ਦੇਸ਼ ਦੀ ਆਜ਼ਾਦੀ ਦੇ ਸਮੇਂ ਸਾਡੀ ਆਬਾਦੀ 33 ਕਰੋੜ ਸੀ, ਜੋ ਹੁਣ ਵਧ ਕੇ 130 ਕਰੋੜ ਹੋ ਗਈ ਹੈ ਅਤੇ ਇਸੇ ਅਨੁਪਾਤ ਵਿਚ ਸਮੱਸਿਆਵਾਂ ਵੀ ਵਧ ਗਈਆਂ ਹਨ, ਜਿਨ੍ਹਾਂ ਨਾਲ ਸਮੁੱਚਾ ਦੇਸ਼ ਜੂਝ ਰਿਹਾ ਹੈ। ਇਸ ਦੇ ਬਾਵਜੂਦ ਕੁਝ ਸਮੇਂ ਤੋਂ ਭਾਜਪਾ ਤੇ ਉਸ ਦੇ ਸਹਿਯੋਗੀ ਸੰਗਠਨਾਂ ਦੇ ਨੇਤਾ ਲਗਾਤਾਰ ਹਿੰਦੂਆਂ ਨੂੰ ਆਪਣੀ ਆਬਾਦੀ ਵਧਾਉਣ ਦੇ ਸੁਝਾਅ ਦਿੰਦੇ ਆ ਰਹੇ ਹਨ, ਜਿਨ੍ਹਾਂ ਕਾਰਨ ਬੇਲੋੜੇ ਵਿਵਾਦ ਪੈਦਾ ਹੋ ਰਹੇ ਹਨ :
* 7 ਜਨਵਰੀ 2015 ਨੂੰ ਭਾਜਪਾ ਐੱਮ. ਪੀ. ਸਾਕਸ਼ੀ ਮਹਾਰਾਜ ਨੇ ਕਿਹਾ, ''ਧਰਮ ਦੀ ਰਾਖੀ ਕਰਨ ਲਈ ਹਿੰਦੂ ਔਰਤਾਂ ਨੂੰ ਘੱਟੋ-ਘੱਟ 4 ਬੱਚੇ ਪੈਦਾ ਕਰਨੇ ਚਾਹੀਦੇ ਹਨ।''
* 19 ਜਨਵਰੀ ਨੂੰ ਬਦਰਿਕਾਸ਼ਰਮ ਦੇ ਸ਼ੰਕਰਾਚਾਰੀਆ ਸ਼੍ਰੀ ਵਾਸੂਦੇਵਾਨੰਦ ਸਰਸਵਤੀ ਨੇ ਕਿਹਾ, ''ਹਰੇਕ ਹਿੰਦੂ ਪਰਿਵਾਰ ਘੱਟੋ-ਘੱਟ 10 ਬੱਚੇ ਪੈਦਾ ਕਰੇ।''
* 2 ਫਰਵਰੀ ਨੂੰ ਭਾਜਪਾ ਨੇਤਾ ਸਾਧਵੀ ਪ੍ਰਾਚੀ ਨੇ ਇਕ ਪ੍ਰੋਗਰਾਮ ਵਿਚ ਬੋਲਦਿਆਂ ਕਿਹਾ, ''ਹਰੇਕ ਹਿੰਦੂ 4 ਬੱਚੇ ਪੈਦਾ ਕਰੇ, 40 ਪਿੱਲੇ ਨਹੀਂ।''
* 4 ਅਪ੍ਰੈਲ ਨੂੰ 'ਵਿਹਿਪ' ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ, ''ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਪੈਣਗੇ, ਨਹੀਂ ਤਾਂ ਦੇਸ਼ 'ਤੇ ਮੁਸਲਮਾਨਾਂ ਦਾ ਕਬਜ਼ਾ ਹੋ ਜਾਵੇਗਾ।''
* 7 ਸਤੰਬਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਕਿਹਾ, ''ਅਸੀਂ ਹਿੰਦੂਆਂ ਨੂੰ 4 ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਾਂਗੇ।''
* 7 ਜਨਵਰੀ 2016 ਨੂੰ ਕਾਸ਼ੀ ਸੁਮੇਰ ਪੀਠ ਦੇ ਸ਼ੰਕਰਾਚਾਰੀਆ ਨਰਿੰਦਰਾਨੰਦ ਸਰਸਵਤੀ ਮਹਾਰਾਜ ਨੇ ਕਿਹਾ, ''ਜੇ ਮਹਾਭਾਰਤ ਕਾਲ ਵਿਚ ਪਰਿਵਾਰ ਨਿਯੋਜਨ ਹੁੰਦਾ ਤਾਂ ਅਸੀਂ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਬਲਰਾਮ ਦੀ ਲੀਲਾ ਨਹੀਂ ਦੇਖ ਸਕਦੇ ਸੀ।''
ਫਿਰ 30 ਮਈ ਨੂੰ ਉਨ੍ਹਾਂ ਕਿਹਾ, ''ਜਿਥੇ-ਜਿਥੇ ਹਿੰਦੂਆਂ ਦੀ ਗਿਣਤੀ ਘਟੀ, ਉਥੇ ਅੱਤਵਾਦ ਵਧਿਆ ਹੈ। ਪਰਿਵਾਰ ਨਿਯੋਜਨ ਦੀ ਗੱਲ ਕਰਨ ਵਾਲਾ ਮੂਰਖ ਹੈ। ਜੇ ਦਸ਼ਰਥ ਪਰਿਵਾਰ ਨਿਯੋਜਨ ਅਪਣਾਉਂਦੇ ਤਾਂ (ਰਾਮ ਨੂੰ) ਭਰਤ ਵਰਗਾ ਭਰਾ ਕਿਵੇਂ ਮਿਲਦਾ?''
ਅਤੇ ਹੁਣ 21 ਅਗਸਤ ਨੂੰ ਆਗਰਾ ਵਿਚ ਇਕ ਪ੍ਰੋਗਰਾਮ ਦੌਰਾਨ ਸੰਘ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਨੇ ਹਿੰਦੂਆਂ ਦੀ ਘਟਦੀ ਆਬਾਦੀ ਦੇ ਮੁੱਦੇ 'ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ।
ਨੌਜਵਾਨ ਹਿੰਦੂ ਜੋੜਿਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਦਾ ਸੁਝਾਅ ਦਿੰਦਿਆਂ ਸ਼੍ਰੀ ਭਾਗਵਤ ਨੇ ਕਿਹਾ, ''ਤੁਸੀਂ ਲੋਕ ਕਹਿ ਰਹੇ ਹੋ ਕਿ 'ਉਨ੍ਹਾਂ ਦੀ' ਆਬਾਦੀ ਵਧ ਰਹੀ ਹੈ। ਦੂਜੇ ਧਰਮ ਵਾਲੇ ਜਦ ਇੰਨੇ ਬੱਚੇ ਪੈਦਾ ਕਰ ਰਹੇ ਹਨ ਤਾਂ ਕੀ ਤੁਹਾਨੂੰ ਕਿਸੇ ਕਾਨੂੰਨ ਨੇ ਰੋਕਿਆ ਹੋਇਆ ਹੈ? ਕੋਈ ਵੀ ਕਾਨੂੰਨ ਹਿੰਦੂਆਂ ਦੇ ਜ਼ਿਆਦਾ ਬੱਚੇ ਪੈਦਾ ਕਰਨ 'ਤੇ ਪਾਬੰਦੀ ਨਹੀਂ ਲਾਉਂਦਾ, ਅਜਿਹੀ ਕੋਈ ਗੱਲ ਨਹੀਂ ਹੈ।''
ਅਜਿਹੇ ਬਿਆਨ ਸਰਕਾਰ ਦੀ 'ਛੋਟਾ ਪਰਿਵਾਰ ਸੁਖੀ ਪਰਿਵਾਰ' ਵਾਲੀ ਨੀਤੀ ਦੇ ਵੀ ਉਲਟ ਹਨ। ਸਿਰਫ ਆਬਾਦੀ ਵਧਾ ਕੇ ਮਜ਼ਬੂਤੀ ਨਹੀਂ ਲਿਆਂਦੀ ਜਾ ਸਕਦੀ। ਆਬਾਦੀ ਵਧਣ ਦੇ ਨਾਲ-ਨਾਲ ਬੇਰੋਜ਼ਗਾਰੀ ਤੇ ਗਰੀਬੀ ਵੀ ਵਧਦੀ ਹੈ।
ਅਤੀਤ 'ਚ ਵੀ ਅਜਿਹੇ ਬਿਆਨਾਂ ਦੀ ਆਲੋਚਨਾ ਹੁੰਦੀ ਰਹੀ ਹੈ ਅਤੇ ਇਸ ਵਾਰ ਵੀ ਸ਼੍ਰੀ ਭਾਗਵਤ ਦੇ ਉਕਤ ਬਿਆਨ ਲਈ ਵੱਖ-ਵੱਖ ਪਾਰਟੀਆਂ ਸ਼੍ਰੀ ਭਾਗਵਤ, ਭਾਜਪਾ ਅਤੇ ਮੋਦੀ ਸਰਕਾਰ ਦੀ ਡਟ ਕੇ ਆਲੋਚਨਾ ਕਰ ਰਹੀਆਂ ਹਨ।
'ਕਾਂਗਰਸ' ਦੇ ਸ਼੍ਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ, ''ਉਹ (ਸ਼੍ਰੀ ਭਾਗਵਤ) ਤਾਂ ਧਰਮ ਦੀ ਹੀ ਖਾਂਦੇ ਹਨ। ਉਹ ਹੋਰ ਕੀ ਗੱਲ ਕਰਨਗੇ? ਆਪਣੇ ਹਰੇਕ ਬਿਆਨ ਵਿਚ ਸ਼੍ਰੀ ਭਾਗਵਤ (ਸਮਾਜ ਨੂੰ) ਵੰਡਣ ਦੀ ਗੱਲ ਕਰਦੇ ਹਨ। ਉਨ੍ਹਾਂ ਨੂੰ ਬੇਰੋਜ਼ਗਾਰੀ ਅਤੇ ਮਹਿੰਗਾਈ 'ਤੇ ਬੋਲਣਾ ਚਾਹੀਦਾ ਹੈ ਪਰ ਉਹ ਅਜਿਹਾ ਨਹੀਂ ਕਰਦੇ।''
'ਬਸਪਾ' ਸੁਪਰੀਮੋ ਮਾਇਆਵਤੀ ਨੇ ਪੁੱਛਿਆ ਹੈ ਕਿ ''ਜੇ ਹਿੰਦੂ ਜ਼ਿਆਦਾ ਬੱਚੇ ਪੈਦਾ ਕਰਨਾ ਸ਼ੁਰੂ ਕਰ ਦੇਣਗੇ ਤਾਂ ਕੀ ਭਾਜਪਾ ਉਨ੍ਹਾਂ ਨੂੰ ਨੌਕਰੀਆਂ ਦੇਵੇਗੀ?''
'ਸਪਾ' ਦੇ ਆਜ਼ਮ ਖਾਨ ਨੇ ਕਿਹਾ ਹੈ ਕਿ ''ਪਹਿਲਾਂ ਉਨ੍ਹਾਂ ਨੂੰ 'ਸ਼ਹਿਨਸ਼ਾਹ' (ਇਸ਼ਾਰਾ ਸ਼੍ਰੀ ਨਰਿੰਦਰ ਮੋਦੀ ਵੱਲ) ਨੂੰ ਬੱਚੇ ਪੈਦਾ ਕਰਨ ਲਈ ਕਹਿਣਾ ਚਾਹੀਦਾ ਹੈ।''
'ਆਪ' ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ''ਪਹਿਲਾਂ ਸ਼੍ਰੀ ਭਾਗਵਤ ਨੂੰ ਖੁਦ 10 ਬੱਚੇ ਪੈਦਾ ਕਰ ਕੇ ਉਨ੍ਹਾਂ ਦੀ ਚੰਗੀ ਪਰਵਰਿਸ਼ ਕਰ ਕੇ ਦਿਖਾਉਣੀ ਚਾਹੀਦੀ ਹੈ।''
ਅੱਜ ਜ਼ਮਾਨਾ ਬਦਲ ਚੁੱਕਾ ਹੈ। ਪੜ੍ਹਿਆ-ਲਿਖਿਆ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਵੀ ਬਿਹਤਰ ਉੱਚੀ ਸਿੱਖਿਆ ਅਤੇ ਜੀਵਨ ਲਈ ਉਪਯੋਗੀ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਚਾਹੁੰਦਾ ਹੈ। ਇਸ ਲਈ ਉਹ 2 ਤੋਂ ਜ਼ਿਆਦਾ ਬੱਚੇ ਨਹੀਂ ਚਾਹੁੰਦਾ।
ਇਹੋ ਵਜ੍ਹਾ ਹੈ ਕਿ ਅੱਜ ਪੜ੍ਹੇ-ਲਿਖੇ ਪਰਿਵਾਰ ਘੱਟ ਬੱਚੇ ਪੈਦਾ ਕਰ ਰਹੇ ਹਨ ਅਤੇ ਹੁਣ ਪੜ੍ਹੀਆਂ-ਲਿਖੀਆਂ ਔਰਤਾਂ ਵੀ 2 ਤੋਂ ਜ਼ਿਆਦਾ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੀਆਂ ਅਤੇ ਉਂਝ ਵੀ ਜ਼ਿਆਦਾ ਬੱਚੇ ਪੈਦਾ ਕਰਨ ਨਾਲ ਉਨ੍ਹਾਂ ਦੀ ਸਿਹਤ 'ਤੇ ਉਲਟਾ ਅਸਰ ਪੈਂਦਾ ਹੈ।
ਅੱਜ ਸਮਾਜ ਨੂੰ ਅਜਿਹੇ ਬਿਆਨਾਂ ਦੀ ਨਹੀਂ, ਸਗੋਂ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਪਰਿਵਾਰ ਨਿਯੋਜਨ ਪ੍ਰਤੀ ਜਾਗ੍ਰਿਤੀ ਫੈਲਾਉਣ ਦੇ ਯਤਨਾਂ ਦੀ ਲੋੜ ਹੈ ਤਾਂ ਕਿ ਸਮਾਜ ਦੇ ਜਿਸ ਵਰਗ ਵਿਚ ਬੇਰੋਜ਼ਗਾਰੀ, ਪੱਛੜੇਪਨ, ਅਗਿਆਨਤਾ ਆਦਿ ਕਾਰਨਾਂ ਕਰਕੇ ਲੋਕ ਜ਼ਿਆਦਾ ਬੱਚੇ ਪੈਦਾ ਕਰ ਰਹੇ ਹਨ, ਉਨ੍ਹਾਂ ਵਿਚ ਸਿੱਖਿਆ ਦੇ ਪਸਾਰ, ਰੋਜ਼ਗਾਰ ਦੇ ਮੌਕਿਆਂ ਵਿਚ ਵਾਧੇ ਆਦਿ ਦੇ ਜ਼ਰੀਏ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਸਕੇ।
—ਵਿਜੇ ਕੁਮਾਰ
'ਰੀਓ' ਵਿਚ ਭਾਰਤੀ ਐਥਲੀਟਾਂ ਨੂੰ ਸਿਆਸਤਦਾਨਾਂ ਨੇ ਪਛਾੜ ਦਿੱਤਾ
NEXT STORY