ਅਜੇ ਕੁਝ ਮਹੀਨੇ ਪਹਿਲਾਂ ਹੀ ਮਈ ਵਿਚ ਹੋਈਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਵੱਡੀ ਜਿੱਤ ਅਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਧਾਰਾ-370 ਖਤਮ ਕਰਨ ਵਰਗੇ ਵੱਡੇ ਕਦਮਾਂ ਨੂੰ ਦੇਖਦਿਆਂ ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਚੋਣਾਂ ਵਿਚ ਵੀ ਭਾਜਪਾ ਦੀ ਵੱਡੀ ਜਿੱਤ ਹੋਣ ਦੀ ਉਮੀਦ ਸੀ। 21 ਅਕਤੂਬਰ ਨੂੰ ਵੋਟਿੰਗ ਤੋਂ ਬਾਅਦ ਜ਼ਿਆਦਾਤਰ ਐਗਜ਼ਿਟ ਪੋਲਜ਼ ਵਿਚ ਵੀ ਅਜਿਹੀ ਹੀ ਭਵਿੱਖਬਾਣੀ ਕੀਤੀ ਗਈ ਸੀ ਪਰ ਇਸ ਵਾਰ ਵੋਟਰਾਂ ਨੇ ਆਪਣਾ ਮਨ ਨਹੀਂ ਖੋਲ੍ਹਿਆ ਅਤੇ ਐਗਜ਼ਿਟ ਪੋਲਜ਼ ਦੇ ਅੰਦਾਜ਼ੇ ਕਾਫੀ ਹੱਦ ਤਕ ਝੁਠਲਾ ਦਿੱਤੇ।
90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ’ਚ ਪਿਛਲੀ ਵਾਰ ਭਾਜਪਾ ਨੇ 47 ਅਤੇ ਕਾਂਗਰਸ ਨੇ 15 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਭਾਜਪਾ ਸਿਰਫ 40 ’ਤੇ ਹੀ ਸਿਮਟ ਗਈ ਜਦਕਿ ਕਾਂਗਰਸ ਨੇ ਵੱਡਾ ਉਲਟਫੇਰ ਕਰ ਕੇ 31 ਸੀਟਾਂ ਜਿੱਤ ਲਈਆਂ। ਇਥੇ ਕਾਂਗਰਸ ਨੂੰ ਮੁੜ ਸੁਰਜੀਤ ਕਰਨ ’ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੱਡੀ ਭੂਮਿਕਾ ਨਿਭਾਈ। ਬੇਸ਼ੱਕ ਕਾਂਗਰਸ ਨੇ ਮਿਹਨਤ ਕੀਤੀ ਹੈ ਪਰ ਅਜੇ ਇਸ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ।
ਜਾਟ ਵੋਟਰਾਂ ਦੀ ਪਾਰਟੀ ਤੋਂ ਨਾਰਾਜ਼ਗੀ, ਸਥਾਨਕ ਮੁੱਦਿਆਂ ਦੀ ਅਣਦੇਖੀ ਅਤੇ ਟਿਕਟ ਦੇ ਅਸਲੀ ਦਾਅਵੇਦਾਰਾਂ ਦੀ ਅਣਦੇਖੀ ਕਰ ਕੇ ਪੈਰਾਸ਼ੂਟ ਉਮੀਦਵਾਰਾਂ ਨੂੰ ਟਿਕਟ ਦੇਣਾ ਭਾਜਪਾ ਨੂੰ ਘੱਟ ਸੀਟਾਂ ਮਿਲਣ ਦੀ ਮੁੱਖ ਵਜ੍ਹਾ ਰਹੀ।
ਪਰ ਭਾਜਪਾ ਤੇ ਕਾਂਗਰਸ ਦੋਹਾਂ ’ਚੋਂ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਾ ਮਿਲਣ ਕਰ ਕੇ ਇਨ੍ਹਾਂ ਚੋਣਾਂ ’ਚ ਸਿਰਫ 10 ਮਹੀਨੇ ਪਹਿਲਾਂ ਹੋਂਦ ’ਚ ਆਈ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜਜਪਾ) 10 ਸੀਟਾਂ ਜਿੱਤ ਕੇ ਕਿੰਗਮੇਕਰ ਦੀ ਭੂਮਿਕਾ ’ਚ ਆ ਗਈ ਹੈ ਅਤੇ ਦੁਸ਼ਯੰਤ ਦੇ ਭਾਜਪਾ ਨਾਲ ਜਾਣ ਦੇ ਸੰਕੇਤ ਮਿਲ ਰਹੇ ਹਨ।
ਮਹਾਰਾਸ਼ਟਰ ’ਚ ਪਿਛਲੀਆਂ ਚੋਣਾਂ ’ਚ ਭਾਜਪਾ ਨੇ 288 ਮੈਂਬਰੀ ਸਦਨ ’ਚ 122, ਸ਼ਿਵ ਸੈਨਾ ਨੇ 63, ਕਾਂਗਰਸ ਨੇ 42 ਤੇ ਰਾਕਾਂਪਾ ਨੇ 41 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਭਾਜਪਾ ਨੂੰ 103, ਸ਼ਿਵ ਸੈਨਾ ਨੂੰ 56, ਕਾਂਗਰਸ ਨੂੰ 45 ਤੇ ਰਾਕਾਂਪਾ ਨੂੰ 54 ਸੀਟਾਂ ਮਿਲ ਰਹੀਆਂ ਹਨ। ਇਥੇ ਪ੍ਰਚੰਡ ਬਹੁਮਤ ਦੀ ਆਸ ਲਾਈ ਬੈਠੀ ਭਾਜਪਾ ਪਿਛਲੀਆਂ ਚੋਣਾਂ ’ਚ ਜਿੱਤੀਆਂ ਸੀਟਾਂ ਨਾਲੋਂ 19 ਸੀਟਾਂ ਹੇਠਾਂ ਖਿਸਕ ਗਈ ਹੈ ਜਦਕਿ ਸ਼ਿਵ ਸੈਨਾ ਨੇ ਵੀ ਕੁਝ ਸੀਟਾਂ ਗੁਆ ਲਈਆਂ ਹਨ।
ਹੋ ਸਕਦਾ ਹੈ ਪਿਛਲੀ ਵਾਰ ਦੀ ਬਜਾਏ ਇਸ ਵਾਰ ਸ਼ਿਵ ਸੈਨਾ ਵਲੋਂ ਜ਼ਿਆਦਾ ਇੱਛਾਵਾਂ ਪਾਲ ਲੈਣ ਕਰ ਕੇ ਸ਼ਾਇਦ ਸ਼ਿਵ ਸੈਨਾ ਨੇ ਭਾਜਪਾ ਉਮੀਦਵਾਰਾਂ ਨੂੰ ਪੂਰਾ ਸਹਿਯੋਗ ਨਾ ਦਿੱਤਾ ਹੋਵੇ ਜਿਸ ਕਾਰਨ ਭਾਜਪਾ ਦੀਆਂ ਸੀਟਾਂ ’ਚ ਕਮੀ ਆ ਗਈ।
ਭਾਜਪਾ ਦੀਆਂ ਸੀਟਾਂ ਘਟਣ ਦੀ ਇਕ ਵਜ੍ਹਾ ਭਾਜਪਾ ਦਾ ਵਧੇਰੇ ਆਤਮਵਿਸ਼ਵਾਸ ਅਤੇ ਸਥਾਨਕ ਮੁੱਦਿਆਂ ਦੀ ਅਣਦੇਖੀ ਕਰਨਾ ਵੀ ਰਹੀ। ਹਰਿਆਣਾ ਵਾਂਗ ਹੀ ਭਾਜਪਾ ਨੇ ਮਹਾਰਾਸ਼ਟਰ ’ਚ ਹੜ੍ਹ ਨਾਲ ਹੋਈ ਤਬਾਹੀ, ਬੇਰੋਜ਼ਗਾਰੀ, ਸੜਕਾਂ ਦੇ ਟੋਇਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਵਰਗੇ ਸਥਾਨਕ ਮੁੱਦਿਆਂ ਨੂੰ ਭੁਲਾ ਦਿੱਤਾ। ਸੂਬੇ ’ਚ ਪੈਰਾਸ਼ੂਟ ਉਮੀਦਵਾਰ ਉਤਾਰਨ ਦਾ ਵੀ ਭਾਜਪਾ ਨੂੰ ਘਾਟਾ ਪਿਆ।
ਹਾਲਾਂਕਿ ਭਾਜਪਾ-ਸ਼ਿਵ ਸੈਨਾ ਗਠਜੋੜ ਨੇ ਬਹੁਮਤ ਦਾ ਅੰਕੜਾ ਤਾਂ ਹਾਸਲ ਕਰ ਲਿਆ ਹੈ ਪਰ ਭਾਜਪਾ ਦੇ ਮੁਕਾਬਲੇ ਘੱਟ ਸੀਟਾਂ ਗੁਆਉਣ ਕਰ ਕੇ ਆਪਣੀ ਬਿਹਤਰ ਸਥਿਤੀ ਨੂੰ ਦੇਖਦਿਆਂ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਭਾਜਪਾ ਨੂੰ ਚੇਤਾ ਕਰਵਾਉਂਦਿਆਂ ਕਿਹਾ ਹੈ ਕਿ ਅਸੀਂ 50-50 ਦੇ ਫਾਰਮੂਲੇ ’ਤੇ ਸਹਿਮਤ ਹੋਏ ਹਾਂ ਭਾਵ ਢਾਈ ਸਾਲ ਭਾਜਪਾ ਅਤੇ ਢਾਈ ਸਾਲ ਸ਼ਿਵ ਸੈਨਾ ਸਰਕਾਰ ਚਲਾਏਗੀ।
ਕਾਂਗਰਸ ਤੇ ਰਾਕਾਂਪਾ ਗਠਜੋੜ ਨੂੰ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਸੀਟਾਂ ਮਿਲ ਰਹੀਆਂ ਹਨ ਜਿਸ ਦੀ ਉਨ੍ਹਾਂ ਨੇ ਉਮੀਦ ਵੀ ਨਹੀਂ ਕੀਤੀ ਸੀ। ਇਸ ’ਚ ਰਾਕਾਂਪਾ ਆਗੂ ਸ਼ਰਦ ਪਵਾਰ ਵਲੋਂ ਚਲਾਈ ਗਈ ਜ਼ੋਰਦਾਰ ਮੁਹਿੰਮ ਦਾ ਮੁੱਖ ਯੋਗਦਾਨ ਰਿਹਾ ਹੈ।
ਕੁਲ ਮਿਲਾ ਕੇ ਜੀ. ਐੱਸ. ਟੀ., ਆਰਥਿਕ ਮੰਦੀ, ਬੇਰੋਜ਼ਗਾਰੀ, ਮਹਿੰਗਾਈ ਅਤੇ ਵਧਦੇ ਅਪਰਾਧਾਂ ਵਰਗੇ ਮੁੱਦੇ ਵੀ ਭਾਜਪਾ ’ਤੇ ਭਾਰੀ ਪਏ ਜਿਨ੍ਹਾਂ ਕਾਰਨ ਵੋਟਰਾਂ ’ਚ ਨਿਰਾਸ਼ਾ ਵਧੀ ਅਤੇ ਵੋਟਾਂ ਦੀ ਦਰ ਘਟੀ।
ਜਿਥੇ ਮਈ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਮਹਾਰਾਸ਼ਟਰ ’ਚ 63.4 ਫੀਸਦੀ ਤਕ ਅਤੇ ਹਰਿਆਣਾ ’ਚ 70.34 ਫੀਸਦੀ ਤਕ ਵੋਟਾਂ ਪਈਆਂ ਉਥੇ ਹੀ ਇਸ ਵਾਰ ਇਨ੍ਹਾਂ ਦੋਹਾਂ ਸੂਬਿਆਂ ’ਚ ਕ੍ਰਮਵਾਰ 63 ਤੇ 61 ਫੀਸਦੀ ਵੋਟਾਂ ਪਈਆਂ। ਭਾਜਪਾ ਨੂੰ ਸੋਚਣਾ ਚਾਹੀਦਾ ਹੈ ਕਿ ਵੋਟਿੰਗ ਦੀ ਦਰ ’ਚ ਆਖਿਰ ਇਹ ਗਿਰਾਵਟ ਕਿਉਂ ਆਈ?
ਯਕੀਨੀ ਤੌਰ ’ਤੇ ਇਹ ਚੋਣ ਨਤੀਜੇ ਭਾਜਪਾ ਲਈ ਇਕ ਚਿਤਾਵਨੀ ਹਨ। ਭਾਜਪਾ ਦੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਅੱਜ ਦੇਸ਼ ’ਚ ਅਸਹਿਜਤਾ ਵਾਲਾ ਮਾਹੌਲ ਹੈ, ਪਾਰਟੀ ’ਤੋਂ ਲੋਕਾਂ ਦਾ ਭਰੋਸਾ ਥੋੜ੍ਹਾ ਖਿਸਕਿਆ ਹੈ ਜਿਸ ਦਾ ਨਤੀਜਾ ਭਾਜਪਾ ਦੀਆਂ ਸੀਟਾਂ ’ਚ ਕਮੀ ਦੇ ਰੂਪ ’ਚ ਸਾਹਮਣੇ ਆਇਆ ਹੈ।
ਭਾਜਪਾ ਦੀਆਂ ਸੀਟਾਂ ਪਿਛਲੀ ਵਾਰ ਦੇ ਮੁਕਾਬਲੇ ਘੱਟ ਆਉਣ ਕਾਰਨ ਹੋ ਸਕਦਾ ਹੈ ਸ਼ਿਵ ਸੈਨਾ ਆਦਿੱਤਿਆ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ’ਤੇ ਅੜ ਜਾਵੇ ਅਤੇ ਇਹ ਵੀ ਸੰਭਾਵਨਾ ਬਣ ਸਕਦੀ ਹੈ ਕਿ ਭਾਜਪਾ ਦੇ ਇਹ ਮੰਗ ਨਾ ਮੰਨਣ ’ਤੇ ਸ਼ਿਵ ਸੈਨਾ ਕਾਂਗਰਸ-ਰਾਕਾਂਪਾ ਗਠਜੋੜ ਨਾਲ ਹੱਥ ਮਿਲਾ ਲਵੇ ਅਤੇ ਕਾਂਗਰਸ, ਰਾਕਾਂਪਾ ਅਤੇ ਸ਼ਿਵ ਸੈਨਾ ਦਾ ਗਠਜੋੜ ਸਰਕਾਰ ਬਣਾ ਲਵੇ।
ਉਕਤ ਘਟਨਾ ਨਾਲ ਦੇਸ਼ ’ਚ ਲੋਕਤੰਤਰ ਨੂੰ ਮਜ਼ਬੂਤੀ ਮਿਲੇਗੀ। ਇਸ ਨਾਲ ਜਿਥੇ ਭਾਜਪਾ ਚੌਕਸ ਹੋਵੇਗੀ ਉਥੇ ਹੀ ਵਿਰੋਧੀ ਪਾਰਟੀਆਂ ਨੂੰ ਵੀ ਕੁਝ ਹੱਲਾਸ਼ੇਰੀ ਮਿਲੀ ਹੈ ਜੋ ਪਹਿਲਾਂ ਕਾਫੀ ਨਿਰਉਤਸ਼ਾਹਿਤ ਹੋ ਗਈਆਂ ਸਨ ਅਤੇ ਹੁਣ ਉਹ ਵੀ ਲੋਕਤੰਤਰਿਕ ਪ੍ਰਕਿਰਿਆ ’ਚ ਜ਼ਿਆਦਾ ਜ਼ੋਰ-ਸ਼ੋਰ ਨਾਲ ਹਿੱਸਾ ਲੈਣਗੀਆਂ।
ਜਿਥੋਂ ਤਕ ਉਪ ਚੋਣਾਂ ਦਾ ਸਵਾਲ ਹੈ, ਭਾਜਪਾ ਨੇ ਹਿਮਾਚਲ ’ਚ ਧਰਮਸ਼ਾਲਾ ਤੇ ਪੱਛਾਦ ਵਾਲੀਆਂ ਦੋਹਾਂ ਸੀਟਾਂ ’ਤੇ ਕਬਜ਼ਾ ਕਾਇਮ ਰੱਖਿਆ ਹੈ ਜਦਕਿ ਪੰਜਾਬ ’ਚ ਹੋਈਆਂ ਚਾਰ ਉਪ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ ਤੋਂ ਦਾਖਾ ਸੀਟ ਖੋਹ ਲਈ ਜਦਕਿ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਜਲਾਲਾਬਾਦ ਸੀਟ ਅਤੇ ਭਾਜਪਾ ਤੋਂ ਫਗਵਾੜਾ ਸੀਟ ਖੋਹ ਲਈ ਤੇ ਮੁਕੇਰੀਆਂ ’ਚ ਆਪਣੀ ਸੀਟ ’ਤੇ ਕਬਜ਼ਾ ਕਾਇਮ ਰੱਖਿਆ ਹੈ।
–ਵਿਜੇ ਕੁਮਾਰ
ਨਹੀਂ ਰੁਕ ਰਹੇ ਔਰਤਾਂ ਵਿਰੁੱਧ ਅਪਰਾਧ
NEXT STORY