮੁੱਲ ਨੇ। ਦੇਣ ਵਾਲਾ ਵੀ ਅਮੁੱਲ ਹੈ। ਉੱਥੇ ਨਿਹਮਤਾਂ ਨੇ। ਉਨ੍ਹਾਂ ਦੀ ਉਸਤਤ ਹੈ। ਉੱਥੇ ਸ਼ਬਦ ਦਾ ਵਿਓਪਾਰ ਹੈ। ਅਮੁਲ ਗੁਣ ਅਮੁਲ ਵਾਪਾਰ।। ਅਮੁਲ ਵਾਪਾਰੀਏ ਅਮੁਲ ਭੰਡਾਰ।। ਅਮੁਲ ਆਵਹਿ ਅਮੁਲ ਲੈ ਜਾਹਿ।। ਅਮੁਲ ਭਾਇ ਅਮੁਲਾ ਸਮਾਹਿ।। ਉਹਦੀ ਉਸਤਤ ਹੈ। ਵਡਿਆਈ ਹੈ। ਇਸੇ ਨੂੰ ਵਿਚਾਰਨਾ ਹੈ।
ਰਤਾ ਕੁ ਅੱਗੇ ਜਾ ਕੇ ਉਹਦੇ ਦਰਬਾਰ ਦਾ ਭੈਅ ਹੈ। ਉਹਦੇ ਖੌਫ ’ਚ ਰਹਿਣਾ ਹੈ। ਉਹਦੇ ਹੁਕਮ ’ਚ ਰਹਿਣਾ ਹੈ। ਉਹਦੇ ਹੁਕਮ ਦੀ ਅਦੂਲੀ ਨਹੀਂ ਕਰਨੀ। ਹੁਕਮ ਦੇ ਪਾਸਾਰ ਨੇ ਇੱਥੇ। ਗੁਰੂ ਸਾਹਿਬ ਨੇ ਉਸੇ ਪਾਸਾਰ ਨੂੰ ਨਵੇਂ ਸਿਰਿਓਂ ਖੋਲ੍ਹ ਕੇ ਦੱਸਿਆ ਹੈ। ਅਮੁਲੁ ਧਰਮੁ ਅਮੁਲੁ ਦੀਬਾਣ।। ਅਮੁਲੁ ਤੁਲੁ ਅਮੁਲੁ ਪਰਵਾਣੁ॥ ਅਮੁਲੁ ਬਖਸੀਸ ਅਮੁਲੁ ਨੀਸਾਣੁ॥ ਅਮੁਲੁ ਕਰਮੁ ਅਮੁਲੁ ਫੁਰਮਾਣੁ।। ਉਹਦਾ ਜੋ ਦਰਬਾਰ ਹੈ, ਉਹਦਾ ਜੋ ਹੁਕਮ ਹੈ, ਉਹਦਾ ਜੋ ਫੁਰਮਾਣ ਹੈ, ਸਭ ਅਮੁੱਲ ਹੈ। ਕੋਈ ਉਹਦਾ ਮੁੱਲ ਨਹੀਂ ਪਾ ਸਕਦਾ। ਉਹ ਅਪਰੰਪਾਰ ਹੈ। ਉਹ ਅਨੰਤ ਹੈ। ਉਹ ਅਖੰਡ ਹੈ। ਉਹ ਇੱਕ ਜੋਤ ਹੈ। ਉਹ ਇੱਕਰੂਪ ਹੈ। ਸਮਝਣਾ ਹੈ। ਇਸੇ ਰੂਪ ਦੀ ਅਰੂਪਤਾ/ਇੱਕਰੂਪਤਾ ਨੂੰ ਸਮਝਣਾ ਹੈ। ਫਿਰ ਇਹ ਵੀ ਕਿ ਇਸਨੂੰ ਆਖਿਆ ਨਹੀਂ ਜਾ ਸਕਦਾ। ਅਮੁਲੋ ਅਮੁਲੁ ਆਖਿਆ ਨ ਜਾਇ।। ਆਖਿ ਆਖਿ ਰਹੇ ਲਿਵ ਲਾਇ।। ਲਿਵ ਲੱਗ ਗਈ ਹੈ ਆਖਣ ਵਾਲਿਆਂ ਦੀ। ਨਹੀਂ ਕਹਿ ਸਕਦੇ। ਦੱਸ ਹੀ ਨਹੀਂ ਸਕਦੇ।
ਬਹੁਤ ਹੀ ਬਰੀਕ ਨੇ ਨੁਕਤੇ। ਨੰਗੀ ਅੱਖ ਨਾਲ ਨਹੀਂ ਦੇਖੇ ਜਾ ਸਕਦੇ। ਧੁਰ ਤੱਕ ਪਹੁੰਚਦੇ ਨੇ ਸਤਿਗੁਰੂ। ਆਖਹਿ ਵੇਦ ਪਾਠ ਪੁਰਾਣ।। ਆਖਹਿ ਪੜੇ ਕਰਹਿ ਵਖਿਆਣ।। ਆਖਹਿ ਬਰਮੇ ਆਖਹਿ ਇੰਦ।। ਆਖਹਿ ਗੋਪੀ ਤੈ ਗੋਵਿੰਦ।। ਆਖਹਿ ਈਸਰ ਆਖਹਿ ਸਿਧ।। ਆਖਹਿ ਕੇਤੇ ਕੀਤੇ ਬੁਧ।। ਆਖਹਿ ਦਾਨਵ ਆਖਹਿ ਦੇਵ।। ਆਖਹਿ ਸੁਰਿ ਨਰ ਮੁਨ ਜਨ ਸੇਵ।। ਕੇਤੇ ਆਖਹਿ ਆਖਣਿ ਪਾਹਿ।। ਕੇਤੇ ਕਹਿ ਕਹਿ ਉਠਿ ਉਠਿ ਜਾਹਿ।। ਏਤੇ ਕੀਤੇ ਹੋਰਿ ਕਰੇਹਿ।। ਤਾ ਆਖਿ ਨ ਸਕਹਿ ਕੇਈ ਕੇਇ।। ਵੇਦ/ਪੁਰਾਣ/ਬੁੱਧ/ਸਿੱਧ/ਦਾਨਵ/ਦੇਵ/ਗੋਪੀ/ਗੋਵਿੰਦ, ਕੋਈ ਨਹੀਂ ਆਖ ਸਕਿਆ। ਗੋਵਿੰਦ ਵੀ ਨਹੀਂ। ਗੋਪੀਆਂ ਤਾਂ ਕੀ, ਗੋਵਿੰਦ ਵੀ ਨਹੀਂ। ਨਹੀਂ ਆਖ ਸਕਿਆ। ਨਹੀਂ ਆਖਣਾ ਹੀ ਨਹੀਂ ਹੈ। ਗੁਰੂ ਨਾਨਕ ਇਸੇ ਗੱਲ ਨੂੰ ਦ੍ਰਿੜਾ ਰਹੇ ਨੇ, ਆਖ ਨਹੀਂ ਸਕਦਾ ਕੋਈ।
ਫਿਰ ਕੀ ਹੈ ਕਿ ਆਖਿਰ ਹੈ ਕੀ? ਜਿਸਨੂੰ ਆਖਿਆ ਨਹੀਂ ਜਾ ਸਕਦਾ। ਜੇਵਡੁ ਭਾਵੈ ਤੇਵਡੁ ਹੋਇ।। ਨਾਨਕ ਜਾਣੈ ਸਾਚਾ ਸੋਇ।। ਜੇ ਕੋ ਆਖੈ ਬੋਲੁ ਵਿਗਾੜੁ।। ਤਾ ਲਿਖਿਐ ਸਿਰਿ ਗਾਵਾਰਾ ਗਾਵਾਰੁ।।੨੬।। ਉਹ ਜੋ ਹੈ, ਉਹੀ ਹੈ। ਉਹੀ ਦੱਸ ਸਕਦਾ ਹੈ। ਉਹੀ ਸੁਣ ਸਕਦਾ ਹੈ। ਉਹੀ ਆਖ ਸਕਦਾ ਹੈ। ਜੇਕਰ ਕੋਈ ਹੋਰ ਕਹੇਗਾ/ਦੱਸੇਗਾ/ਆਖੇਗਾ, ਉਹ ਮਾਰ ਖਾ ਜਾਏਗਾ। ਉਹਨੂੰ ਜੋ ਭਾਉਂਦਾ ਹੈ। ਉਹਦੀ ਜੋ ਰਜ਼ਾ ਹੈ। ਉਹਦਾ ਜੋ ਭਾਣਾ ਹੈ। ਜਦੋਂ ਸੁਰਤੀ ਇਥੇ ਪਹੁੰਚੇਗੀ, ਤਾਂ ਅੰਤਰ ’ਚ ਜੋ ਘਟਿਤ ਹੋਵੇਗਾ, ਅਨੰਤ ਅਨੰਦ ਦੇ ਅਹਿਸਾਸ ਵਰਗਾ ਹੋਵੇਗਾ।
-ਦੇਸ ਰਾਜ ਕਾਲੀ
ਟੈਂਟ ਸਿਟੀ, ਪੁਲ, ਸੜਕਾਂ ਦੇ ਕੰਮ ਅਕਤੂਬਰ ਦੇ ਅਖੀਰਲੇ ਹਫਤੇ 'ਚ ਪੂਰਾ ਹੋਣ ਦੀ ਆਸ
NEXT STORY