ਬਠਿੰਡਾ (ਵਿਜੈ ਵਰਮਾ) : ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ 'ਚ ਸੋਮਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਰਕਾਰੀ ਸਕੂਲ ਦੀ ਕੰਧ ਸਮੇਤ ਪਿੰਡ ਦੀਆਂ ਦੋ ਕੰਧਾਂ ’ਤੇ ‘ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ ਅਤੇ ‘ਐੱਸ. ਐੱਫ. ਜੇ.’ ਦੇ ਨਾਅਰੇ ਲਿਖੇ ਹੋਏ ਮਿਲੇ। ਕੰਧਾਂ ’ਤੇ ਇਹ ਨਾਅਰੇ ਸਾਹਮਣੇ ਆਉਂਦੇ ਹੀ ਪਿੰਡ 'ਚ ਚਰਚਾ ਦਾ ਮਾਹੌਲ ਬਣ ਗਿਆ ਅਤੇ ਪੁਲਸ ਵੀ ਹਰਕਤ 'ਚ ਆ ਗਈ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਪਿੰਡ ਦੇ ਕੁੱਝ ਲੋਕਾਂ ਦੀ ਨਜ਼ਰ ਸਰਕਾਰੀ ਸਕੂਲ ਦੀ ਕੰਧ ਅਤੇ ਇੱਕ ਹੋਰ ਕੰਧ ’ਤੇ ਲਿਖੇ ਇਨ੍ਹਾਂ ਨਾਅਰਿਆਂ ’ਤੇ ਪਈ।
ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਗ੍ਰਾਮ ਪੰਚਾਇਤ ਨੂੰ ਦਿੱਤੀ। ਪੰਚਾਇਤ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਕੰਧਾਂ ’ਤੇ ਲਿਖੇ ਨਾਅਰਿਆਂ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਇਹ ਪਤਾ ਲਗਾਉਣ 'ਚ ਜੁੱਟੀ ਹੋਈ ਹੈ ਕਿ ਇਹ ਨਾਅਰੇ ਕਿਸ ਨੇ ਅਤੇ ਕਦੋਂ ਲਿਖੇ। ਪੁਲਸ ਵੱਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਸਥਾਨਕ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਾਰਵਾਈ ਕਿਸੇ ਸ਼ਰਾਰਤ ਦਾ ਹਿੱਸਾ ਸੀ ਜਾਂ ਇਸ ਪਿੱਛੇ ਕੋਈ ਹੋਰ ਮਕਸਦ ਸੀ।
ਥਾਣਾ ਸਦਰ ਦੇ ਐੱਸ. ਐੱਚ. ਓ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਸਮੇਤ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਨਾਅਰੇ ਲਿਖਣ ਵਾਲੇ ਵਿਅਕਤੀ ਜਾਂ ਵਿਅਕਤੀਆਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ। ਕੰਧਾਂ ’ਤੇ ਇਸ ਤਰ੍ਹਾਂ ਦੇ ਨਾਅਰੇ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਹੁਣ ਪੁਲਸ ਦੀ ਜਾਂਚ ਦਾ ਕੇਂਦਰ ਇਸ ਗੱਲ ’ਤੇ ਹੈ ਕਿ ਨਾਅਰੇ ਲਿਖਣ ਵਾਲੇ ਕੌਣ ਸਨ ਅਤੇ ਉਨ੍ਹਾਂ ਦਾ ਅਸਲ ਮਕਸਦ ਕੀ ਸੀ।
ਰਜਵਾਹੇ 'ਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ
NEXT STORY