ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਗੱਲਾਂ ਤੋਂ ਕਈ ਵਾਰ ਅਜਿਹੇ ਸੰਕੇਤ ਮਿਲੇ ਹਨ ਕਿ ਉਹ ਇਹ ਗੱਲ ਮਹਿਸੂਸ ਕਰਦੇ ਹਨ ਕਿ ਭਾਰਤ-ਪਾਕਿ 'ਚ ਜੰਗ ਅਤੇ ਤਣਾਤਣੀ ਦਾ ਕੋਈ ਲਾਭ ਨਹੀਂ ਹੈ ਤੇ ਦੋਵਾਂ ਦੇਸ਼ਾਂ ਦੇ ਸੰਬੰਧ ਸੁਧਾਰਨ ਦੇ ਇਰਾਦੇ ਨਾਲ ਹੀ ਉਨ੍ਹਾਂ ਨੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਲਾਹੌਰ ਆਉਣ ਲਈ ਸੱਦਾ ਦਿੱਤਾ ਅਤੇ 21 ਫਰਵਰੀ 1999 ਨੂੰ ਲਾਹੌਰ ਐਲਾਨ-ਪੱਤਰ 'ਤੇ ਦਸਤਖ਼ਤ ਕੀਤੇ ਸਨ।
ਉਸੇ ਸਾਲ ਸੱਤਾ ਪਲਟਣ ਮਗਰੋਂ ਮੁਸ਼ੱਰਫ ਵਲੋਂ ਦੇਸ਼-ਨਿਕਾਲਾ ਦੇ ਦੇਣ ਮਗਰੋਂ ਉਹ 2007 'ਚ ਪਾਕਿਸਤਾਨ ਪਰਤੇ। ਫਿਰ 2013 ਦੀਆਂ ਚੋਣਾਂ ਜਿੱਤ ਕੇ ਮੁੜ ਪ੍ਰਧਾਨ ਮੰਤਰੀ ਬਣਨ 'ਤੇ ਇਕ ਵਾਰ ਫਿਰ ਉਨ੍ਹਾਂ ਨੇ ਭਾਰਤ ਨਾਲ ਸੰਬੰਧ ਸੁਧਾਰਨ ਦੀ ਇੱਛਾ ਪ੍ਰਗਟ ਕੀਤੀ।
ਉਹ ਨਾ ਸਿਰਫ ਭਾਰਤ ਆਏ ਸਗੋਂ ਇਹ ਵੀ ਕਿਹਾ ਕਿ ''ਮੈਂ ਭਾਰਤ-ਪਾਕਿ ਸੰਬੰਧਾਂ 'ਚ ਇਕ ਨਵਾਂ ਸਫਾ ਜੋੜਨ ਆਇਆ ਹਾਂ। ਇਹ ਦੋਵਾਂ ਦੇਸ਼ਾਂ 'ਚ ਇਕ ਨਵਾਂ ਅਧਿਆਏ ਸ਼ੁਰੂ ਕਰਨ ਦਾ ਇਤਿਹਾਸਿਕ ਮੌਕਾ ਹੈ ਕਿਉਂਕਿ ਦੋਵਾਂ ਦੇਸ਼ਾਂ ਨੇ ਅੱਤਵਾਦੀਆਂ ਹੱਥੋਂ ਹਜ਼ਾਰਾਂ ਪ੍ਰਾਣ ਗੁਆਏ ਹਨ ਅਤੇ ਸਾਡੇ ਅਰਥਚਾਰੇ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਲਈ ਅੱਤਵਾਦ ਨੂੰ ਖਤਮ ਕਰਨ ਲਈ ਸਾਡੇ ਨਾਲੋਂ ਜ਼ਿਆਦਾ ਗੰਭੀਰ ਕੌਣ ਹੋ ਸਕਦਾ ਹੈ।''
ਫਿਰ 26 ਮਈ 2014 ਨੂੰ ਨਰਿੰਦਰ ਮੋਦੀ ਦੇ ਸਹੁੰ-ਚੁੱਕ ਸਮਾਰੋਹ 'ਚ ਹਿੱਸਾ ਲੈਣ ਲਈ ਉਨ੍ਹਾਂ ਦੇ ਭਾਰਤ ਆਉਣ ਅਤੇ ਨਰਿੰਦਰ ਮੋਦੀ ਵਲੋਂ 25 ਦਸੰਬਰ 2015 ਨੂੰ ਉਨ੍ਹਾਂ ਦੀ ਦੋਹਤੀ ਦੇ ਵਿਆਹ ਦੀ ਰਸਮ 'ਚ ਸ਼ਾਮਿਲ ਹੋਣ ਲਈ ਲਾਹੌਰ ਜਾਣ ਤੋਂ ਵੀ ਆਸ ਜਾਗੀ ਸੀ ਕਿ ਦੋਵਾਂ ਦੀ ਪਹਿਲ ਨਾਲ ਅੱਤਵਾਦੀ ਹਿੰਸਾ ਦਾ ਦੌਰ ਖਤਮ ਹੋਵੇਗਾ।
ਪਰ ਇਹ ਆਸ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ। ਪਹਿਲਾਂ ਵਾਂਗ ਹੀ ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ 'ਚ ਅੱਤਵਾਦੀਆਂ ਦੇ ਸਿਖਲਾਈ ਕੈਂਪ ਚਲਾਉਣ, ਭਾਰਤ 'ਚ ਹਿੰਸਾ ਫੈਲਾਉਣ ਲਈ ਉਨ੍ਹਾਂ ਨੂੰ ਭੇਜਣ ਅਤੇ ਪਾਕਿਸਤਾਨੀ ਫੌਜ ਵਲੋਂ ਗੋਲੀਬੰਦੀ ਦੀ ਉਲੰਘਣਾ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।
ਇਸ ਵੇਲੇ ਪਾਕਿਸਤਾਨ 'ਚ ਅੱਤਵਾਦੀ ਸੰਗਠਨਾਂ ਦੇ ਲੱਗਭਗ 160 ਟ੍ਰੇਨਿੰਗ ਕੈਂਪ ਚੱਲਦੇ ਹਨ। ਇਹ ਅੱਤਵਾਦੀ ਭਾਰਤ 'ਚ ਤਾਂ ਹਿੰਸਾ ਅਤੇ ਖੂਨ-ਖਰਾਬਾ ਕਰ ਹੀ ਰਹੇ ਹਨ, ਪਾਕਿਸਤਾਨ 'ਚ ਵੀ ਹਿੰਸਾ ਕਰ ਰਹੇ ਹਨ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 08 ਅਗਸਤ ਨੂੰ ਕਵੇਟਾ ਦੇ ਹਸਪਤਾਲ 'ਚ ਆਤਮਘਾਤੀ ਬੰਬ ਧਮਾਕੇ 'ਚ 93 ਤੋਂ ਵੱਧ ਵਿਅਕਤੀਆਂ ਦੀ ਮੌਤ ਤੇ ਦਰਜਨਾਂ ਹੋਰ ਜ਼ਖ਼ਮੀ।
* 13 ਸਤੰਬਰ ਨੂੰ ਕਵੇਟਾ 'ਚ ਅੱਤਵਾਦੀਆਂ ਵਲੋਂ ਪੁਲਸ ਦੀ ਗੱਡੀ 'ਤੇ ਹਮਲੇ 'ਚ ਦੋ ਵਿਅਕਤੀਆਂ ਦੀ ਮੌਤ ਤੇ 10 ਵਿਅਕਤੀ ਜ਼ਖ਼ਮੀ।
* 16 ਸਤੰਬਰ ਨੂੰ ਅਫਗਾਨਿਸਤਾਨ ਦੀ ਸਰਹੱਦ 'ਤੇ ਮੋਹਮੰਦ 'ਚ ਆਤਮਘਾਤੀ ਹਮਲੇ 'ਚ ਘੱਟੋ-ਘੱਟ 36 ਵਿਅਕਤੀਆਂ ਦੀ ਹੱਤਿਆ।
* 15 ਅਕਤੂਬਰ ਨੂੰ ਕਰਾਚੀ ਤੇ ਬਲੋਚਿਸਤਾਨ 'ਚ 4 ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ।
* 23 ਅਕਤੂਬਰ ਨੂੰ ਬੰਦੂਕਧਾਰੀਆਂ ਨੇ ਬਲੋਚਿਸਤਾਨ ਦੀ ਗਵਾਦਰ ਬੰਦਰਗਾਹ ਨੇੜੇ ਦੋ ਤੱਟ ਰੱਖਿਅਕਾਂ ਅਤੇ ਇਕ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਅਤੇ ਹੁਣ 24 ਅਕਤੂਬਰ ਨੂੰ ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ਅੱਤਵਾਦੀਆਂ ਨੇ ਬਲੋਚਿਸਤਾਨ 'ਚ ਕਵੇਟਾ ਦੇ ਪੁਲਸ ਟ੍ਰੇਨਿੰਗ ਸੈਂਟਰ 'ਚ ਦਾਖਲ ਹੋ ਕੇ 61 ਸਿਖਾਂਦਰੂ ਕੈਡਿਟਾਂ ਦੀ ਹੱਤਿਆ ਅਤੇ 125 ਹੋਰਨਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ।
ਅੱਤਵਾਦੀ ਭਾਰਤ ਅਤੇ ਪਾਕਿਸਤਾਨ ਦੋਹਾਂ ਹੀ ਥਾਵਾਂ 'ਤੇ ਹਮਲਿਆਂ 'ਚ ਇਕੋ ਜਿਹੀ ਰਣਨੀਤੀ ਅਪਣਾਉਂਦੇ ਹਨ। ਉੜੀ ਸੈਕਟਰ 'ਚ ਭਾਰਤੀ ਫੌਜ ਦੇ 12 ਬ੍ਰਿਗੇਡ ਦੇ ਮੁੱਖ ਦਫਤਰ 'ਤੇ 18 ਸਤੰਬਰ ਨੂੰ ਸਵੇਰੇ ਅੱਤਵਾਦੀਆਂ ਨੇ ਸੌਂ ਰਹੇ 20 ਜਵਾਨਾਂ ਦੀ ਹੱਤਿਆ ਕੀਤੀ ਸੀ ਅਤੇ ਇਸੇ ਤਰ੍ਹਾਂ ਹੀ ਕਵੇਟਾ 'ਚ ਵੀ ਸੁੱਤੇ ਪਏ ਕੈਡਿਟਾਂ ਦੀ ਹੱਤਿਆ ਕੀਤੀ ਹੈ।
ਸਪੱਸ਼ਟ ਹੈ ਕਿ ਪਾਕਿਸਤਾਨ ਦੇ ਪਾਲ਼ੇ ਹੋਏ ਅੱਤਵਾਦੀ ਭਾਰਤ ਦੇ ਨਾਲ-ਨਾਲ ਪਾਕਿਸਤਾਨ ਨੂੰ ਵੀ ਡੰਗ ਮਾਰ ਰਹੇ ਹਨ ਅਤੇ 24 ਅਕਤੂਬਰ ਨੂੰ ਹੀ ਖੁਦ ਨਵਾਜ਼ ਸ਼ਰੀਫ ਨੇ ਵੀ ਪ੍ਰਵਾਨ ਕਰ ਲਿਆ ਹੈ ਕਿ ਪਾਕਿਸਤਾਨ 'ਚ ਅੱਤਵਾਦ ਕਾਰਨ ਹੁਣ ਤਕ 24 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਅਤੇ ਇਸ ਦੇ ਅਰਥਚਾਰੇ ਨੂੰ 100 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਭਾਰਤ ਸਥਿਤ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਵੀ ਕਿਹਾ ਹੈ ਕਿ ''ਪਾਕਿਸਤਾਨ ਖੁਦ ਇਸ ਬੁਰਾਈ ਦਾ ਸਭ ਤੋਂ ਵੱਡਾ ਸ਼ਿਕਾਰ ਹੈ।''
ਹੁਣ ਜਦਕਿ ਨਵਾਜ਼ ਅੱਤਵਾਦ ਹੱਥੋਂ ਆਪਣੇ ਦੇਸ਼ ਦੀ ਹੋਈ ਤਬਾਹੀ ਪ੍ਰਵਾਨ ਕਰ ਰਹੇ ਹਨ, ਲੋੜ ਇਸ ਗੱਲ ਦੀ ਹੈ ਕਿ ਉਨ੍ਹਾਂ ਨੂੰ ਕੌਮਾਂਤਰੀ ਭਾਈਚਾਰੇ ਦੀ ਲਤਾੜ ਵਲੋਂ ਅੱਖਾਂ ਮੀਚਣ ਦੀ ਬਜਾਏ ਆਪਣੇ ਦੇਸ਼ 'ਚ ਸਰਗਰਮ ਅੱਤਵਾਦੀਆਂ ਨੂੰ ਪਾਲਣਾ-ਪੋਸਣਾ ਬੰਦ ਕਰ ਕੇ ਉਨ੍ਹਾਂ ਵਿਰੁੱਧ ਹਰਕਤ 'ਚ ਆਉਣਾ ਚਾਹੀਦਾ ਹੈ।
ਕੌਣ ਨਹੀਂ ਜਾਣਦਾ ਕਿ ਓਸਾਮਾ-ਬਿਨ-ਲਾਦੇਨ ਵਰਗੇ ਦੁਨੀਆ ਦੇ ਸਭ ਤੋਂ ਭਿਆਨਕ ਅੱਤਵਾਦੀ ਨੂੰ ਪਾਕਿਸਤਾਨ ਸਰਕਾਰ ਨੇ ਕਈ ਵਰ੍ਹਿਆਂ ਤਕ ਆਪਣੇ ਦੇਸ਼ 'ਚ ਲੁਕੋਈ ਰੱਖਿਆ, ਜਿਸ ਨੂੰ ਖਤਮ ਕਰਨ ਲਈ ਅਮਰੀਕਾ ਨੂੰ ਕਾਰਵਾਈ ਕਰਨੀ ਪਈ। ਪਿਛਲੇ ਕੁਝ ਦਿਨਾਂ ਤੋਂ ਭਾਰਤੀ ਸੁਰੱਖਿਆ ਬਲਾਂ ਨੇ ਸਰਹੱਦ 'ਤੇ ਅੱਤਵਾਦੀ ਕੈਂਪਾਂ 'ਤੇ ਸਰਜੀਕਲ ਅਟੈਕ, ਵੱਖ-ਵੱਖ ਅੱਤਵਾਦ ਪ੍ਰਭਾਵਿਤ ਇਲਾਕਿਆਂ 'ਚ ਛਾਪੇਮਾਰੀ ਅਤੇ ਅੱਤਵਾਦੀਆਂ ਦੇ ਮਦਦਗਾਰ ਸਰਕਾਰੀ ਮੁਲਾਜ਼ਮਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਚੰਗੇ ਨਤੀਜੇ ਮਿਲ ਰਹੇ ਹਨ ਅਤੇ ਇਸੇ ਲੜੀ 'ਚ ਆਂਧਰਾ ਪ੍ਰਦੇਸ਼ 'ਚ ਸਰਗਰਮ ਮਾਓਵਾਦੀਆਂ ਨਾਲ ਮੁਕਾਬਲੇ 'ਚ 24 ਅਕਤੂਬਰ ਨੂੰ ਸੁਰੱਖਿਆ ਬਲਾਂ ਨੇ 24 ਮਾਓਵਾਦੀਆਂ ਨੂੰ ਮਾਰ-ਮੁਕਾਇਆ ਹੈ।
ਇਸੇ ਤਰ੍ਹਾਂ ਪਾਕਿਸਤਾਨ ਦੇ ਸ਼ਾਸਕਾਂ ਨੂੰ ਵੀ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਅੱਗੇ ਆਉਣਾ ਚਾਹੀਦੈ। ਪਾਕਿਸਤਾਨ ਦੇ ਸ਼ਾਸਕਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਗੁਆਂਢੀ ਦਾ ਘਰ ਫੂਕਣ ਲਈ ਆਪਣੇ ਘਰ 'ਚ ਅੱਗ ਲਗਾਉਣੀ ਸਿਆਣਪ ਨਹੀਂ ਹੈ।
—ਵਿਜੇ ਕੁਮਾਰ
ਸਪਾ 'ਚ ਚੱਲ ਰਿਹਾ 'ਘਮਸਾਨ' 'ਰੁਕਣ ਵਾਲਾ ਨਹੀਂ'
NEXT STORY