ਬੁਢਲਾਡਾ (ਮਨਜੀਤ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਕ੍ਰਿਸ਼ਨਾ ਕਾਲਜ਼ ਆਫ਼ ਹਾਇਰ ਐਜੂਕੇਸ਼ਨ ਰੱਲੀ (ਕ੍ਰਿਸ਼ਨਾ ਗਰੁੱਪ ਆਫ ਇੰਸਟੀਚਿਊਟਸ) ਵਿਖੇ 'ਗੁਰਮਤਿ ਕਾਵਿਧਾਰਾ' ਨਾਲ ਸੰਬੰਧਤ ਵਿਸ਼ੇਸ਼ ਤੌਰ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਕਾਲਜ਼ ਦੇ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਵੱਲੋਂ ਉਚੇਚੇ ਤੌਰ 'ਤੇ ਭਾਗ ਲਿਆ ਗਿਆ। 'ਆਲ ਇਜ਼ ਵਨ' ਸੰਸਥਾ ਦੇ ਮੈਂਬਰ ਸਾਹਿਬਾਨ ਹਰਲਾਜ਼ ਸਿੰਘ, ਗੁਰਜੰਟ ਸਿੰਘ, ਰਾਜਿੰਦਰ ਸਿੰਘ ਵੱਲੋਂ ਗੁਰਮਤਿ ਅਤੇ ਗੁਰਮਤਿ ਕਾਵਿਧਾਰਾ ਨਾਲ ਸੰਬੰਧਿਤ ਆਪਣੇ ਭਾਸ਼ਣ ਅਤੇ ਵਿਚਾਰ ਪੇਸ਼ ਕੀਤੇ ਗਏ। ਕਾਲਜ ਦੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਜੀ ਅਤੇ ਪ੍ਰੀਤਇੰਦਰ ਸਿੰਘ ਚਹਿਲ, ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ, ਸਕੱਤਰ ਸਤਪਾਲ ਸਿੰਘ ਚਹਿਲ, ਪ੍ਰਧਾਨ ਡਾ: ਵਿਜੇ ਸਿੰਗਲਾ, ਪ੍ਰਿੰਸੀਪਲ ਪ੍ਰਮੋਦ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਇਸ ਮੌਕੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਅਤੇ ਚੇਅਰਮੈਨ ਪ੍ਰੀਤ ਇੰਦਰ ਸਿੰਘ ਚਹਿਲ ਵੱਲੋਂ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਇਤਿਹਾਸ ਬਾਰੇ ਦੱਸਿਆ ਗਿਆ ਅਤੇ ਸੰਸਥਾ ਵੱਲੋਂ ਦਿੱਤੀਆਂ ਗੁਰਮਤਿ ਕਾਵਿਧਾਰਾ ਨਾਲ ਸੰਬੰਧਤ ਕਿਤਾਬਾਂ ਵਿਦਿਆਰਥੀਆਂ ਵਿਚ ਵੰਡੀਆਂ ਗਈਆਂ, ਜਿਨ੍ਹਾਂ ਉੱਪਰ ਆਧਾਰਿਤ ਆਉਣ ਵਾਲੇ ਦਿਨਾਂ ਵਿਚ ਇਕ ਪ੍ਰਤੀਯੋਗਤਾ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਗੁਰਮਤਿ ਵਿਚਾਰਧਾਰਾ ਅਪਣਾਉਣ ਦੇ ਨਾਲ ਨਾਲ ਉੱਚਾ-ਸੁੱਚਾ, ਧਾਰਮਿਕ ਅਤੇ ਅਧਿਆਤਮਿਕ ਜੀਵਨ ਜਿਊਣ ਦਾ ਸੁਨੇਹਾ ਵੀ ਦਿੱਤਾ ਗਿਆ। ਨਾਲ ਹੀ ਵਿਦਿਆਰਥੀਆਂ ਨੂੰ ਧਾਰਮਿਕ, ਅਧਿਆਤਮਿਕ ਅਤੇ ਦਾਰਸ਼ਨਿਕ ਵਿਸ਼ਿਆਂ ਵਿਚ ਰੁੱਚੀ ਲਈ ਉਤਸ਼ਾਹਿਤ ਕੀਤਾ ਗਿਆ। ਸੈਮੀਨਾਰ ਦੀ ਸਮਾਪਤੀ ਸਮੇਂ ਗੁਰਮਤਿ ਵਿਚਾਰਧਾਰਾ ਪ੍ਰਤੀ ਸਭ ਵਿਚ ਭਾਰੀ ਉਤਸ਼ਾਹ ਵੇਖਿਆ ਗਿਆ ਅਤੇ ਪੂਰਾ ਹਾਲ ਜੈਕਾਰਿਆਂ ਨਾਲ ਗੂੰਜ ਉੱਠਿਆ।
ਦਵਾਈ ਲੈਣ ਪਹੁੰਚੇ ਵਿਅਕਤੀ ਦੀ ਅਚਾਨਕ ਮੌਤ
NEXT STORY