ਜਲੰਧਰ (ਸ਼ੋਰੀ)– ਗਰਮੀ ਚੰਗੇ-ਭਲੇ ਲੋਕਾਂ ਨੂੰ ਵੀ ਪ੍ਰੇਸ਼ਾਨ ਕਰ ਦਿੰਦੀ ਹੈ। ਕੜਕਦੀ ਧੁੱਪ, ਲੂ ਤੇ ਹੁੰਮਸ ਤੋਂ ਕਿਤੇ ਵੀ ਰਾਹਤ ਨਹੀਂ ਮਿਲਦੀ। ਗਰਮੀ ਇਕ ਅਜਿਹਾ ਮੌਸਮ ਹੈ, ਜਿਸ ’ਚ ਭੁੱਖ ਮਿਟ ਜਾਂਦੀ ਹੈ ਤੇ ਸਾਰਾ ਦਿਨ ਸਿਰਫ਼ ਪਿਆਸ ਹੀ ਸਤਾਉਂਦੀ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਰਾ ਦਿਨ ਸਿਰਫ਼ ਪਾਣੀ ਹੀ ਪੀਂਦੇ ਰਹੀਏ। ਕੁਝ ਠੰਡਾ ਖਾਂਦੇ ਰਹੀਏ ਤਾਂ ਕਿ ਸਰੀਰ ’ਚ ਨਮੀ ਬਣੀ ਰਹੇ। ਗਰਮੀਆਂ ’ਚ ਢਿੱਡ ਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਸਭ ਤੋਂ ਵੱਧ ਹੁੰਦੀਆਂ ਹਨ। ਥੋੜ੍ਹੀ ਜਿਹੀ ਲਾਪ੍ਰਵਾਹੀ ਕਾਰਨ ਉਲਟੀਆਂ ਤੇ ਦਸਤ ਦੀ ਸਮੱਸਿਆ ਹੋ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : 14 ਸਾਲਾਂ ਬਾਅਦ ਸੁਲਝਿਆ MBA ਵਿਦਿਆਰਥਣ ਨਾਲ ਹੋਏ ਜਬਰ-ਜ਼ਿਨਾਹ ਤੇ ਕਤਲ ਦਾ ਮਾਮਲਾ
ਇਸ ਲਈ ਤੁਹਾਨੂੰ ਗਰਮੀਆਂ ’ਚ ਆਪਣੀ ਰੋਜ਼ਾਨਾ ਦੀ ਰੁਟੀਨ ਤੇ ਖਾਣ-ਪੀਣ ਦੀਆਂ ਆਦਤਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਦਿਨ ਵੇਲੇ ਹਲਕਾ ਭੋਜਨ ਖਾਓ, ਖ਼ੂਬ ਪਾਣੀ ਪੀਓ ਤੇ ਜਿੰਨਾ ਹੋ ਸਕੇ ਘਰ ਦੇ ਅੰਦਰ ਹੀ ਰਹੋ। ਤੁਹਾਨੂੰ ਮੌਸਮੀ ਫ਼ਲਾਂ ਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਗਰਮੀਆਂ ’ਚ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਰ ਮਈ ਦੇ ਮਹੀਨੇ ’ਚ ਹੀ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਕੁਝ ਲੋਕਾਂ ਨੇ ਤਾਂ ਪੱਖੇ ਵੀ ਛੱਡ ਦਿੱਤੇ ਹਨ ਤੇ ਏ. ਸੀ. ਚਾਲੂ ਕਰ ਦਿੱਤੇ ਹਨ।
ਗਰਮੀ ਕਾਰਨ ਸਿਵਲ ਹਸਪਤਾਲ ’ਚ ਦਸਤ ਤੇ ਉਲਟੀਆਂ ਦੇ ਮਰੀਜ਼ਾਂ ਦੀ ਗਿਣਤੀ ’ਚ ਫਿਲਹਾਲ ਕਮੀ ਹੈ ਪਰ ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਗੰਭੀਰ ਗਰਮੀ ਯਾਨੀ ਜੂਨ ਮਹੀਨੇ ਸਿਵਲ ਹਸਪਤਾਲ ’ਚ ਅਜਿਹੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੁੰਦਾ ਹੈ। ਹਰ ਰੋਜ਼ 10 ਤੋਂ 15 ਵਿਅਕਤੀ ਓ. ਪੀ. ਡੀ. ’ਚ ਆਪਣਾ ਚੈੱਕਅੱਪ ਕਰਵਾਉਂਦੇ ਹਨ ਤੇ ਹਰ ਮਹੀਨੇ 10 ਤੋਂ 15 ਵਿਅਕਤੀ ਹਾਲਤ ਵਿਗੜਨ ਕਾਰਨ ਦਾਖ਼ਲ ਹੁੰਦੇ ਹਨ।
ਗਰਮੀਆਂ ’ਚ ਇੰਝ ਕਰੋ ਆਪਣਾ ਬਚਾਅ
1. ਤਾਜ਼ਾ ਤੇ ਹਲਕਾ ਖਾਣਾ ਖਾਓ
ਗਰਮੀਆਂ ’ਚ ਤੁਹਾਨੂੰ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਅਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ, ਜੋ ਹਲਕੀਆਂ ਹੋਣ ਤੇ ਆਸਾਨੀ ਨਾਲ ਪਚਣ ਵਾਲੀਆਂ ਹੋਣ। ਤੁਹਾਨੂੰ ਵੱਧ ਤੋਂ ਵੱਧ ਫ਼ਲਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਚੀਜ਼ ਦੀ ਤੁਹਾਨੂੰ ਭੁੱਖ ਹੈ, ਉਸ ਤੋਂ ਥੋੜ੍ਹਾ ਘੱਟ ਖਾਓ, ਜ਼ਿਆਦਾ ਤੇਲ ਤੇ ਮਸਾਲਿਆਂ ਵਾਲਾ ਭੋਜਨ ਖਾਣ ਤੋਂ ਪ੍ਰਹੇਜ਼ ਕਰੋ।
2. ਸਰੀਰ ਨੂੰ ਹਾਈਡਰੇਟ ਰੱਖੋ
ਗਰਮੀਆਂ ’ਚ ਸਿਹਤਮੰਦ ਰਹਿਣ ਲਈ ਸਰੀਰ ਨੂੰ ਹਾਈਡਰੇਟ ਰੱਖਣਾ ਸਭ ਤੋਂ ਜ਼ਰੂਰੀ ਹੈ। ਤੁਹਾਨੂੰ ਦਿਨ ਭਰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੂਸ, ਦਹੀਂ, ਦੁੱਧ, ਮੱਖਣ, ਲੱਸੀ, ਨਿੰਬੂ ਪਾਣੀ, ਗਲੂਕੋਨ ਡੀ ਪੀਂਦੇ ਰਹਿਣਾ ਚਾਹੀਦਾ ਹੈ। ਤੁਹਾਨੂੰ ਦਿਨ ’ਚ 1 ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ’ਚ ਪਾਣੀ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।
3. ਮੌਸਮੀ ਫ਼ਲ ਖਾਓ
ਗਰਮੀਆਂ ’ਚ ਤੁਹਾਨੂੰ ਆਪਣੀ ਡਾਈਟ ’ਚ ਮੌਸਮੀ ਫ਼ਲਾਂ ਤੇ ਸਬਜ਼ੀਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਤੁਹਾਨੂੰ ਆਪਣੀ ਖੁਰਾਕ ’ਚ ਤਰਬੂਜ਼ ਵਰਗੇ ਪਾਣੀ ਵਾਲੇ ਫ਼ਲ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਸੰਤਰਾ, ਅੰਗੂਰ, ਲੀਚੀ, ਚੈਰੀ, ਆੜੂ ਤੇ ਅੰਬ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ਫ਼ਲਾਂ ਦਾ ਸੇਵਨ ਕਰਨ ਨਾਲ ਸਰੀਰ ’ਚ ਪਾਣੀ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।
4. ਮੌਸਮੀ ਸਬਜ਼ੀਆਂ ਖਾਓ
ਗਰਮੀਆਂ ’ਚ ਹਰੀਆਂ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਗਰਮੀਆਂ ’ਚ ਤੁਹਾਨੂੰ ਲੌਕੀ, ਕਰੇਲਾ ਤੇ ਭਿੰਡੀ ਵਰਗੀਆਂ ਮੌਸਮੀ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਇਹ ਕੋਸ਼ਿਸ਼ ਕਰੋ ਕਿ ਸਬਜ਼ੀਆਂ ਤਾਜ਼ੀਆਂ ਹੋਣ ਤੇ ਘੱਟ ਤੇਲ ਤੇ ਮਸਾਲਿਆਂ ਨਾਲ ਪਕਾਈਆਂ ਜਾਣ। ਤੁਹਾਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ।
5. ਇਹ ਪੀਣ ਵਾਲੇ ਪਦਾਰਥ ਜ਼ਰੂਰ ਪੀਓ
ਗਰਮੀਆਂ ’ਚ ਤੁਸੀਂ ਆਪਣੀ ਡਾਈਟ ’ਚ ਦਹੀਂ, ਮੱਖਣ ਤੇ ਲੱਸੀ ਨੂੰ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਰੋਜ਼ਾਨਾ ਨਿੰਬੂ ਪਾਣੀ ਪੀਓ, ਜੇਕਰ ਤੁਹਾਨੂੰ ਕੁਝ ਠੰਡਾ ਪੀਣ ਦਾ ਮਨ ਹੋਵੇ ਤਾਂ ਘਰ ਦਾ ਬਣਿਆ ਸ਼ਰਬਤ ਪੀਓ। ਤੁਸੀਂ ਤਰਬੂਜ਼, ਅੰਬ ਤੇ ਲੀਚੀ ਦਾ ਸ਼ਰਬਤ ਪੀ ਸਕਦੇ ਹੋ। ਇਸ ਤੋਂ ਇਲਾਵਾ ਬੱਲ ਦਾ ਸ਼ਰਬਤ ਵੀ ਪੀਓ।
ਬਜ਼ੁਰਗਾਂ ਤੇ ਬੱਚਿਆਂ ਦਾ ਵੀ ਰੱਖੋ ਖ਼ਾਸ ਖਿਆਲ : ਡਾ. ਕਸ਼ਮੀਰੀ ਲਾਲ
ਸਿਵਲ ਹਸਪਤਾਲ ਤੋਂ ਸੇਵਾਮੁਕਤ ਸੀਨੀਅਰ ਮੈਡੀਕਲ ਅਫ਼ਸਰ ਤੇ ਐੱਮ. ਡੀ. ਮੈਡੀਸਨ ਡਾ. ਕਸ਼ਮੀਰੀ ਲਾਲ ਦਾ ਕਹਿਣਾ ਹੈ ਕਿ ਹਰ ਸਾਲ ਗਰਮੀਆਂ ਤੇ ਸਰਦੀਆਂ ਆਉਂਦੀਆਂ ਹਨ। ਸਾਨੂੰ ਇਸ ਮੌਸਮ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਜੋ ਅਸੀਂ ਬੀਮਾਰ ਨਾ ਹੋਈਏ। ਲੋਕ ਸਵੇਰੇ ਜਾਂ ਸ਼ਾਮ ਨੂੰ ਆਪਣਾ ਕੰਮ ਕਰਨ, ਜੇਕਰ ਤੁਸੀਂ ਧੁੱਪ ’ਚ ਬਾਹਰ ਨਿਕਲਦੇ ਹੋ ਤਾਂ ਆਪਣੇ ਨਾਲ ਛੱਤਰੀ ਜ਼ਰੂਰ ਲੈ ਕੇ ਜਾਓ, ਗਰਮੀ ਕਾਰਨ ਬਜ਼ੁਰਗ ਤੇ ਬੱਚੇ ਜਲਦੀ ਬੀਮਾਰ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਵਾਰ-ਵਾਰ ਸਾਫ਼ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੀਮਾਰ ਵਿਅਕਤੀ ਨੂੰ ਘਰੇਲੂ ਇਲਾਜ ਕਰਵਾਉਣ ਦੀ ਬਜਾਏ ਮਾਹਿਰ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੱਡੀ ਖ਼ਬਰ : 14 ਸਾਲਾਂ ਬਾਅਦ ਸੁਲਝਿਆ MBA ਵਿਦਿਆਰਥਣ ਨਾਲ ਹੋਏ ਜਬਰ-ਜ਼ਿਨਾਹ ਤੇ ਕਤਲ ਦਾ ਮਾਮਲਾ
NEXT STORY