ਮਾਨਸਾ (ਸੰਦੀਪ ਮਿੱਤਲ) : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਨਾਮਜ਼ਦਗੀ ਕਾਗਜ਼ ਦਾਖਲ ਨਾ ਹੋਣ ਦੇ ਗੰਭੀਰ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਮਾਨਸਾ ਦੇ ਚੋਣ ਇੰਚਾਰਜ ਜਗਦੀਪ ਸਿੰਘ ਨਕੱਈ ਨੇ ਸਰਕਾਰ ਜਾਂ ਪ੍ਰਸ਼ਾਸਨ ਨੂੰ ਕਲੀਨ ਚਿੱਟ ਦਿੰਦੇ ਹੋਏ ਪਾਰਟੀ ਅੰਦਰੂਨੀ ਵਿਸ਼ਵਾਸਘਾਤ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਨਕੱਈ ਨੇ ਸਪੱਸ਼ਟ ਕਿਹਾ ਕਿ ਜ਼ਿਲ੍ਹਾ ਮਾਨਸਾ ਅੰਦਰ ਕਿਸੇ ਵੀ ਭਾਜਪਾ ਉਮੀਦਵਾਰ ਨਾਲ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਧੱਕਾ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਦੇ ਕਾਗਜ਼ ਦਾਖਲ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਨਕੱਈ ਨੇ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਅਸਲ ਵਿਚ ਸਾਨੂੰ ਹੀ ਕੁਝ ਸਾਡੇ ਉਮੀਦਵਾਰਾਂ ਅਤੇ ਆਗੂਆਂ ਨੇ ਧੋਖੇ ਵਿਚ ਰੱਖਿਆ। ਉਨ੍ਹਾਂ ਕਿਹਾ ਕਿ ਇਹ ਲੋਕ ਜਾਣ-ਬੁੱਝ ਕੇ ਕਾਗਜ਼ ਦਾਖਲ ਕਰਨ ਦੇ ਆਖਰੀ ਦਿਨ ਨਿਸ਼ਚਿਤ ਸਮਾਂ ਲੰਘਾ ਕੇ ਦਫ਼ਤਰ ਪਹੁੰਚੇ। ਉਨ੍ਹਾਂ ਕਿਹਾ ਕਿ ਲੰਘੀ ਕੱਲ੍ਹ ਐੱਸ.ਡੀ.ਐੱਮ ਦਫ਼ਤਰ ਮਾਨਸਾ ਦੇ ਬਾਹਰ ਧਰਨਾ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਣ ਦੀ ਸਾਰੀ ਕਾਰਵਾਈ ਇੱਕ 'ਡਰਾਮੇਬਾਜ਼ੀ' ਸੀ, ਜੋ ਪਾਰਟੀ ਨੂੰ ਬਦਨਾਮ ਕਰਨ ਲਈ ਕੀਤੀ ਗਈ।
ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਰਕਰਾਂ 'ਤੇ ਸਖ਼ਤ ਕਾਰਵਾਈ ਦੀ ਮੰਗ
ਸੂਬਾ ਮੀਤ ਪ੍ਰਧਾਨ ਨਕੱਈ ਨੇ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਹਾਈ-ਕਮਾਂਡ ਅੱਗੇ ਇਹ ਗੱਲ ਰੱਖਣਗੇ ਕਿ ਅਜਿਹੇ ਵਰਕਰਾਂ, ਜੋ ਪਾਰਟੀ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਂਦੇ ਅਤੇ ਬਦਨਾਮ ਕਰਦੇ ਹਨ, ਉਨ੍ਹਾਂ ਨੂੰ ਤੁਰੰਤ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਕਿਉਂਕਿ ਉਨ੍ਹਾਂ ਨੂੰ ਪਾਰਟੀ ਅੰਦਰ ਰਹਿਣ ਦਾ ਕੋਈ ਅਧਿਕਾਰ ਨਹੀਂ। ਨਕੱਈ ਨੇ ਕਿਹਾ ਕਿ ਇਹ ਉਮੀਦਵਾਰ ਅਸਲ ਵਿਚ ਖੁਦ ਚੋਣ ਲੜਨਾ ਹੀ ਨਹੀਂ ਚਾਹੁੰਦੇ ਸਨ। ਇਨ੍ਹਾਂ ਨੇ ਪੂਰੀ ਪਾਰਟੀ ਨੂੰ ਭੁਲੇਖੇ ਵਿਚ ਰੱਖਿਆ ਅਤੇ ਨਿਸ਼ਚਿਤ ਸਮੇਂ ਤੱਕ ਡਰਾਮੇਬਾਜ਼ੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਉਮੀਦਵਾਰਾਂ ਦੀ ਘਾਟ ਨਹੀਂ ਹੈ ਪਰ ਕੁਝ ਵਿਅਕਤੀਆਂ ਨੇ ਭਾਜਪਾ ਦੇ ਨਾਮ 'ਤੇ ਚੋਣ ਲੜਨ ਦਾ ਡਰਾਮਾ ਕਰਕੇ ਪਾਰਟੀ ਨੂੰ ਭੁਲੇਖੇ ਵਿਚ ਰੱਖਿਆ ਅਤੇ ਆਖਰ ਤੱਕ ਝੂਠ ਬੋਲਦੇ ਰਹੇ।
ਅੱਠ ਬਲਾਕ ਸੰਮਤੀ ਉਮੀਦਵਾਰਾਂ ਦਾ ਭਵਿੱਖ ਦਾਅ 'ਤੇ ਲੱਗਾ
ਇਸ ਮੌਕੇ ਉਨ੍ਹਾਂ ਨੇ ਇੱਕ ਕੁਝ ਆਗੂਆਂ 'ਤੇ ਸਿੱਧੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਸਾਡੀ ਟੀਮ ਵੱਲੋਂ ਵਾਰ-ਵਾਰ ਸੰਪਰਕ ਕਰਨ ਉੱਤੇ ਇਹ ਸਿਰਫ਼ 'ਲਾ' ਲਗਾਉਂਦੇ ਰਹੇ ਅਤੇ ਫਿਰ 4 ਵਜੇ ਦੇ ਕਰੀਬ ਆ ਕੇ ਧਰਨਾ ਲਗਾਉਣ ਅਤੇ ਹੋਰ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਨਕੱਈ ਨੇ ਖੁਲਾਸਾ ਕੀਤਾ ਕਿ ਅਸੀਂ ਦੋ ਦਿਨ ਪਹਿਲਾਂ ਤੋਂ ਹੀ ਸੰਪਰਕ ਵਿਚ ਸੀ ਪਰ ਇਸ ਆਗੂ ਨੇ ਅੱਠ ਬਲਾਕ ਸੰਮਤੀ ਉਮੀਦਵਾਰਾਂ ਦੇ ਜ਼ਰੂਰੀ ਡਾਕੂਮੈਂਟ (ਦਸਤਾਵੇਜ਼) ਆਪਣੇ ਕੋਲ ਰੱਖ ਲਏ ਅਤੇ ਇਨ੍ਹਾਂ ਵਿਚੋਂ ਕਿਸੇ ਦੇ ਵੀ ਫਾਰਮ ਨਹੀਂ ਭਰੇ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਬਲਾਕ ਸੰਮਤੀ ਦੇ ਕਾਗਜ਼ ਅਸਲ ਵਿਚ ਬੀ.ਡੀ.ਪੀ.ਓ. ਬਲਾਕ ਵਿਚ ਭਰੇ ਜਾਣੇ ਸਨ ਪਰ ਇਸ ਆਗੂ ਨੇ ਉਮੀਦਵਾਰਾਂ ਨੂੰ ਭੁਲੇਖੇ ਵਿਚ ਰੱਖ ਕੇ ਐੱਸ.ਡੀ.ਐੱਮ. ਦਫ਼ਤਰ ਅੱਗੇ ਹੀ ਬੈਠਣ ਲਈ ਮਜਬੂਰ ਕੀਤਾ। ਇਨ੍ਹਾਂ ਅੱਠ ਬਲਾਕ ਸੰਮਤੀ ਉਮੀਦਵਾਰਾਂ ਵੱਲੋਂ ਉਕਤ ਆਗੂ ਉੱਪਰ ਪਾਰਟੀ ਪੱਧਰ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਪੀ.ਏ. ਬੱਬੀ ਰੋਮਾਣਾ, ਮਨਦੀਪ ਸਿੰਘ ਮਾਨ, ਜਸਪ੍ਰੀਤ ਸੱਦਾ ਸਿੰਘ ਵਾਲਾ ਅਤੇ ਗੁਰਮੇਲ ਸਿੰਘ ਠੇਕੇਦਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਬਹੁਤ ਵਾਰ ਸੰਪਰਕ ਕੀਤਾ ਪਰ ਉਕਤ ਆਗੂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਭਾਵੇਂ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਧੱਕੇ ਦੀਆਂ ਖ਼ਬਰਾਂ ਆ ਰਹੀਆਂ ਹਨ, ਪਰ ਜ਼ਿਲ੍ਹਾ ਮਾਨਸਾ ਵਿੱਚ ਅਜੇ ਤੱਕ ਸਰਕਾਰ ਦੁਆਰਾ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ, ਅਤੇ ਪ੍ਰਸ਼ਾਸਨ ਵੱਲੋਂ ਉਮੀਦਵਾਰਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਅਤੇ ਪੂਰੇ ਨਿਰਧਾਰਿਤ ਟਾਈਮ ਤੱਕ ਸਹੀ ਕਾਗਜ਼ ਫੜੇ ਗਏ ਅਤੇ ਪ੍ਰਵਾਨ ਕੀਤੇ ਗਏ।
ਪੰਜਾਬ 'ਚ ਰੂਹ ਕੰਬਾਊ ਹਾਦਸਾ : ਡਰਾਈਵਿੰਗ ਸਿੱਖ ਰਹੇ 3 ਕਾਰ ਸਵਾਰ ਨਹਿਰ 'ਚ ਡੁੱਬੇ (ਵੀਡੀਓ)
NEXT STORY