ਸਮੇਂ-ਸਮੇਂ ’ਤੇ ਭਾਰਤ ਨੂੰ ਦਹਿਲਾਉਣ ਲਈ ਹਥਿਆਰਾਂ, ਨੌਜਵਾਨਾਂ ਦੀ ਸਿਹਤ ਨਸ਼ਟ ਕਰਨ ਲਈ ਨਸ਼ਿਆਂ ਅਤੇ ਅਰਥਵਿਵਸਥਾ ਨੂੰ ਹਾਨੀ ਪਹੁੰਚਾਉਣ ਲਈ ਜਾਅਲੀ ਕਰੰਸੀ ਦੀ ਸਮੱਗਲਿੰਗ ’ਚ ਪਾਕਿਸਤਾਨ ਸਰਕਾਰ ਅਤੇ ਉਸ ਦੀਆਂ ਵੱਖ-ਵੱਖ ਏਜੰਸੀਆਂ ਦੀ ਹਿੱਸੇਦਾਰੀ ਦੇ ਸਬੂਤ ਸਾਹਮਣੇ ਆਉਂਦੇ ਰਹਿੰਦੇ ਹਨ।
2018-19 ਤੋਂ ਪਾਕਿਸਤਾਨ ਨੇ ਭਾਰਤ ’ਚ ਸਮੱਗਲਿੰਗ ਲਈ ਇਕ ਨਵੇਂ ਹਥਿਆਰ ‘ਡ੍ਰੋਨ’ ਦੀ ਵਰਤੋਂ ਸ਼ੁਰੂ ਕੀਤੀ ਹੈ ਜਿਸ ’ਚ ਪਿਛਲੇ 2 ਸਾਲਾਂ ਦੌਰਾਨ ਬੇਹੱਦ ਵਾਧਾ ਹੋ ਗਿਆ ਹੈ। ਜ਼ਿਆਦਾਤਰ ਡ੍ਰੋਨ ਚੀਨ ਦੇ ਬਣੇ ਹਨ।
ਇਨ੍ਹਾਂ ’ਚੋਂ ਜ਼ਿਆਦਾਤਰ ‘ਡ੍ਰੋਨ’ ‘ਮਾਵਿਕ’ ਸੀਰੀਜ਼ ਦੇ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਡਣ ਵਾਲੇ 1 ਕਿਲੋ ਤੋਂ ਵੀ ਘੱਟ ਵਜ਼ਨ ਦੇ ਹਨ। ਇਹ 6000 ਮੀਟਰ ਦੀ ਉਚਾਈ ਤੱਕ ਉਡਾਣ ਭਰ ਸਕਦੇ ਹਨ ਅਤੇ 40 ਮਿੰਟ ਤਕ ਉੱਡ ਸਕਦੇ ਹਨ। ਸਸਤੇ ਹੋਣ ਕਾਰਨ ਸਮੱਗਲਰ ‘ਬਾਰਡਰ ਸਕਿਓਰਿਟੀ ਫੋਰਸ’ (ਬੀ. ਐੱਸ. ਐੱਫ.) ਵਲੋਂ ਡ੍ਰੋਨਾਂ ਨੂੰ ਸੁੱਟ ਦਿੱਤੇ ਜਾਣ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਦੀ ਵੀ ਪਰਵਾਹ ਨਹੀਂ ਕਰਦੇ।
ਹਰ ਹਫਤੇ ਸਰਹੱਦ ਪਾਰ ਤੋਂ ਘੁਸਪੈਠ ਕਰਨ ਵਾਲੇ ਔਸਤਨ 4-5 ‘ਡ੍ਰੋਨਾਂ’ ਦੀ ਬਰਾਮਦਗੀ ਹੋ ਰਹੀ ਹੈ। ਇਸ ਸਾਲ ਅਕਤੂਬਰ ਤਕ ਸਿਰਫ 10 ਮਹੀਨਿਆਂ ’ਚ ਹੀ ਪਾਕਿਸਤਾਨ ਤੋਂ ਭਾਰਤ ’ਚ ਘੁਸਪੈਠ ਕਰਨ ਵਾਲੇ ਹੈਰੋਇਨ, ਹਥਿਆਰਾਂ, ਕਾਰਤੂਸਾਂ ਆਦਿ ਨਾਲ 183 ਤੋਂ ਵੱਧ ‘ਡ੍ਰੋਨ’ ਬਰਾਮਦ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ ਕੁਝ ਡ੍ਰੋਨਾਂ ’ਚ ‘ਇਲਿਊਮਿਨੇਟਿੰਗ ਸਟ੍ਰਿਪ’ (ਰੋਸ਼ਨੀ ਕਰਨ ਵਾਲੀ ਪੱਟੀ) ਲੱਗੀ ਹੋਈ ਸੀ।
‘ਡ੍ਰੋਨਾਂ’ ਦੀ ਘੁਸਪੈਠ ’ਚ ਭਾਰੀ ਵਾਧਾ ਇਸ ਤੋਂ ਹੀ ਸਪੱਸ਼ਟ ਹੈ ਕਿ 2023 ਦੇ ਪੂਰੇ ਸਾਲ ’ਚ ਸਿਰਫ 103 ਡ੍ਰੋਨ ਹੀ ਫੜੇ ਗਏ ਸਨ ਪਰ ਇਸ ਸਾਲ ਇਕੱਲੇ ਅਕਤੂਬਰ ਦੇ ਮਹੀਨੇ ’ਚ ਹੀ 27 ਡ੍ਰੋਨ ਸੁੱਟੇ ਗਏ ਹਨ ਜਦ ਕਿ ਪਿਛਲੇ ਇਕ ਹਫਤੇ ’ਚ ਬੀ. ਐੱਸ. ਐੱਫ. ਵਲੋਂ ਘੱਟੋ-ਘੱਟ 10 ਡ੍ਰੋਨ ਸੁੱਟੇ ਜਾ ਚੁੱਕੇ ਹਨ।
ਅਜਿਹੇ ਹਾਲਾਤ ਦੇ ਦਰਮਿਆਨ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ‘ਲੋਪੋਕੇ’ ਵਿਧਾਨ ਸਭਾ ਹਲਕੇ ਦੇ ਪਿੰਡ ‘ਕੱਕੜ’ ’ਚ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਸਰਹੱਦ ’ਤੇ ਸੀ. ਸੀ. ਟੀ. ਵੀ. ਕੈਮਰੇ ਅਤੇ ‘ਐਂਟੀ ਡ੍ਰੋਨ ਸਿਸਟਮ’ ਲਾਉਣ ਦਾ ਐਲਾਨ ਕੀਤਾ ਹੈ।
ਸ਼੍ਰੀ ਕਟਾਰੀਆ ਨੇ ਕਿਹਾ, ‘‘ਸਰਹੱਦ ’ਤੇ ਰਹਿਣ ਵਾਲੇ ਤੁਸੀਂ ਲੋਕ ਦੇਸ਼ ਦੇ ਆਖਰੀ ਪਿੰਡ ਨਹੀਂ ਹੋ ਸਗੋਂ ਦੇਸ਼ ਦੀ ਰੱਖਿਆ ਕਰਨ ਵਾਲੀ ਢਾਲ ਹੋ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਨਾਲ ਮਿਲ ਕੇ ਤੁਹਾਡੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ।’’
ਉਨ੍ਹਾਂ ਨੇ ਅਧਿਕਾਰੀਆਂ ਨੂੰ ਮਹੀਨੇ ’ਚ ਇਕ ਵਾਰ ਇਨ੍ਹਾਂ ਪਿੰਡਾਂ ਦੀਆਂ ਕਮੇਟੀਆਂ ਨਾਲ ਬੈਠ ਕੇ ਪਿੰਡ ਪੱਧਰੀ ਮੁੱਦਿਆਂ ਦਾ ਹੱਲ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਸ਼੍ਰੀ ਕਟਾਰੀਆ ਨੇ ਕਿਹਾ ਕਿ ਸਰਹੱਦ ’ਤੇ ਕੰਡਿਆਲੀ ਤਾਰਾਂ ਤੋਂ ਪਾਰ ਜ਼ਮੀਨਾਂ ’ਤੇ ਖੇਤੀ ਕਰਨ ’ਚ ਸਮੱਸਿਆਵਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਮੈਂ ਸੁਲਝਾਉਣ ਦਾ ਯਤਨ ਕਰਾਂਗਾ।
ਜਾਣਕਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਲੋਂ ਭਾਰਤ ਵਿਰੋਧੀ ਸਰਗਰਮੀਆਂ ਲਈ ‘ਡ੍ਰੋਨਾਂ’ ਦੀ ਵਰਤੋਂ ’ਚ ਲਗਾਤਾਰ ਵਾਧਾ ਕੀਤੇ ਜਾਣ ਦੇ ਮੱਦੇਨਜ਼ਰ ‘ਡ੍ਰੋਨਾਂ’ ਨੂੰ ਨਕਾਰਾ ਕਰਨ ਲਈ ਹਾਈ ਪਾਵਰ ਲੇਜ਼ਰ ਤਕਨੀਕ ਨਾਲ ਲੈਸ ‘ਕਾਊਂਟਰ ਡ੍ਰੋਨ ਸਿਸਟਮ’ (ਡੀ-4 ਸਿਸਟਮ) ਤੋਂ ਇਲਾਵਾ ਹੋਰ ਬਿਹਤਰ ਤਕਨੀਕ ਅਤੇ ਉਪਕਰਣ ਛੇਤੀ ਤੋਂ ਛੇਤੀ ਪ੍ਰਾਪਤ ਕਰਨ ਦੀ ਵੀ ਲੋੜ ਹੈ।
ਇਸ ਲਈ ਸਰਕਾਰ ਨੂੰ ਇਸ ਵਿਸ਼ੇ ’ਚ ਤੁਰੰਤ ਵਿਚਾਰ ਕਰ ਕੇ ਸਰਹੱਦ ’ਤੇ ਸੀ. ਸੀ. ਟੀ. ਵੀ. ਕੈਮਰੇ ਅਤੇ ਐਂਟੀ ਡ੍ਰੋਨ ਸਿਸਟਮ ਤੁਰੰਤ ਸਥਾਪਤ ਕਰਨ ਦੀ ਦਿਸ਼ਾ ’ਚ ਕਦਮ ਉਠਾਉਣੇ ਚਾਹੀਦੇ ਹਨ, ਤਾਂ ਕਿ ਪਾਕਿਸਤਾਨ ਵਲੋਂ ਇਨ੍ਹਾਂ ਡ੍ਰੋਨਾਂ ਦੀ ਸਹਾਇਤਾ ਨਾਲ ਭਾਰਤ ’ਚ ਤਬਾਹੀ ਦਾ ਸਾਮਾਨ ਭੇਜਣ ਦੇ ਯਤਨਾਂ ’ਤੇ ਲਗਾਮ ਲਾਈ ਜਾ ਸਕੇ।
-ਵਿਜੇ ਕੁਮਾਰ
ਮੈਂ ਜ਼ਿੰਦਗੀ ਬਾਰੇ ਥੋੜ੍ਹਾ ਹੋਰ ਸੋਚਣ ਨੂੰ ਮਜਬੂਰ ਹੋ ਗਿਆ
NEXT STORY