ਕਿਸਾਨਾਂ ਨੂੰ ਬਿੱਲ ਦੇਣਾ ਸਬੰਧਤ ਡੀਲਰ ਦੀ ਜ਼ਿੰਮੇਵਾਰੀ

You Are HereAgriculture
Wednesday, April 19, 2017-3:25 PM
ਬਰਨਾਲਾ (ਵਿਵੇਕ ਸਿੰਧਵਾਨੀ,ਰਵੀ)-ਵਧੀਕ ਮੁੱਖ ਸਕੱਤਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਕਰਨੈਲ ਸਿੰਘ ਸੰਧੂ ਵਲੋਂ ਬਰਨਾਲਾ ਸ਼ਹਿਰ ਦੇ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਸਮੂਹ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਡੀਲਰਾਂ ਨੂੰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸੈਕਟੀਸਾਈਡ ਐਕਟ 1968, ਫਰਟੀਲਾਈਜਰ ਕੰਟਰੋਲ ਆਰਡਰ 1985 ਅਤੇ ਸੀਡ ਐਕਟ ਅਨੁਸਾਰ ਰਿਕਾਰਡ ਰੱਖਣਾ ਯਕੀਨੀ ਬਣਾਇਆ ਜਾਵੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਕੀੜੇਮਾਰ ਜ਼ਹਿਰਾਂ, ਖਾਦਾਂ ਅਤੇ ਬੀਜਾਂ ਦੀ ਹੀ ਵਿਕਰੀ ਕੀਤੀ ਜਾਵੇ। ਉਨ੍ਹਾਂ ਡੀਲਰਾਂ ਨੂੰ ਦੱਸਿਆ ਕਿ ਕਿਸਾਨਾਂ ਨੂੰ ਬਿੱਲ ਦੇਣਾ ਸਬੰਧਤ ਡੀਲਰ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਇਸ ਦੇ ਨਾਲ ਹੀ ਕਿਸ ਫਸਲ ਲਈ ਕੀੜੇਮਾਰ ਜ਼ਹਿਰ ਦਿੱਤੀ ਗਈ ਹੈ, ਲਿਖਣਾ ਅਤੀ ਜਰੂਰੀ ਹੋਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸਾਂ ਸਬੰਧੀ ਪੰਫਲੈਟ ਛਪਾ ਕੇ ਸਾਰੀਆਂ ਦੁਕਾਨਾਂ ਤੇ ਚਿਪਕਾਏ ਜਾਣਗੇ, ਜਿਸ ਅਨੁਸਾਰ ਹੀ ਕਿਸਾਨਾਂ ਨੂੰ ਕੀੜੇਮਾਰ ਜਹਿਰਾਂ ਦੀ ਵਿਕਰੀ ਕਰਨੀ ਹੋਵੇਗੀ। ਕੁਆਲਟੀ ਕੰਟਰੋਲ ਸਬੰਧੀ ਵੀ ਸਾਰੇ ਡੀਲਰਾਂ ਨੂੰ ਸੁਚੇਤ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੱਲੋਂ ਦੱਸਿਆ ਗਿਆ ਕਿ ਸਾਉਣੀ-2017 ਦਾ ਸੀਜਨ ਸੁਰੂ ਹੋਣ ਤੋਂ ਪਹਿਲਾਂ ਸਾਰੇ ਖੇਤੀ ਇੰਨਪੁਟਸ ਦੀ ਸੈਪਲਿੰਗ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਈ ਜਾ ਸਕੇ। ਇਸ ਮੀਟਿੰਗ ਖੇਤੀਬਾੜੀ ਵਿਕਾਸ ਅਫਸਰ (ਇੰਨਫੋ:), ਬਰਨਾਲਾ ਡਾ. ਗੁਰਚਰਨ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ. ਸੁਖਪਾਲ ਸਿੰਘ ਅਤੇ ਡਾ. ਗੁਰਮੀਤ ਸਿੰਘ ਨੇ ਭਾਗ ਲਿਆ। ਮੀਟਿੰਗ ਦੇ ਅਖੀਰ ਵਿੱਚ ਡੀਲਰ ਐਸੋਸੀਏਸ਼ਨ ਦੇ ਨੁਮਾਇੰਦੇ ਸ੍ਰੀ ਗੋਕਲ ਪ੍ਰਕਾਸ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਵਿਸਵਾਸ ਦਿਵਾਇਆ ਗਿਆ ਕਿ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ। ਮੀਟਿੰਗ ਵਿੱਚ ਰਜੇਸ ਕੁਮਾਰ, ਰੇਵਤੀ ਕਾਂਸਲ, ਕੈਲਾਸ ਅਰੋੜਾ, ਹਰੀਸ ਕੁਮਾਰ, ਪਵਨ ਕੁਮਾਰ, ਭੀਸਮ ਕੁਮਾਰ ਸਮੇਤ 39 ਡੀਲਰਾਂ ਨੇ ਭਾਗ ਲਿਆ।

Popular News

!-- -->