ਸੁਲਤਾਨਪੁਰ ਲੋਧੀ (ਸੋਢੀ)— ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ 'ਤੇ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਮਨਾਇਆ ਜਾ ਰਿਹਾ ਹੈ। ਜਿਸ ਕਾਰਨ ਸੰਗਤਾਂ ਦੀਆਂ ਨਜ਼ਰਾਂ ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੀਆਂ ਤਿਆਰੀਆਂ 'ਤੇ ਲੱਗੀਆਂ ਹੋਈਆਂ ਹਨ। ਇਸ ਮਹਾਨ ਸਮਾਗਮ ਨੂੰ ਮਨਾਉਣ ਲਈ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ 'ਚ ਸ਼ਰਧਾਲੂ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ ਅਤੇ ਲੱਖਾਂ ਸੰਗਤਾਂ 1 ਨਵੰਬਰ ਤੋਂ 13 ਨਵੰਬਰ ਤੱਕ ਹੋਣ ਵਾਲੇ ਗੁਰਮਤਿ ਸਮਾਗਮਾਂ 'ਚ ਪੁੱਜਣ ਦੀ ਆਸ ਹੈ। ਇਸ ਸਬੰਧ 'ਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਤਾਂ-ਮਹਾਪੁਰਸ਼ਾਂ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ, ਗੁਰਦੁਆਰਾ ਸ੍ਰੀ ਹੱਟ ਸਾਹਿਬ, ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਵਿਖੇ ਕਾਰ ਸੇਵਾ ਰਾਹੀਂ ਵੱਖ-ਵੱਖ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ, ਉਥੇ ਪੰਜਾਬ ਸਰਕਾਰ ਵੱਲੋਂ ਵੀ ਪਵਿੱਤਰ ਨਗਰੀ 'ਚ 400 ਏਕੜ ਜ਼ਮੀਨ 'ਚ ਤਕਰੀਬਨ 70 ਹਜ਼ਾਰ ਸ਼ਰਧਾਲੂਆਂ ਦੀ ਰਿਹਾਇਸ਼ ਲਈ ਵੱਖ-ਵੱਖ ਟੈਂਟ ਸਿਟੀ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਪਵਿੱਤਰ ਵੇਈਂ ਕਿਨਾਰੇ 22 ਹਜ਼ਾਰ ਸੰਗਤਾਂ ਦੇ ਸਮਾਗਮ 'ਚ ਬੈਠਣ ਲਈ ਇਕ ਆਲੀਸ਼ਾਨ ਪੰਡਾਲ ਬਣਾਇਆ ਜਾ ਰਿਹਾ ਹੈ।
ਪਵਿੱਤਰ ਵੇਈਂ 'ਚ ਦੋ ਵੱਡੇ ਪੁਲਾਂ ਦਾ ਹੋ ਰਿਹੈ ਨਿਰਮਾਣ
ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ 'ਤੇ ਦੋ ਵੱਡੇ ਸੀਮੈਂਟ ਵਾਲੇ ਪੁਲਾਂ ਦਾ ਨਿਰਮਾਣ ਚੱਲ ਰਿਹਾ ਹੈ ਅਤੇ ਇਕ ਲੋਹੇ ਦੇ ਗਾਡਰਾਂ ਨਾਲ ਆਰਜ਼ੀ ਪੁਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਵੀ ਆਈ ਪੀਜ਼ ਲੰਘਣ ਵਾਸਤੇ ਆਉਣ ਅਤੇ ਜਾਣ ਲਈ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਸੁਲਤਾਨਪੁਰ ਲੋਧੀ 'ਚ ਚੱਲ ਰਹੇ ਸਾਰੇ 550 ਸਾਲਾ ਨੂੰ ਸਮਰਪਿਤ ਵਿਕਾਸ ਕਾਰਜਾਂ ਨੂੰ ਹਰ ਹਾਲਤ 'ਚ 30 ਸਤੰਬਰ ਤਕ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਪਰ ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਰੇ ਵਿਕਾਸ ਕਾਰਜਾਂ ਦੇ ਅਕਤੂਬਰ ਮਹੀਨੇ ਦੇ ਅਖੀਰਲੇ ਹਫਤੇ ਤਕ ਹੀ ਮੁਕੰਮਲ ਹੋਣ ਦੀ ਆਸ ਕੀਤੀ ਜਾ ਸਕਦੀ ਹੈ।
ਪਵਿੱਤਰ ਵੇਈਂ 'ਤੇ ਪੁਲ ਅਜੇ ਮੁਕੰਮਲ ਨਹੀਂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਗੂੜ੍ਹੀਆਂ ਸਾਂਝਾ ਰੱਖਦੀ ਪਵਿੱਤਰ ਵੇਈਂ 'ਤੇ ਪੰਜਾਬ ਸਰਕਾਰ ਵਲੋਂ ਦੋ ਵੱਡੇ ਨਵੇਂ ਪੁਲਾਂ ਦੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਨ੍ਹਾਂ ਦੇ ਪਹਿਲਾਂ 15 ਜੁਲਾਈ ਤਕ ਮੁਕੰਮਲ ਹੋਣ ਦਾ ਟੀਚਾ ਰੱਖਿਆ ਸੀ ਪਰ ਫਿਰ ਲੇਟ ਹੁੰਦਾ ਗਿਆ। ਇਸ ਸਮੇਂ ਵੇਈਂ ਤੇ ਤਲਵੰਡੀ ਰੋਡ ਪੁਰਾਣੇ ਪੁਲ ਦੇ ਨਾਲ ਵਾਲਾ ਦੂਜਾ ਨਵਾਂ ਵੱਡਾ ਪੁਲ ਲਗਭਗ ਮੁਕੰਮਲ ਹੋ ਗਿਆ ਹੈ, ਜਿਸ ਦੀਆਂ ਸੰਪਰਕ ਸੜਕਾਂ ਜੋੜਨ ਲਈ ਅੱਜ ਕੰਮ ਸ਼ੁਰੂ ਹੋ ਗਿਆ ਹੈ। ਜਿਸ ਦੇ ਅਗਲੇ ਦਿਨਾਂ 'ਚ ਮੁਕੰਮਲ ਹੋਣ ਦੀ ਆਸ ਹੈ। ਇਸੇ ਤਰ੍ਹਾਂ ਵੇਈਂ ਤੇ ਦੂਜਾ ਵੱਡਾ ਪੁਲ ਪੁਡਾ ਕਾਲੋਨੀ ਦੇ ਸਾਹਮਣੇ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਲਹਿੰਦੇ ਪਾਸੇ ਬਣਾਇਆ ਜਾ ਰਿਹਾ ਹੈ, ਜਿਸਦਾ ਹਾਲੇ ਕੁਝ ਹਿੱਸਾ ਬਣਾਇਆ ਜਾਣਾ ਬਾਕੀ ਹੈ ਤੇ ਅਕਤੂਬਰ ਮਹੀਨੇ ਦੇ ਅਖੀਰਲੇ ਹਫਤੇ 'ਚ ਪੂਰਾ ਮੁਕੰਮਲ ਹੋਣ ਦੀ ਆਸ ਹੈ। ਇਸ ਨਵੇਂ ਪੁਲ ਦੇ ਮੂਹਰੇ ਕੋਈ ਵੀ ਸੜਕ ਬਣਾਉਣ ਲਈ ਸਰਕਾਰ ਕੋਲ ਜਗ੍ਹਾ ਨਾ ਹੋਣ ਕਾਰਣ ਇਹ ਦੂਸਰਾ ਪੁਲ ਵੀ ਪੁਰਾਣੀ ਸੜਕ ਦੇ ਨਾਲ ਹੀ ਜੋੜਨ ਲਈ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਆਰਜ਼ੀ ਦੋ ਛੋਟੇ ਪੁਲ ਆਉਣ ਜਾਣ ਲਈ ਬਣਾਏ ਜਾ ਰਹੇ ਹਨ।
ਟੈਂਟ ਸਿਟੀ 'ਚ ਬਾਰਿਸ਼ ਦਾ ਪਾਣੀ ਭਰਨ ਕਾਰਨ ਬਣਿਆ ਚਿੱਕੜ ਕਰਮਚਾਰੀਆਂ ਲਈ ਬਣਿਆ ਸਿਰਦਰਦੀ
ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਟੈਂਟ ਸਿਟੀ ਦੀ ਜ਼ਮੀਨ 'ਚ ਬਾਰਿਸ਼ ਦਾ ਪਾਣੀ ਭਰ ਜਾਣ ਕਾਰਨ ਕਾਫੀ ਚਿੱਕੜ ਹੋਇਆ ਪਿਆ ਹੈ, ਥੋੜ੍ਹੀ ਜਿਹੀ ਬਾਰਿਸ਼ ਨੇ ਹੀ ਸਰਕਾਰ ਵਲੋਂ ਟੈਂਟ ਸਿਟੀ ਅਤੇ ਪਾਰਕਿੰਗ ਲਈ ਰਾਖਵੀ ਰੱਖੀ ਜ਼ਮੀਨ ਪਾਣੀ ਪਾਣੀ ਹੋ ਗਈ ਅਤੇ ਟੈਂਟ ਸਿਟੀ ਦੇ ਬਣੇ ਕਮਰਿਆਂ 'ਚ ਵੀ ਪਾਣੀ ਭਰ ਗਿਆ ਹੈ, ਜਿਸਨੂੰ ਸਾਫ ਕਰਨ ਲਈ ਕਰਮਚਾਰੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਮਾਗਮ ਲਈ ਬਣਾਇਆ ਜਾ ਰਿਹਾ ਪੰਡਾਲ ਵੀ ਅਜੇ ਅਧੂਰਾ
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਸਰਕਾਰ ਵੱਲੋਂ ਮੁੱਖ ਸਮਾਗਮ ਕਰਵਾਉਣ ਲਈ ਤਿਆਰ ਕੀਤਾ ਜਾ ਰਿਹਾ 165 ਮੀਟਰ ਲੰਬਾ ਅਤੇ 85 ਮੀਟਰ ਚੌੜਾ ਸੁੰਦਰ ਪੰਡਾਲ ਦਾ ਕੰਮ ਵੀ ਹਾਲੇ ਚੱਲ ਰਿਹਾ ਹੈ। ਜਿਸ ਦੇ ਜਲਦੀ ਮੁਕੰਮਲ ਹੋਣ ਦੀ ਆਸ ਸੀ ਪਰ ਹਾਲੇ ਇਸ ਪੰਡਾਲ ਦਾ ਵੀ 30 ਪ੍ਰਤੀਸ਼ਤ ਕੰਮ ਬਾਕੀ ਹੈ।
15 ਅਕਤੂਬਰ ਤਕ ਹੋਣਗੇ ਸਾਰੇ ਵਿਕਾਸ ਕਾਰਜ ਮੁਕੰਮਲ : ਵਿਧਾਇਕ
ਗੁਰੂ ਨਗਰੀ ਸੁਲਤਾਨਪੁਰ ਲੋਧੀ 'ਚ ਸੂਬਾ ਸਰਕਾਰ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਾਰੇ ਹੀ ਵਿਕਾਸ ਕਾਰਜ 15 ਅਕਤੂਬਰ ਤਕ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਕਿਉਂਕਿ ਬਾਰਿਸ਼ ਕਾਰਣ ਕੰਮ ਪ੍ਰਭਾਵਿਤ ਹੋਏ ਹਨ ਪਰ ਫਿਰ ਵੀ ਸਾਰੇ ਪੁਲਾਂ ਦਾ ਨਿਰਮਾਣ, ਸੜਕਾਂ ਦੇ ਕੰਮ ਤੇ ਬੱਸ ਸਟੈਂਡ, ਟੈਂਟ ਸਿਟੀ ਸਾਰੇ ਜਲਦੀ ਮੁਕੰਮਲ ਕੀਤੇ ਜਾਣਗੇ।
ਆੜ੍ਹਤੀਆਂ ਵਲੋਂ ਫਸਲ ਖਰੀਦ ਦਾ ਬਾਈਕਾਟ ਕਰ ਦਿੱਤਾ ਗਿਆ ਧਰਨਾ
NEXT STORY