ਦੇਸ਼ ’ਚ ਆਵਾਰਾ ਕੁੱਤਿਆਂ ਦੀ ਲਗਾਤਾਰ ਵਧ ਰਹੀ ਗਿਣਤੀ ’ਤੇ ਕੰਟਰੋਲ ਕਰਨ ਦੀ ਕੋਈ ਠੋਸ ਨੀਤੀ ਨਾ ਹੋਣ ਕਾਰਣ ਇਨ੍ਹਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਉਸੇ ਅਨੁਪਾਤ ਵਿਚ ਉਨ੍ਹਾਂ ਦਾ ਕਹਿਰ ਅਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ। ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ 25 ਫਰਵਰੀ 2019 ਨੂੰ ਸੁਪਰੀਮ ਕੋਰਟ ਨੇ ਇਨ੍ਹਾਂ ਦੀ ਦਹਿਸ਼ਤ ’ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਆਵਾਰਾ ਕੁੱਤਿਆਂ ਦੀ ਦਹਿਸ਼ਤ ਦੀ ਸਮੱਸਿਆ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ? ਹੋਰਨਾਂ ਥਾਵਾਂ ਤੋਂ ਇਲਾਵਾ ਹੱਡਾ-ਰੋੜੀਆਂ, ਹੋਟਲਾਂ, ਮਾਸ ਵੇਚਣ ਵਾਲਿਆਂ ਦੀਆਂ ਦੁਕਾਨਾਂ ਦੇ ਸਾਹਮਣੇ ਬੈਠੇ ਆਵਾਰਾ ਕੁੱਤੇ ਉਥੋਂ ਪੈਦਲ ਲੰਘਣ ਵਾਲੇ ਲੋਕਾਂ, ਸਾਈਕਲ ਅਤੇ ਮੋਟਰਸਾਈਕਲ ਸਵਾਰਾਂ ’ਤੇ ਟੁੱਟ ਪੈਂਦੇ ਹਨ ਅਤੇ ਦੁਧਾਰੂ ਜਾਨਵਰ ਵੀ ਇਨ੍ਹਾਂ ਦਾ ਸ਼ਿਕਾਰ ਬਣ ਰਹੇ ਹਨ। ਹਾਲਤ ਇਹ ਹੈ ਕਿ ਇਕੱਲੇ ਪੰਜਾਬ ਵਿਚ ਹੀ 2019 ’ਚ ਆਵਾਰਾ ਕੁੱਤਿਆਂ ਦੇ ਵੱਢਣ ਦੇ 1.35 ਲੱਖ ਕੇਸ ਦਰਜ ਹੋਏ ਹਨ ਅਤੇ ਹੋਰਨਾਂ ਸੂਬਿਆਂ ਦੀ ਵੀ ਲੱਗਭਗ ਅਜਿਹੀ ਹੀ ਸਥਿਤੀ ਹੈ। ਲੋਕ ਆਪਣੇ ਬੱਚਿਆਂ ਨੂੰ ਘਰਾਂ ’ਚੋਂ ਬਾਹਰ ਭੇਜਣ ਤੋਂ ਵੀ ਡਰਨ ਲੱਗੇ ਹਨ। ਹੁਣ ਤਾਂ ਆਵਾਰਾ ਕੁੱਤਿਆਂ ਦੇ ਨਾਲ-ਨਾਲ ਲੋਕਾਂ ਵਲੋਂ ਘਰਾਂ ਵਿਚ ਪਾਲ਼ੇ ਹੋਏ ਕੁੱਤੇ ਵੀ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕ ਗਲੀਆਂ ਵਿਚ ਘੁੰਮਣ ਲਈ ਛੱਡ ਦਿੰਦੇ ਹਨ, ਲੋਕਾਂ ਉੱਤੇ ਹਮਲਾ ਕਰਨ ਲੱਗੇ ਹਨ।
ਇਨ੍ਹਾਂ ਦਾ ਵਧ ਚੁੱਕਾ ਕਹਿਰ ਸਿਰਫ ਕੁਝ ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 19 ਜਨਵਰੀ ਨੂੰ ਗੁਰਦਾਸਪੁਰ ਦੇ ਪਿੰਡ ਕੋਟਲੀ ਸੈਣੀ ਵਿਚ ਇਕ 9 ਸਾਲਾ ਬੱਚੇ ’ਤੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
* 21 ਜਨਵਰੀ ਨੂੰ ਰਾਜਨਾਂਦ ਪਿੰਡ ਵਿਚ ਇਕ ਆਵਾਰਾ ਪਾਗਲ ਕੁੱਤੇ ਨੇ ਰਾਹ ਚੱਲਦੇ 9 ਵਿਅਕਤੀਆਂ ਨੂੰ ਦੌੜਾ-ਦੌੜਾ ਕੇ ਵੱਢਿਆ ਅਤੇ ਲਹੂ-ਲੁਹਾਨ ਕਰ ਦਿੱਤਾ।
* 25 ਜਨਵਰੀ ਨੂੰ ਆਗਰਾ ਵਿਚ ਤਾਜਮਹੱਲ ਦੇਖ ਕੇ ਪਰਤ ਰਿਹਾ ਆਸਟਰੇਲੀਅਨ ਸੈਲਾਨੀ ਇਕ ਆਵਾਰਾ ਕੁੱਤੇ ਦਾ ਸ਼ਿਕਾਰ ਬਣਿਆ, ਜਿਸ ਨੂੰ ਕੁੱਤੇ ਨੇ ਵੱਢ ਕੇ ਲਹੂ-ਲੁਹਾਨ ਕਰ ਦਿੱਤਾ।
* 26 ਜਨਵਰੀ ਨੂੰ ਲੁਧਿਆਣਾ ਦੇ ਬਾਹੋਮਾਜਰਾ ਵਿਚ 3 ਆਵਾਰਾ ਕੁੱਤਿਆਂ ਨੇ 4 ਸਾਲਾ ਬੱਚੇ ਨੂੰ ਨੋਚ ਲਿਆ, ਜਿਸ ਨੇ ਮਾਂ ਦੀ ਗੋਦ ਵਿਚ ਤੜਫਦੇ ਹੋਏ ਦਮ ਤੋੜ ਦਿੱਤਾ।
* 26 ਜਨਵਰੀ ਨੂੰ ਸਮਰਾਲਾ ਵਿਚ ਆਵਾਰਾ ਕੁੱਤੇ ਇਕ ਗਾਂ ਦੇ ਵੱਛੇ ਨੂੰ ਨੋਚ-ਨੋਚ ਕੇ ਖਾ ਗਏ।
* 28 ਜਨਵਰੀ ਨੂੰ ਜਲੰਧਰ ਵਿਚ ਇਕ 12 ਸਾਲਾ ਬੱਚੇ ’ਤੇ ਹਮਲਾ ਕਰ ਕੇ ਪਿਟਬੁਲ ਡੌਗ ਨੇ ਉਸ ਨੂੰ 25 ਥਾਵਾਂ ’ਤੇ ਵੱਢ ਕੇ ਇੰਨੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਕਿ ਡਾਕਟਰਾਂ ਅਨੁਸਾਰ ਉਸ ਨੂੰ ਸਾਰੀਆਂ 25 ਥਾਵਾਂ ’ਤੇ ਇੰਜੈਕਸ਼ਨ ਲਾਉਣੇ ਪੈਣਗੇ। ਕੁੱਤੇ ਦਾ ਹਮਲਾ ਇੰਨਾ ਜ਼ਬਰਦਸਤ ਸੀ ਕਿ ਲਾਠੀਆਂ ਨਾਲ ਤਾਬੜਤੋੜ ਕੁੱਟਣ ਦੇ ਬਾਵਜੂਦ ਲੋਕ ਬੜੀ ਮੁਸ਼ਕਿਲ ਨਾਲ ਮਾਸੂਮ ਬੱਚੇ ਨੂੰ ਉਸ ਕੁੱਤੇ ਤੋਂ ਛੁਡਵਾ ਸਕੇ।
* 28 ਜਨਵਰੀ ਨੂੰ ਹੀ ਜਲੰਧਰ ਦੇ ਪਿੰਡ ਨਾਹਲਾਂ ਵਿਚ ਸਕੂਲ ਤੋਂ ਛੁੱਟੀ ਕਰ ਕੇ ਘਰ ਜਾ ਰਹੇ 8 ਸਾਲਾ ਬੱਚੇ ਨੂੰ ਵੱਢ ਕੇ ਕੁੱਤਿਆਂ ਨੇ ਲਹੂ-ਲੁਹਾਨ ਕਰ ਦਿੱਤਾ।
* 29 ਜਨਵਰੀ ਨੂੰ ਖੰਨਾ ਦੇ ਕਿਸ਼ਨ ਨਗਰ ਵਿਚ ਆਵਾਰਾ ਕੁੱਤਿਆਂ ਨੇ ਇਕ 13 ਸਾਲਾ ਬੱਚੇ ਨੂੰ ਵੱਢ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਬੱਚੇ ਨੂੰ ਸਰਕਾਰੀ ਹਸਪਤਾਲ ਵਿਚ ਲਿਜਾਣ ’ਤੇ ਪਤਾ ਲੱਗਾ ਕਿ ਉਥੇ ਰੈਬੀਜ਼ ਦਾ ਇੰਜੈਕਸ਼ਨ ਵੀ ਮੁਹੱਈਆ ਨਹੀਂ ਸੀ।
* 29 ਜਨਵਰੀ ਨੂੰ ਹੀ ਮਹਾਰਾਸ਼ਟਰ ’ਚ ਕੋਲਹਾਪੁਰ ਦੇ ਕਰਬੀਰ ਪਿੰਡ ’ਚ ਕੁਝ ਦਿਨ ਪਹਿਲਾਂ ਇਕ ਪਾਗਲ ਕੁੱਤੇ ਵਲੋਂ ਵੱਢ ਲਏ ਜਾਣ ਦੇ ਸਿੱਟੇ ਵਜੋਂ ਇਕ ਮੱਝ ਦੀ ਰੈਬੀਜ਼ ਨਾਲ ਮੌਤ ਕਾਰਣ ਦੇਸ਼ ’ਚ ਆਏ ਉਸ ਮੱਝ ਦਾ ਦੁੱਧ ਪੀਣ ਵਾਲੇ ਅਨੇਕ ਲੋਕ ਰੈਬੀਜ਼ ਤੋਂ ਬਚਾਅ ਲਈ ਟੀਕੇ ਲਗਵਾਉਣ ਹਸਪਤਾਲ ਪਹੁੰਚ ਗਏ।
* 30 ਜਨਵਰੀ ਨੂੰ ਜਲੰਧਰ ਦੇ ਜੀ. ਟੀ. ਬੀ. ਨਗਰ ਵਿਚ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਇਕ ਬਜ਼ੁਰਗ ਔਰਤ ਦਾ ਹੱਥ ਵੱਢ ਲਿਆ।
ਕੁੱਤਿਆਂ ਤੋਂ ਜ਼ਿਆਦਾ ਡਰ ਰਾਤ ਨੂੰ ਰਹਿੰਦਾ ਹੈ ਅਤੇ ਉਦੋਂ ਲੋਕ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰਦੇ ਹਨ। ਗਲੀਆਂ ਵਿਚ ਬੈਠੇ ਆਵਾਰਾ ਕੁੱਤੇ ਉਥੋਂ ਲੰਘਣ ਵਾਲਿਆਂ ਦੀਆਂ ਲੱਤਾਂ ਫੜ ਲੈਂਦੇ ਹਨ, ਵਿਸ਼ੇਸ਼ ਤੌਰ ’ਤੇ ਦੋਪਹੀਆ ਅਤੇ ਪੈਦਲ ਚੱਲਣ ਵਾਲੇ ਇਨ੍ਹਾਂ ਦਾ ਸ਼ਿਕਾਰ ਹੁੰਦੇ ਹਨ। ਲੋਕਲ ਬਾਡੀਜ਼ ਵਲੋਂ ਇਨ੍ਹਾਂ ਨੂੰ ਫੜਨ ਲਈ ਸ਼ੁਰੂ ਕੀਤੀਆਂ ਮੁਹਿੰਮਾਂ ਨਾਕਾਫੀ ਹਨ। ਆਵਾਰਾ ਕੁੱਤਿਆਂ ਦੇ ਸ਼ਿਕਾਰ ਇਕ ਬੱਚੇ ਦੇ ਪਿਤਾ ਅਨੁਸਾਰ, ‘‘ਅੱਜ ਦੇਸ਼ ਵਿਚ ਜੇਕਰ ਕਿਸੇ ਆਵਾਰਾ ਕੁੱਤੇ ਨੂੰ ਕੋਈ ਵਿਅਕਤੀ ਮਾਰ ਦੇਵੇ ਤਾਂ ਉਸ ’ਤੇ ਕਾਰਵਾਈ ਹੋ ਜਾਂਦੀ ਹੈ ਪਰ ਜੇਕਰ ਆਵਾਰਾ ਕੁੱਤਾ ਕਿਸੇ ਵਿਅਕਤੀ ਨੂੰ ਵੱਢ ਲਵੇ ਤਾਂ ਕੋਈ ਕਾਰਵਾਈ ਨਹੀਂ।’’ ਇਹ ਆਵਾਰਾ ਕੁੱਤੇ ਕਿਸੇ ਇਕ ਸੂਬੇ ਲਈ ਨਹੀਂ, ਸਗੋਂ ਦੇਸ਼ ਦੇ ਜ਼ਿਆਦਾਤਰ ਸੂਬਿਆਂ ਲਈ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ, ਜਿਸ ’ਤੇ ਰੋਕ ਲਾਉਣ ਲਈ ਆਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਉਨ੍ਹਾਂ ਨੂੰ ਵਾੜਿਆਂ ਵਿਚ ਬੰਦ ਕਰਨਾ ਅਤੇ ਸਰਕਾਰੀ ਹਸਪਤਾਲਾਂ ਵਿਚ ਦਵਾਈ ਅਤੇ ਐਂਟੀ ਰੈਬੀਜ਼ ਇੰਜੈਕਸ਼ਨਾਂ ਦੀ ਢੁੱਕਵੀਂ ਸਪਲਾਈ ਯਕੀਨੀ ਕਰਨੀ ਜ਼ਰੂੁਰੀ ਹੈ। ਆਮ ਸ਼ਿਕਾਇਤ ਹੈ ਕਿ ਜ਼ਿਆਦਾਤਰ ਥਾਵਾਂ ’ਤੇ ਨਾ ਹੀ ਆਵਾਰਾ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਨੂੰ ਵਾੜਿਆਂ ਵਿਚ ਬੰਦ ਕਰਨ ਅਤੇ ਉਨ੍ਹਾਂ ਦੀ ਨਸਬੰਦੀ ਦੇ ਪ੍ਰਬੰਧ ਹਨ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਵਿਚ ਕੁੱਤਿਆਂ ਵਲੋਂ ਵੱਢੇ ਜਾਣ ਦੀ ਦਵਾਈ ਮੁਹੱਈਆ ਹੁੰਦੀ ਹੈ।
ਭਾਜਪਾ ਲੀਡਰਸ਼ਿਪ ਵਲੋਂ ਸ਼੍ਰੋਅਦ ਅਤੇ ਜਦ (ਯੂ) ਨੂੰ ਮਨਾਉਣ ਨਾਲ, ਗੱਠਜੋੜ ਕਮਜ਼ੋਰ ਹੋਣ ਤੋਂ ਬਚਿਆ
NEXT STORY