ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀ. ਐੱਮ. ਜੀ. ਕੇ. ਏ. ਵਾਈ.) ਦੇ ਲਾਗੂ ਕਰਨ ’ਤੇ ਕਰਵਾਏ ਗਏ ਇਕ ਮੁਲਾਂਕਣ ਅਧਿਐਨ ਦੇ ਸਿੱਟਿਆਂ ਨੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਲਿਆਂਦੇ ਹਨ, ਜੋ ਪ੍ਰਬੰਧ ਦੀਆਂ ਕਮੀਆਂ ਅਤੇ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਵਾਲੇ ਲੋਕਾਂ ਦੇ ਕਿਰਦਾਰ ਨੂੰ ਮਾੜੇ ਰੂਪ ’ਚ ਦਰਸਾਉਂਦੇ ਹਨ। ਇਸ ਯੋਜਨਾ ਹੇਠ ਲੱਗਭਗ 80 ਕਰੋੜ ਨਾਗਰਿਕਾਂ ਨੂੰ ਮੁਫ਼ਤ ਅਨਾਜ ਦਿੱਤਾ ਜਾਂਦਾ ਹੈ।
ਅਧਿਐਨ ’ਚ ਪਾਇਆ ਗਿਆ ਕਿ ਤਿੰਨ ਜਾਂ ਵੱਧ ਕਮਰਿਆਂ ਵਾਲੇ ਮਕਾਨ, ਕਾਰ ਅਤੇ ਏਅਰ ਕੰਡੀਸ਼ਨਰ ਵਰਗੀ ਜਾਇਦਾਦ ਰੱਖਣ ਵਾਲੇ ਪਰਿਵਾਰਾਂ ਦੇ ਨਾਲ-ਨਾਲ ਉਹ ਪਰਿਵਾਰ ਵੀ ਲੋੜਵੰਦਾਂ ਲਈ ਬਣੀ ਮੁਫ਼ਤ ਅਨਾਜ ਸਹੂਲਤ ਦਾ ਲਾਭ ਲੈ ਰਹੇ ਸਨ, ਜਿਨ੍ਹਾਂ ਦੇ ਮੈਂਬਰ ਸਰਕਾਰੀ ਨੌਕਰੀਆਂ ’ਚ ਕੰਮ ਕਰ ਰਹੇ ਹਨ।
ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀ. ਐੱਫ. ਪੀ. ਡੀ.) ਵੱਲੋਂ ਕਰਵਾਏ ਗਏ ਇਸ ਅਧਿਐਨ ’ਚ ਪਾਇਆ ਗਿਆ ਕਿ ਸਮਾਵੇਸ਼ਨ ਗ਼ਲਤੀ ਦਰ ਭਾਵ ਮੁਫ਼ਤ ਅਨਾਜ ਲਈ ਅਯੋਗ ਲੋਕਾਂ ਦੀ ਹਿੱਸੇਦਾਰੀ 13.2 ਫ਼ੀਸਦੀ ਸੀ। ਕਈ ਸੂਬਿਆਂ ’ਚ ਇਹ ਕੌਮੀ ਪੱਧਰ ਤੋਂ ਕਾਫ਼ੀ ਵੱਧ ਸੀ, ਜਿਸ ’ਚ ਪੱਛਮੀ ਬੰਗਾਲ (39.5 ਫ਼ੀਸਦੀ) ਸਭ ਤੋਂ ਉੱਪਰ ਰਿਹਾ, ਜਿਸ ਤੋਂ ਬਾਅਦ ਤ੍ਰਿਪੁਰਾ (39.2 ਫ਼ੀਸਦੀ) ਅਤੇ ਤਾਮਿਲਨਾਡੂ (38.7 ਫ਼ੀਸਦੀ) ਦਾ ਸਥਾਨ ਹੈ।
ਉੱਚ ਸਮਾਵੇਸ਼ਨ ਗ਼ਲਤੀਆਂ ਵਾਲੇ ਸੂਬਿਆਂ ’ਚ ਅਧਿਐਨ ’ਚ ਪਾਇਆ ਗਿਆ ਕਿ ਇਸ ’ਚ ਯੋਗਦਾਨ ਪਾਉਣ ਵਾਲੇ ਮੁੱਖ ਕਾਰਕਾਂ ’ਚ ਤਿੰਨ ਜਾਂ ਵੱਧ ਕਮਰਿਆਂ ਵਾਲੇ ਪੱਕੇ ਮਕਾਨ, ਏਅਰ ਕੰਡੀਸ਼ਨਰ, ਮੋਟਰ ਵਾਹਨ ਅਤੇ ਸਰਕਾਰੀ ਨੌਕਰੀਆਂ ਵਾਲੇ ਪਰਿਵਾਰ ਸ਼ਾਮਲ ਹਨ।
ਇਹ ਸਿੱਟੇ ਇਸ ਲਈ ਅਹਿਮ ਹਨ ਕਿਉਂਕਿ ਵਿੱਤੀ ਵਰ੍ਹੇ 2025-26 ਦੌਰਾਨ ਕੇਂਦਰ ਦੀ ਖੁਰਾਕ ਸਬਸਿਡੀ 2.28 ਲੱਖ ਕਰੋੜ ਰੁਪਏ ਰਹੀ, ਜੋ 4.69 ਲੱਖ ਕਰੋੜ ਰੁਪਏ ਦੇ ਕੁੱਲ ਸਬਸਿਡੀ ਬਿੱਲ ਦਾ ਲੱਗਭਗ ਅੱਧਾ ਹੈ।
ਕੌਮੀ ਖੁਰਾਕ ਸੁਰੱਖਿਆ ਐਕਟ (ਐੱਨ. ਐੱਫ. ਐੱਸ. ਏ.) ਹੇਠ ਸਰਕਾਰ 75 ਫ਼ੀਸਦੀ ਪੇਂਡੂ ਅਤੇ 50 ਫ਼ੀਸਦੀ ਸ਼ਹਿਰੀ ਪਰਿਵਾਰਾਂ ਨੂੰ ਖੁਰਾਕ ਸੁਰੱਖਿਆ ਦਿੰਦੀ ਹੈ।
ਖੁਰਾਕ ਸੁਰੱਖਿਆ ਕਾਨੂੰਨ ਦੀ ਧਾਰਾ 9 ਮੁਤਾਬਕ ਲਾਭਪਾਤਰੀਆਂ ਦੀ ਕੁੱਲ ਗਿਣਤੀ ਕੇਂਦਰ ਵੱਲੋਂ ਤੈਅ ਕੀਤੀ ਜਾਂਦੀ ਹੈ ਪਰ ਧਾਰਾ 10 ਹੇਠ ਜ਼ਮੀਨੀ ਪੱਧਰ ’ਤੇ ਪਰਿਵਾਰਾਂ ਦੀ ਪਛਾਣ ਕਰਨ ਅਤੇ ਇਸ ਲਈ ਦਿਸ਼ਾ-ਨਿਰਦੇਸ਼ ਬਣਾਉਣ ਦੀ ਜ਼ਿੰਮੇਵਾਰੀ ਸੂਬਿਆਂ ਦੀ ਹੁੰਦੀ ਹੈ। ਹਾਲਾਂਕਿ ਲਾਭਪਾਤਰੀਆਂ ਦੀ ਪਛਾਣ ਦੇ ਮਾਪਦੰਡ ਹਰ ਸੂਬੇ ’ਚ ਵੱਖ-ਵੱਖ ਹਨ।
ਤਤਕਾਲੀ ਯੂ. ਪੀ. ਏ. ਸਰਕਾਰ ਵੱਲੋਂ ਜੁਲਾਈ 2013 ’ਚ ਲਿਆਂਦਾ ਗਿਆ ਐੱਨ. ਐੱਫ. ਐੱਸ. ਏ. ਟਾਰਗੇਟਿਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਟੀ. ਪੀ. ਡੀ. ਐੱਸ.) ਹੇਠ 67 ਫ਼ੀਸਦੀ ਪਰਿਵਾਰਾਂ ਨੂੰ ਰਿਆਇਤੀ ਕੀਮਤ (ਚੌਲ 3 ਰੁਪਏ ਕਿਲੋ, ਕਣਕ 2 ਰੁਪਏ ਕਿਲੋ) ’ਤੇ ਅਨਾਜ ਦਾ ਹੱਕ ਦਿੰਦਾ ਹੈ। ਐੱਨ. ਡੀ. ਏ. ਸਰਕਾਰ ਨੇ ਬਾਅਦ ’ਚ ਪੀ. ਐੱਮ. ਜੀ. ਕੇ. ਏ. ਵਾਈ ਹੇਠ ਰਿਆਇਤੀ ਕੀਮਤਾਂ ਮੁਆਫ਼ ਕਰ ਦਿੱਤੀਆਂ ਅਤੇ ਮੁਫ਼ਤ ਅਨਾਜ ਮੁਹੱਈਆ ਕਰਵਾਇਆ।
ਹਾਲਾਂਕਿ ਇਹ ਸਿੱਟੇ ਉਨ੍ਹਾਂ ਅਯੋਗ ਲੋਕਾਂ ਦੇ ਕਿਰਦਾਰ ਨੂੰ ਉਜਾਗਰ ਕਰਦੇ ਹਨ ਜੋ ਮੁਫ਼ਤ ਅਨਾਜ ਲੈ ਰਹੇ ਸਨ ਪਰ ਇਹ ਉਨ੍ਹਾਂ ਲੋੜਵੰਦਾਂ ਦੀ ਪਛਾਣ ਕਰਨ ਦੇ ਪ੍ਰਬੰਧ ’ਚ ਕਮੀਆਂ ਵੱਲ ਵੀ ਇਸ਼ਾਰਾ ਕਰਦਾ ਹੈ ਜੋ ਅਸਲ ’ਚ ਇਸ ਯੋਜਨਾ ਹੇਠ ਮੁਫ਼ਤ ਰਾਸ਼ਨ ਲੈਣ ਦੇ ਹੱਕਦਾਰ ਸਨ।
ਇਹ ਜ਼ਰੂਰੀ ਹੈ ਕਿ ਅਧਿਕਾਰੀ ਲਾਭਪਾਤਰੀ ਪਛਾਣ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਸਮੇਂ-ਸਮੇਂ ’ਤੇ ਡਾਟਾਬੇਸ ਦੀ ਪੜਤਾਲ ਕਰਨ ਅਤੇ ਅਯੋਗ ਲੋਕਾਂ ਨੂੰ ਬਾਹਰ ਕੱਢਣ ਲਈ ਗਤੀਸ਼ੀਲ ਅੱਪਡੇਟ ਪ੍ਰਬੰਧ ਪੱਕਾ ਕਰਨ। ਨਾਲ ਹੀ ਅਯੋਗ ਲਾਭਪਾਤਰੀਆਂ ਤੋਂ ਇਸ ਸਹੂਲਤ ਦਾ ਲਾਭ ਲੈਣ ਲਈ ਭੁਗਤਾਨ ਵੀ ਕਰਵਾਇਆ ਜਾਣਾ ਚਾਹੀਦਾ ਹੈ।
-ਵਿਪਿਨ ਪੱਬੀ
ਬਾਬਾ ਸਾਹਿਬ ਦੇ ਸੰਵਿਧਾਨ ਤੋਂ ਵਿਕਸਿਤ ਭਾਰਤ ਤੱਕ, ਮੋਦੀ ਸਰਕਾਰ ਦੀ ਵਚਨਬੱਧਤਾ
NEXT STORY