ਹਰ ਸਾਲ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਸਾਨੂੰ ਬਜ਼ੁਰਗਾਂ ਦੇ ਸਨਮਾਨ, ਅਧਿਕਾਰਾਂ, ਸੁਰੱਖਿਆ ਅਤੇ ਸ਼ਾਨ ਭਰੇ ਜੀਵਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਯਾਦ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਲੰਮੀ ਉਮਰ ਦੀ ਪ੍ਰਾਪਤੀ ਆਧੁਨਿਕ ਸਮਾਜ ਦੀ ਇਕ ਅਹਿਮ ਪ੍ਰਾਪਤੀ ਹੈ, ਪਰ ਲੰਮਾ ਜੀਵਨ ਉਦੋੋਂ ਹੀ ਸਾਰਥਕ ਹੈ ਜਦੋਂ ਹਰ ਬਜ਼ੁਰਗ ਨੂੰ ਸੁਰੱਖਿਆ, ਸਨਮਾਨ, ਆਤਮ-ਨਿਰਭਰਤਾ ਅਤੇ ਸਮਾਜਿਕ ਭਾਈਵਾਲੀ ਨਾਲ ਜਿਊਣ ਦਾ ਮੌਕਾ ਮਿਲੇ।
ਭਾਰਤ ’ਚ ਬਜ਼ੁਰਗਾਂ ਦੀ ਭਲਾਈ ਨੂੰ ਸਰਕਾਰ ਦੀ ਵਿਆਪਕ, ਸਮਾਜਿਕ, ਸੁਰੱਖਿਆ ਵਿਵਸਥਾ ਦਾ ਅਹਿਮ ਹਿੱਸਾ ਮੰਨਿਆ ਗਿਆ ਹੈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਬਜ਼ੁਰਗਾਂ ਲਈ ਆਸਰਾ, ਸਿਹਤ ਸਬੰਧੀ ਸਹਾਇਤਾ, ਸਮਾਜਿਕ ਸੁਰੱਖਿਆ, ਸੁਖਾਲਾ ਜੀਵਨ ਅਤੇ ਮਾਣ ਵਾਲਾ ਜੀਵਨ ਯਕੀਨੀ ਬਣਾਉਣ ਦੀ ਦਿਸ਼ਾ ’ਚ ਲਗਾਤਾਰ ਕੰਮ ਕਰ ਰਿਹਾ ਹੈ।
ਸਰਕਾਰ ਦਾ ਨਜ਼ਰੀਆ ਸਿਰਫ਼ ਭਲਾਈ ਯੋਜਨਾਵਾਂ ਨੂੰ ਲਾਗੂ ਕਰਨ ਤੱਕ ਸੀਮਤ ਨਹੀਂ ਹੈ। ਇਸ ਦਾ ਉਦੇਸ਼ ਅਜਿਹਾ ਸਮਾਵੇਸ਼ੀ ਮਾਹੌਲ ਤਿਆਰ ਕਰਨਾ ਹੈ, ਜਿਸ ’ਚ ਬਜ਼ੁਰਗ ਸਮਾਜ ਦੀ ਮੁੱਖ ਧਾਰਾ ’ਚ ਸਰਗਰਮ ਭਾਈਵਾਲ ਬਣੇ ਰਹਿਣ ਅਤੇ ਉਨ੍ਹਾਂ ਦੇ ਤਜਰਬੇ, ਗਿਆਨ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲ ਸਕੇ।
ਬਜ਼ੁਰਗਾਂ ਲਈ ਮਜ਼ਬੂਤ ਸੰਸਥਾਗਤ ਵਿਵਸਥਾ
ਜਿਨ੍ਹਾਂ ਬਜ਼ੁਰਗਾਂ ਕੋਲ ਪਰਿਵਾਰ ਜਾਂ ਹੋਰ ਸਾਧਨਾਂ ਦਾ ਲੋੜੀਂਦਾ ਸਹਾਰਾ ਉਪਲਬਧ ਨਹੀਂ ਹੈ, ਉਨ੍ਹਾਂ ਲਈ ਆਸਰਾ ਅਤੇ ਦੇਖਭਾਲ ਯਕੀਨੀ ਬਣਾਉਣਾ ਸਰਕਾਰ ਦੀਆਂ ਪਹਿਲਕਦਮੀਆਂ ’ਚ ਸ਼ਾਮਲ ਹੈ। ਏਕੀਕ੍ਰਿਤ ਬਜ਼ੁਰਗ ਪ੍ਰੋਗਰਾਮ ਤਹਿਤ ਵਿੱਤੀ ਸਾਲ 2014-15 ਤੋਂ ਬਜ਼ੁਰਗਾਂ ਲਈ ਬਿਰਧ ਆਸ਼ਰਮ ਅਤੇ ਨਿਰੰਤਰ ਦੇਖਭਾਲ ਘਰ ਚਲਾਏ ਜਾ ਰਹੇ ਹਨ।
ਗ਼ੈਰ-ਸਰਕਾਰੀ ਸੰਸਥਾਵਾਂ, ਪੰਚਾਇਤਾਂ ਅਤੇ ਸਥਾਨਕ ਅਦਾਰਿਆਂ ਦੇ ਮਾਧਿਅਮ ਨਾਲ ਚੱਲ ਰਹੇ ਇਨ੍ਹਾਂ ਅਦਾਰਿਆਂ ਰਾਹੀਂ 10.76 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਦਿਸ਼ਾ ’ਚ ਸਰਕਾਰੀ ਵਿੱਤੀ ਸਹਾਇਤਾ ’ਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ। ਇਹ ਸਹਾਇਤਾ ਲਗਭਗ 15 ਕਰੋੜ ਰੁਪਏ ਸਾਲਾਨਾ ਤੋਂ ਵਧ ਕੇ 124 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ।
ਸਹਾਇਕ ਉਪਕਰਣਾਂ ਰਾਹੀਂ ਆਤਮ-ਨਿਰਭਰਤਾ
ਬਜ਼ੁਰਗਾਂ ਲਈ ਆਤਮ-ਨਿਰਭਰਤਾ ਯਕੀਨੀ ਬਣਾਉਣ ’ਚ ਸਹਾਇਕ ਉਪਕਰਣ ਅਹਿਮ ਭੂਮਿਕਾ ਨਿਭਾਉਂਦੇ ਹਨ। ਪੜ੍ਹਨ, ਸੁਣਨ, ਤੁਰਨ-ਫਿਰਨ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਆਸਾਨ ਬਣਾਉਣ ਵਾਲੇ ਉਪਕਰਣ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ’ਚ ਮਹੱਤਵਪੂਰਨ ਸੁਧਾਰ ਲਿਆ ਸਕਦੇ ਹਨ।
ਇਸੇ ਉਦੇਸ਼ ਤਹਿਤ ਰਾਸ਼ਟਰੀ ਵਯੋਸ਼੍ਰੀ ਯੋਜਨਾ ਤਹਿਤ ਦੇਸ਼ ਭਰ ’ਚ ਵੱਖ-ਵੱਖ ਕੈਂਪ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ਰਾਹੀਂ 9 ਲੱਖ ਤੋਂ ਵੱਧ ਬਜ਼ੁਰਗਾਂ ਨੂੰ 53 ਲੱਖ ਤੋਂ ਵੱਧ ਮੁਫ਼ਤ ਸਹਾਇਕ ਉਪਕਰਣ ਵੰਡੇ ਗਏ ਹਨ। ਇਨ੍ਹਾਂ ਉਪਕਰਣਾਂ ’ਚ ਵ੍ਹੀਲਚੇਅਰ, ਸੁਣਨ ਵਾਲੀਆਂ ਮਸ਼ੀਨਾਂ, ਚੱਲਣ ਲਈ ਸੋਟੀਆਂ ਅਤੇ ਐਨਕਾਂ ਆਦਿ ਸ਼ਾਮਲ ਹਨ। ਇਸ ਪਹਿਲ ਦਾ ਉਦੇਸ਼ ਬਜ਼ੁਰਗਾਂ ਨੂੰ ਰੋਜ਼ਾਨਾ ਜੀਵਨ ’ਚ ਵਧੇਰੇ ਆਤਮ-ਨਿਰਭਰ ਬਣਾਉਣਾ ਅਤੇ ਉਨ੍ਹਾਂ ਦੀ ਗਤੀਸ਼ੀਲਤਾ ਤੇ ਸਮਾਜਿਕ ਭਾਈਵਾਲੀ ਨੂੰ ਉਤਸ਼ਾਹਤ ਕਰਨਾ ਹੈ।
ਐਲਡਰਲਾਈਨ: ਮਦਦ ਅਤੇ ਮਾਰਗਦਰਸ਼ਨ ਦਾ ਸ਼ਕਤੀਸ਼ਾਲੀ ਸਾਧਨ
ਬਜ਼ੁਰਗਾਂ ਨੂੰ ਲੋੜ ਵੇਲੇ ਸਹਾਇਤਾ, ਸਲਾਹ ਅਤੇ ਮਾਰਗਦਰਸ਼ਨ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਐਲਡਰਲਾਈਨ ਹੈਲਪਲਾਈਨ 14567 ਚਲਾਈ ਜਾ ਰਹੀ ਹੈ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਵਲੋਂ ਚਲਾਈ ਜਾ ਰਹੀ ਇਹ ਹੈਲਪਲਾਈਨ ਸਾਲ 2021 ’ਚ ਸ਼ੁਰੂ ਕੀਤੀ ਗਈ ਸੀ।
ਹੈਲਪਲਾਈਨ ’ਤੇ 29 ਲੱਖ ਤੋਂ ਵੱਧ ਕਾਲਾਂ ਆਈਆਂ ਹਨ।
ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ (NISD), ਜੋ ਇਸਦੇ ਲਾਗੂ ਹੋਣ ਦੀ ਨਿਗਰਾਨੀ ਕਰਦਾ ਹੈ, ਨੇ ਵਿੱਤੀ ਸਾਲ 2021 ਤੋਂ 21 ਸਤੰਬਰ, 2026 ਤੱਕ ਜਾਣਕਾਰੀ, ਮਾਰਗਦਰਸ਼ਨ, ਭਾਵਨਾਤਮਕ ਸਹਿਯੋਗ ਅਤੇ ਫੀਲਡ ਦਖਲਅੰਦਾਜ਼ੀ ਨਾਲ ਜੁੜੀਆਂ 8.67 ਲੱਖ ਤੋਂ ਵੱਧ ਅਜਿਹੀਆਂ ਕਾਲਾਂ ’ਤੇ ਕਾਰਵਾਈ ਕੀਤੀ ਹੈ, ਜਿਨ੍ਹਾਂ ’ਤੇ ਕੰਮ ਕੀਤਾ ਜਾ ਸਕਦਾ ਸੀ; ਇਹ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਇਸ ਦੇ ਨਾਲ ਹੀ ਬਜ਼ੁਰਗਾਂ ਦੀ ਦੇਖਭਾਲ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸਿਖਲਾਈ ਪ੍ਰਾਪਤ ਮਨੁੱਖੀ ਸਰੋਤ ਤਿਆਰ ਕਰਨ ’ਤੇ ਵੀ ਧਿਆਨ ਦਿੱਤਾ ਗਿਆ ਹੈ।
ਬਜ਼ੁਰਗਾਂ ਲਈ ਸੰਸਥਾਗਤ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ’ਚ ਸੰਵੇਦਨਸ਼ੀਲਤਾ ਅਤੇ ਭਾਈਵਾਲੀ ਦੀ ਭਾਵਨਾ ਪੈਦਾ ਕਰਨਾ ਵੀ ਜ਼ਰੂਰੀ ਹੈ। ਸ਼ਹਿਰੀਕਰਨ, ਰੋਜ਼ਗਾਰ ਦੇ ਮੌਕਿਆਂ, ਸਿੱਖਿਆ ਅਤੇ ਵਧਦੀ ਗਤੀਸ਼ੀਲਤਾ ਕਾਰਨ ਪਰਿਵਾਰਾਂ ਦੀ ਬਣਤਰ ’ਚ ਬਦਲਾਅ ਆਇਆ ਹੈ। ਇਸ ਦੇ ਨਤੀਜੇ ਵਜੋਂ ਕਈ ਬਜ਼ੁਰਗ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਤੋਂ ਵੱਖ ਰਹਿ ਰਹੇ ਹਨ।
ਅਜਿਹੇ ਹਾਲਾਤ ’ਚ ਅੰਤਰ-ਪੀੜ੍ਹੀ ਗੱਲਬਾਤ ਅਤੇ ਭਾਈਵਾਲੀ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਬਜ਼ੁਰਗ ਸਿਰਫ਼ ਮਦਦ ਪ੍ਰਾਪਤ ਕਰਨ ਵਾਲੇ ਵਿਅਕਤੀ ਨਹੀਂ ਹਨ। ਉਨ੍ਹਾਂ ਕੋਲ ਜੀਵਨ ਦਾ ਵਿਸ਼ਾਲ ਤਜਰਬਾ, ਗਿਆਨ, ਹੁਨਰ ਅਤੇ ਸਮਾਜਿਕ ਯਾਦਾਂ ਹਨ। ਉਹ ਪਰਿਵਾਰ, ਭਾਈਚਾਰੇ ਅਤੇ ਸਮਾਜ ਲਈ ਮਾਰਗਦਰਸ਼ਕ, ਸੇਵਕ ਅਤੇ ਪ੍ਰੇਰਣਾਸਰੋਤ ਦੀ ਭੂਮਿਕਾ ਨਿਭਾ ਸਕਦੇ ਹਨ।
ਅੰਤਰ-ਪੀੜ੍ਹੀ ਰਿਸ਼ਤਿਆਂ ਨੂੰ ਉਤਸ਼ਾਹਤ ਕਰਨ ਦੀ ਪਹਿਲ
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਵਲੋਂ ਬਜ਼ੁਰਗਾਂ ਅਤੇ ਨੌਜਵਾਨ ਪੀੜ੍ਹੀ ਵਿਚਾਲੇ ਗੱਲਬਾਤ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੇਸ਼ ਭਰ ’ਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਸਕੂਲਾਂ ਦੇ ਮਾਧਿਅਮ ਨਾਲ ‘ਦਾਦਾ-ਦਾਦੀ ਮਿਲਣ ਸਮਾਰੋਹ’ ਵਰਗੇ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ’ਚ ਬੱਚਿਆਂ ਨੂੰ ਬਜ਼ੁਰਗਾਂ ਨਾਲ ਗੱਲਬਾਤ ਕਰਨ, ਉਨ੍ਹਾਂ ਦੀਆਂ ਜੀਵਨ-ਕਹਾਣੀਆਂ ਸੁਣਨ ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਣ ਦਾ ਮੌਕਾ ਮਿਲਿਆ।
ਸੇਵਾ ਤੋਂ ਸਮਾਜਿਕ ਸੰਵੇਦਨਸ਼ੀਲਤਾ ਤੱਕ
ਬਜ਼ੁਰਗਾਂ ਦੀ ਭਲਾਈ ਲਈ ਸਰਕਾਰ ਵੱਲੋਂ ਯੋਜਨਾਵਾਂ ਅਤੇ ਸੰਸਥਾਗਤ ਵਿਵਸਥਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਪਰ ਸਮਾਜਿਕ ਸੰਵੇਦਨਸ਼ੀਲਤਾ ਅਤੇ ਨਿੱਜੀ ਭਾਈਵਾਲੀ ਵੀ ਓਨੀ ਹੀ ਜ਼ਰੂਰੀ ਹੈ। ਇਸ ਸਾਲ ਅੰਤਰਰਾਸ਼ਟਰੀ ਬਜ਼ੁਰਗ ਦਿਵਸ ‘ਸੇਵਾ ਸੰਕਲਪ ਮੁਹਿੰਮ’ ਦੀ ਮਿਆਦ ਦੌਰਾਨ ਪੈ ਰਿਹਾ ਹੈ। 17 ਸਤੰਬਰ ਤੋਂ ਦੇਸ਼ ਭਰ ’ਚ ਚਲਾਈ ਜਾ ਰਹੀ ਇਸ ਸੇਵਾ ਮੁਹਿੰਮ ਰਾਹੀਂ ਸੇਵਾ ਅਤੇ ਸਮਾਜਿਕ ਭਾਈਵਾਲੀ ਦੀ ਭਾਵਨਾ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਬਜ਼ੁਰਗਾਂ ਦੀ ਸੇਵਾ ਸਿਰਫ਼ ਵੱਡੇ ਕੰਮਾਂ ਤੱਕ ਸੀਮਤ ਨਹੀਂ ਹੈ। ਕਿਸੇ ਬਜ਼ੁਰਗ ਗੁਆਂਢੀ ਨੂੰ ਰੋਜ਼ਾਨਾ ਦੇ ਕੰਮਾਂ ’ਚ ਸਹਿਯੋਗ ਦੇਣਾ, ਉਨ੍ਹਾਂ ਨੂੰ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਨ ’ਚ ਮਦਦ ਕਰਨਾ, ਕੋਈ ਜ਼ਰੂਰੀ ਫਾਰਮ ਭਰਨ ’ਚ ਮਦਦ ਕਰਨਾ, ਬੈਂਕ ਜਾਂ ਹਸਪਤਾਲ ਜਾਣ ’ਚ ਸਾਥ ਦੇਣਾ ਜਾਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਾ ਵੀ ਸੇਵਾ ਦਾ ਅਹਿਮ ਰੂਪ ਹੈ। ਅਜਿਹੀਆਂ ਛੋਟੀਆਂ-ਛੋਟੀਆਂ ਪਹਿਲਕਦਮੀਆਂ ਬਜ਼ੁਰਗਾਂ ’ਚ ਆਤਮ-ਵਿਸ਼ਵਾਸ ਅਤੇ ਸਮਾਜਿਕ ਜੁੜਾਅ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।
ਇਕ ਗੱਲਬਾਤ, ਇਕ ਘੰਟਾ ਅਤੇ ਇਕ ਨਿੱਜੀ ਰਿਸ਼ਤਾ, ਕਿਸੇ ਬਜ਼ੁਰਗ ਦੇ ਜੀਵਨ ’ਚ ਸਕਾਰਾਤਮਕ ਤਬਦੀਲੀ ਦੀ ਸ਼ੁਰੂਆਤ ਲਈ ਕਾਫ਼ੀ ਹੋ ਸਕਦਾ ਹੈ। ਵਿਕਸਤ ਭਾਰਤ ਦਾ ਸੰਕਲਪ ਉਦੋਂ ਹੀ ਪੂਰਾ ਹੋਵੇਗਾ, ਜਦੋਂ ਹਰ ਬਜ਼ੁਰਗ ਨੂੰ ਸਨਮਾਨ, ਸੁਰੱਖਿਆ ਅਤੇ ਮਾਣ ਨਾਲ ਜਿਊਣ ਦਾ ਮੌਕਾ ਮਿਲੇ ਅਤੇ ਹਰ ਨਵੀਂ ਪੀੜ੍ਹੀ ਆਪਣੇ ਬਜ਼ੁਰਗਾਂ ਦੇ ਤਜਰਬਿਆਂ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਤੋਂ ਸਿੱਖਣ ਦਾ ਮੌਕਾ ਪ੍ਰਾਪਤ ਕਰੇ।
–ਬੀ.ਐੱਲ. ਵਰਮਾ
ਨੌਜਵਾਨਾਂ ’ਚ ਪੈਦਾ ਹੋ ਰਹੀ ਨਿਰਾਸ਼ਾ ਦੇ ਪਿੱਛੇ ਅਸਲ ਕਾਰਕ
NEXT STORY