ਮੌੜ ਮੰਡੀ (ਪ੍ਰਵੀਨ): ਚਾਰ ਸਾਲ ਪਹਿਲਾ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਸਿਰਫ ਚਾਰ ਦਿਨ ਪਹਿਲਾਂ 31 ਜਨਵਰੀ 2017 ਨੂੰ ਮੌੜ ਵਿਖੇ ਹੋਏ ਬੰਬ ਕਾਂਡ ਦੌਰਾਨ ਸ਼ਹੀਦ ਹੋਏ ਪੰਜ ਬੱਚਿਆਂ ਅਤੇ ਦੋ ਵਿਅਕਤੀਆਂ ਦੇ ਕਾਤਲਾਂ ਨੂੰ ਲੱਭਣ ’ਚ ਅਸਫ਼ਲ ਰਹੀ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ਼ ਅੱਜ ਵੀ ਇਲਾਕਾ ਵਾਸੀਆਂ ’ਚ ਭਾਰੀ ਰੋਸ ਹੈ |2017 ਦੀਆਂ ਵਿਧਾਨ ਸਭਾ ਚੋਣਾਂ ’ਚ 31 ਜਨਵਰੀ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਜਦ ਇਕ ਨੁੱਕੜ ਮੀਟਿੰਗ ਨੂੰ ਸੰਬੋਧਨ ਕਰ ਕੇ ਨਿਕਲੇ ਤਾਂ ਉਥੇ ਪਹਿਲਾ ਤੋਂ ਖੜ੍ਹੀ ਇਕ ਕਾਰ ’ਚ ਹੋਏ ਦੋ ਭਿਆਨਕ ਬੰਬ ਧਮਾਕਿਆਂ ਕਾਰਨ ਇੱਕੋ ਗਲੀ ’ਚ ਖੇਡ ਰਹੇ ਪੰਜ ਬੱਚੇ ਵਰਖਾ ਰਾਣੀ, ਰਿਪੁਨਦੀਪ ਸਿੰਘ, ਸੌਰਵ ਸਿੰਗਲਾ, ਜਪਸਿਮਰਨ ਸਿੰਘ ਅਤੇ ਅੰਕੁਸ਼ ਇੰਸਾ ਦੇ ਨਾਲ ਨਾਲ ਅਸ਼ੋਕ ਕੁਮਾਰ ਅਤੇ ਹਰਮਿੰਦਰ ਸਿੰਘ ਜੱਸੀ ਦੇ ਪੀ. ਏ. ਹਰਪਾਲ ਸਿੰਘ ਪਾਲੀ ਵੀ ਕਿਸੇ ਘਟੀਆ ਸਿਆਸੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਇਸ ਜਗ ਨੂੰ ਸਦਾ ਲਈ ਅਲਵਿਦਾ ਕਹਿ ਗਏ | ਇਸ ਧਮਾਕੇ ’ਚ ਜ਼ਖਮੀ ਹੋਏ ਦੋ ਦਰਜ਼ਨ ਦੇ ਕਰੀਬ ਵਿਅਕਤੀ ਭਾਵੇਂ ਲੱਖਾਂ ਰੁਪਏ ਖਰਚ ਕੇ ਆਪਣਾ ਇਲਾਜ ਕਰਵਾ ਚੁੱਕੇ ਹਨ ਪਰ ਮੌੜ ਕਲਾਂ ਦਾ ਜਸਕਰਨ ਸਿੰਘ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਅੱਜ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ
ਪੀੜਿਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਮਾਣਯੋਗ ਹਾਈਕੋਰਟ ਵਲੋਂ ਭਾਵੇਂ ਦੋ ਵਾਰ ਸਿਟ ਦਾ ਗਠਨ ਕੀਤਾ ਜਾ ਚੁੱਕਾ ਹੈ ਪਰ ਸਿਟ ਦੀ ਧੀਮੀ ਜਾਂਚ ਦੇ ਚੱਲਦੇ ਬੰਬ ਕਾਂਡ ਦੇ ਦੋਸ਼ੀ ਅੱਜ ਵੀ ਕਾਨੂੰਨ ਦੇ ਸਿਕੰਜ਼ੇ ਤੋਂ ਬਾਹਰ ਹਨ। ਭਾਵੇਂ 2017 ’ਚ ਬੰਬ ਕਾਂਡ ਸਮੇਂ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਘਟਨਾ ਉਪਰੰਤ ਇਲਾਕਾ ਵਾਸੀਆਂ ਨੂੰੂ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਪੀੜਤ ਪਰਿਵਾਰਾਂ ਨੂੰ ਆਰਥਿਕ ਮਦਦ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਵੀ ਦਿੱਤੀਆ ਜਾਣਗੀਆਂ ਪਰ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਗਾਉਣ ਦੀ ਥਾਂ ਨਮਕ ਛਿੜਕਦੇ ਹੋਏ ਬੱਚਿਆਂ ਦੀਆਂ ਜ਼ਿੰਦਗੀਆਂ ਦਾ ਮੁੱਲ ਸਿਰਫ਼ ਪੰਜ-ਪੰਜ ਲੱਖ ਰੁਪਏ ਪਾਉਂਦੇ ਹੋਏ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਪਿੰਡ ਨੰਦਗੜ੍ਹ ਦੇ ਨੌਜਵਾਨ ਕਿਸਾਨ ਦੀ ਸੰਘਰਸ਼ ’ਚੋਂ ਵਾਪਸੀ ਸਮੇਂ ਮੌਤ
ਭਾਵੇਂ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਅਤੇ ਇਲਾਕਾ ਵਾਸੀਆਂ ਨੇ ਬੰਬ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਵੱਡਾ ਸੰਘਰਸ਼ ਕੀਤਾ ਪਰ ਸਰਕਾਰ ਦੇ ਕੰਨਾਂ ’ਤੇ ਅੱਜ ਤਕ ਜੂੰ ਨਹੀਂ ਸਰਕੀ। ਬੰਬ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ, ਉਨ੍ਹਾਂ ਨੂੰ ਸਜਾਵਾਂ ਦਿਵਾਉਣ ਅਤੇ ਪੀੜਤ ਪਰਿਵਾਰ ਪ੍ਰਤੀ ਸਰਕਾਰ ਦੇ ਰਵੱਈਏ ਤੋਂ ਖਫ਼ਾ ਇਲਾਕਾ ਵਾਸੀਆਂ ਨੇ ਆਪਣਾ ਗੁੱਸਾ ਜਾਹਿਰ ਕਰਦੇ ਹੋਏ ਪੁਲਸ ਪ੍ਰਸ਼ਾਸਨ ਵਲੋਂ ਮੌੜ ਇਲਾਕੇ ਨੂੰ ਦਿੱਤੀ ਗਈ ਐਂਬੂਲੈਂਸ ਵੀ ਪ੍ਰਸ਼ਾਸਨ ਨੂੰ ਵਾਪਸ ਕੀਤੀ ਜਾ ਚੁੱਕੀ ਹੈ ਪਰ ਸਰਕਾਰ ’ਤੇ ਇਸਦਾ ਵੀ ਕੋਈ ਅਸਰ ਨਹੀਂ ਹੋਇਆ |ਸਰਕਾਰ ਤੋਂ ਇਨਸਾਫ਼ ਦੀ ਆਸ ਛੱਡ ਹੁਣ ਇਲਾਕਾ ਵਾਸੀਆਂ ਅਤੇ ਪੀੜਿਤ ਪਰਿਵਾਰਾਂ ਵਲੋਂ ਮJfਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਬੰਬ ਕਾਂਡ ਸਥਾਨ ’ਤੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਂਦੇ ਹਨ ਤਾਂ ਜੋ ਪ੍ਰਮਾਤਮਾ ਵਿਛੜ ਚੁੱਕੀਆਂ ਰੂਹਾਂ ਨੂੰ ਸ਼ਾਂਤੀ ਬਖ਼ਸ਼ਦੇ ਹੋਏ ਆਪਣੇ ਚਰਨਾਂ ’ਚ ਨਿਵਾਸ ਦੇਵੇ |ਇਸ ਮਾਮਲੇ ਸਬੰਧੀ ਜਦ ਡੀ. ਐੱਸ. ਪੀ. ਮੌੜ ਕੁਲਭੂਸ਼ਨ ਸ਼ਰਮਾ ਤੋਂ ਇਹ ਜਾਨਣਾ ਚਾਹਿਆ ਕਿ ਮੌੜ ਬੰਬ ਕਾਂਡ ਸਬੰਧੀ ਪੁਲਸ ਪ੍ਰਸ਼ਾਸਨ ਵਲੋਂ ਕੀ ਕੀ ਗਤੀਵਿਧੀ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਅਜੇ ਤਾਂ ਕੋਈ ਗਤੀਵਿਧੀ ਨਹੀਂ ਜੇਕਰ ਕੋਈ ਹੋਈ ਤਾਂ ਦੱਸ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ 'ਚ ਕੀਤੇ ਗੰਭੀਰ ਖ਼ੁਲਾਸੇ
ਪੰਜਾਬ ਕੇਸਰੀ ਸਮੂਹ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤਾ ਬਲੀਦਾਨ: ਵਿਜੇ ਇੰਦਰ ਸਿੰਗਲਾ
NEXT STORY