ਸੱਤਾ ਧਿਰ ਨਾਲ ਜੁੜੇ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕਾਰਜ ਨਹੀਂ ਕਰਨਗੇ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਲਝਾਉਣ ’ਚ ਮਦਦ ਕਰਨਗੇ ਪਰ ਅੱਜ ਇਹੀ ਲੋਕ ਵੱਡੇ ਪੈਮਾਨੇ ’ਤੇ ਗੁੰਡਾਗਰਦੀ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਸ ਦੀਆਂ ਹਾਲ ਹੀ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :
* 4 ਅਗਸਤ ਨੂੰ ਖਰਗੌਨ (ਮੱਧ ਪ੍ਰਦੇਸ਼) ਦੇ ‘ਮੁਖਤਿਆਰਾ’ ਪਿੰਡ ’ਚ ‘ਬੜਵਾਹ’ ਪੰਚਾਇਤ ਦੇ ਮੀਤ ਪ੍ਰਧਾਨ ਅਤੇ ਭਾਜਪਾ ਆਗੂ ‘ਵੀਰੇਂਦਰ ਮਾਲੇ’ ਨੇ ਜ਼ਮੀਨੀ ਝਗੜੇ ਕਾਰਨ ਤਹਿਸੀਲਦਾਰ ਅਤੇ ਪੁਲਸ ਦੀ ਮੌਜੂਦਗੀ ’ਚ ਆਪਣੀ ਹੀ 80 ਸਾਲਾ ਬਜ਼ੁਰਗ ਦਾਦੀ ਪ੍ਰੇਮ ਬਾਈ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ।
* 31 ਅਗਸਤ ਨੂੰ ਗੋਪਾਲਗੰਜ (ਬਿਹਾਰ) ’ਚ ਰਾਜਦ ਆਗੂ ਰਣਜੀਤ ਯਾਦਵ ਅਤੇ ਉਸ ਦੇ ਗੁਰਗਿਆਂ ਨੇ ਬਿਨਾਂ ਟੋਲ ਦਿੱਤੇ ਲੰਘਣ ਨੂੰ ਲੈ ਕੇ ਹੋਏ ਝਗੜੇ ’ਚ ਟੋਲ ਪਲਾਜ਼ਾ ਦੇ ਮੁਲਾਜ਼ਮ ਨੂੰ ਕੁੱਟ ਦਿੱਤਾ। ਰਾਜਦ ਆਗੂ ’ਤੇ ਗੁੰਡਾਗਰਦੀ ਕਰਦਿਆਂ ਲਗਾਤਾਰ ਬਿਨਾਂ ਟੋਲ ਦਿੱਤੇ ਲੰਘਣ ਦਾ ਦੋਸ਼ ਹੈ।
* 6 ਸਤੰਬਰ ਨੂੰ ਨਰਮਦਾ ਜ਼ਿਲੇ (ਗੁਜਰਾਤ) ’ਚ ਇਕ ਰੇਸਤਰਾਂ ’ਚ ਖਾਣੇ ਦੇ ਬਿੱਲ ਦੀ ਅਦਾਇਗੀ ਨੂੰ ਲੈ ਕੇ ਹੋਏ ਝਗੜੇ ’ਚ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ‘ਚੈਤਾਰ ਵਸਾਵਾ’ ਅਤੇ ਉਸ ਦੇ ਸਾਥੀਆਂ ਵਿਰੁੱਧ ਰੇਸਤਰਾਂ ਮਾਲਕ ‘ਸ਼ਾਂਤੀ ਲਾਲ’ ਨਾਲ ਗਾਲੀ-ਗਲੋਚ ਅਤੇ ਮਾਰਕੁੱਟ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।
* 8 ਸਤੰਬਰ ਨੂੰ ਮਊ (ਉੱਤਰ ਪ੍ਰਦੇਸ਼) ’ਚ ਸਮਾਜਵਾਦੀ ਪਾਰਟੀ ਦੇ ਇਕ ਆਗੂ ਵੀਰੇਂਦਰ ਪਾਲ ਵਿਰੁੱਧ ਇਕ ਔਰਤ ਨੇ ਹੋਟਲ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
* 12 ਸਤੰਬਰ ਨੂੰ ਟੈਰਰ ਫੰਡਿਗ, ਨਕਲੀ ਨੋਟਾਂ ਅਤੇ ਨਸ਼ੀਲੇ ਪਦਾਰਥਾਂ ਦੇ ਧੰਦੇ, ਦੰਗਾ, ਹੱਤਿਆ, ਜਬਰਨ ਵਸੂਲੀ, ਕਿਡਨੈਪਿੰਗ ਆਦਿ 50 ਤੋਂ ਵੱਧ ਮਾਮਲਿਆਂ ’ਚ ਲੋੜੀਂਦੇ ਤ੍ਰਿਣਮੂਲ ਕਾਂਗਰਸ ਦੀ ਪੰਚਾਇਤ ਸਮਿਤੀ ਦੇ ਆਗੂ ਅਸਦੁੱਲਾ ਬਿਸਵਾਸ ਨੂੰ ਪੱਛਮੀ ਬੰਗਾਲ ਦੇ ‘ਮਾਲਦਾ’ ਵਿਚ ਗ੍ਰਿਫਤਾਰ ਕੀਤਾ ਗਿਆ।
* 20 ਸਤੰਬਰ ਨੂੰ ਕਰਨਾਟਕ ਦੇ ਰਾਮਨਗਰਮ ’ਚ ਭਾਜਪਾ ਵਿਧਾਇਕ ਮੁਨੀਰਤਨਾ ਅਤੇ 6 ਹੋਰ ਵਿਅਕਤੀਆਂ ਨੂੰ ਇਕ ਔਰਤ ਦੇ ਖਿਲਾਫ ਵਿਅੰਗ, ਜਿਨਸੀ ਸ਼ੋਸ਼ਣ, ਜਬਰ-ਜ਼ਨਾਹ ਅਤੇ ਧਮਕੀਆਂ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 20 ਸਤੰਬਰ ਨੂੰ ਹੀ ਪੱਛਮੀ ਬੰਗਾਲ ਦੇ ਉੱਤਰੀ 24 ਪਰਗਣਾ ਜ਼ਿਲੇ ’ਚ 2.25 ਕਰੋੜ ਰੁਪਏ ਦੀ ਫਿਰੌਤੀ ਲਈ ਇਕ ਵਪਾਰੀ ਨੂੰ ਅਗਵਾ ਕਰਨ ਦੇ ਦੋਸ਼ ’ਚ ਤ੍ਰਿਣਮੂਲ ਕਾਂਗਰਸ ਦੇ ਕੌਂਸਲਰ ‘ਮਿਲਨ ਸਰਦਾਰ’ ਨੂੰ ਗ੍ਰਿਫਤਾਰ ਕੀਤਾ ਗਿਆ।
* 20 ਸਤੰਬਰ ਨੂੰ ਹੀ ਭਦੋਹੀ (ਉੱਤਰ ਪ੍ਰਦੇਸ਼) ਜ਼ਿਲਾ ਅਦਾਲਤ ’ਚ ਇਕ ਮੁਕੱਦਮੇ ਦੀ ਸੁਣਵਾਈ ਦੇ ਸਿਲਸਿਲੇ ’ਚ ਆਪਣੇ 40-50 ਹਮਾਇਤੀਆਂ ਨਾਲ ਪੁੱਜੇ ਸਪਾ ਵਿਧਾਇਕ ਜਾਹਿਦ ਬੇਗ ਨੇ ਸਬ-ਇੰਸਪੈਕਟਰ ਅਵਧੇਸ਼ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ।
* 22 ਸਤੰਬਰ ਨੂੰ ਅਯੁੱਧਿਆ (ਉੱਤਰ ਪ੍ਰਦੇਸ਼) ਤੋਂ ਸਪਾ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਦੇ ਬੇਟੇ ਅਜੀਤ ਪ੍ਰਸਾਦ ਵਿਰੁੱਧ ਅਗਵਾ, ਧਮਕੀ ਦੇਣ ਅਤੇ ਮਾਰਕੁੱਟ ਕਰਨ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕੀਤੀ ਗਈ।
* 22 ਸਤੰਬਰ ਨੂੰ ਹੀ ਪਟਨਾ (ਬਿਹਾਰ) ’ਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਸ਼ਸ਼ੀ ਰੰਜਨ ਵੱਲੋਂ ਇਕ ਲੜਕੇ ਦੀ ਕੁੱਟ-ਮਾਰ ਤੋਂ ਨਾਰਾਜ਼ ਲੋਕਾਂ ਨੇ ਉਸ ਦੇ ਘਰ ’ਤੇ ਹਮਲਾ ਕਰ ਕੇ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ।
* 23 ਸਤੰਬਰ ਨੂੰ ਕੁਸ਼ੀ ਨਗਰ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੇ ਇਕ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਇਸ ਦੇ ਸਰਗਣੇ ਮੋ. ਰਫੀ ਅਹਿਮਦ (ਸਪਾ ਆਗੂ) ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ’ਚੋਂ 5.62 ਲੱਖ ਰੁਪਏ ਦੀ ਜਾਅਲੀ ਕਰੰਸੀ ਤੋਂ ਇਲਾਵਾ 10 ਤਮੰਚੇ ਅਤੇ 4 ਸੁਤਲੀ ਬੰਬ, 2 ਲਗਜ਼ਰੀ ਗੱਡੀਆਂ ਅਤੇ ਹੋਰ ਸਾਮਾਨ ਬਰਾਮਦ ਕੀਤਾ। ਮੋ. ਰਫੀ ਅਹਿਮਦ ‘ਸਮਾਜਵਾਦੀ ਲੋਹੀਆਵਾਹਿਨੀ’ ਦਾ ਰਾਸ਼ਟਰੀ ਸਕੱਤਰ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲਗਭਗ ਸਾਰੀਆਂ ਪਾਰਟੀਆਂ ’ਚ ਅਜਿਹੇ ਤੱਤ ਮੌਜੂਦ ਹਨ ਜੋ ਆਪਣੀ ਪੁਜ਼ੀਸ਼ਨ ਦਾ ਅਣ-ਉਚਿਤ ਲਾਭ ਉਠਾ ਰਹੇ ਹਨ ਅਤੇ ਆਪਣੀ ਪਾਰਟੀ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ।
ਯਕੀਨਨ ਹੀ ਇਕ ਬਹੁਤ ਗਲਤ ਰਵਾਇਤ ਨੂੰ ਜਨਮ ਦੇਣ ਵਾਲਾ ਇਹ ਇਕ ਖਤਰਨਾਕ ਰੁਝਾਨ ਹੈ। ਜੇ ਇਸ ਨੂੰ ਨਾ ਰੋਕਿਆ ਗਿਆ ਤਾਂ ਆਮ ਲੋਕ ਵੀ ਪ੍ਰਤੀਕਿਰਿਆ ਵਜੋਂ ਇਨ੍ਹਾਂ ਵਾਂਗ ਹੀ ਕਾਨੂੰਨ ਆਪਣੇ ਹੱਥ ’ਚ ਲੈਣ ਨੂੰ ਮਜਬੂਰ ਹੋਣਗੇ ਅਤੇ ਇਸ ਦਾ ਨਤੀਜਾ ਸਾਰੀਆਂ ਧਿਰਾਂ ਲਈ ਦੁਖਦਾਈ ਹੀ ਹੋਵੇਗਾ।
–ਵਿਜੇ ਕੁਮਾਰ
ਪਾਲਤੂ ਜਾਨਵਰਾਂ ’ਤੇ ਇੰਨੀ ਬੇਰਹਿਮੀ ਕਿਉਂ
NEXT STORY