26 ਨਵੰਬਰ, 1949 ’ਚ ਅੱਜ ਹੀ ਦੇ ਦਿਨ ਸੰਵਿਧਾਨ ਸਭਾ ਨੇ ਸਾਡੇ ਸੰਵਿਧਾਨ ਨੂੰ ਅਪਣਾਇਆ ਸੀ। ਅੱਜ ਅਸੀਂ ਡਾ. ਰਾਜਿੰਦਰ ਪ੍ਰਸਾਦ, ਡਾ. ਬਾਬਾ ਸਾਹਿਬ ਅੰਬੇਡਕਰ ਅਤੇ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀ ਮਹਾਨਤਾ ਇਸ ਗੱਲ ’ਚ ਸੀ ਕਿ ਉਨ੍ਹਾਂ ਨੇ ਇਕ ਆਧੁਨਿਕ ਸੰਵਿਧਾਨ ਦੇ ਨਿਰਮਾਣ ’ਚ ਭਾਰਤ ਦੀਆਂ ਅਮੀਰ ਪ੍ਰੰਪਰਾਵਾਂ ਅਤੇ ਸਾਡੀ ਸੱਭਿਅਤਾ ਦੇ ਤਜਰਬੇ ਨੂੰ ਭਰਪੂਰ ਥਾਂ ਦਿੱਤੀ।
ਭਾਰਤ ਵਰਗੇ ਵੰਨ-ਸੁਵੰਨਤਾਵਾਂ ਨਾਲ ਭਰੇ ਦੇਸ਼ ’ਚ, ਜਿੱਥੇ ਅਨੇਕ ਪੰਥ ਹਨ, ਭਾਸ਼ਾਵਾਂ ਹਨ, ਰੀਤੀ-ਰਿਵਾਜ ਹਨ, ਵਿਚਾਰ ਪ੍ਰੰਪਰਾਵਾਂ ਹਨ, ਉੱਥੇ ਇਹ ਬਹੁਤ ਜ਼ਰੂਰੀ ਹੈ ਕਿ ਸੰਵਿਧਾਨ ਦੀ ਗੂੰਜ ਸੰਸਦ ਅਤੇ ਅਦਾਲਤਾਂ ਦੀ ਚਾਰਦੀਵਾਰੀ ਤੋਂ ਕਿਤੇ ਅੱਗੇ ਤੱਕ ਪਹੁੰਚੇ। ਸਾਡਾ ਯਤਨ ਰਿਹਾ ਹੈ ਕਿ ਜਨ-ਜਨ ਦੀ ਚੇਤਨਾ ਨਾਲ, ਖ਼ਾਸ ਕਰ ਕੇ ਸਾਡੇ ਨੌਜਵਾਨਾਂ ਨਾਲ ਸੰਵਿਧਾਨ ਦਾ ਜੁੜਾਅ ਹੋਰ ਡੂੰਘਾ ਹੋਵੇ। ਇਸ ਨਾਲ ਕੌਮੀ ਏਕਤਾ ਦੀ ਉਹ ਭਾਵਨਾ ਹੋਰ ਮਜ਼ਬੂਤ ਹੋਵੇਗੀ, ਜੋ ਭਾਰਤ ਦੇ ਉੱਜਵਲ ਭਵਿੱਖ ਲਈ ਬਹੁਤ ਜ਼ਰੂਰੀ ਹੈ। ਇਸੇ ਸੋਚ ਨਾਲ ਇਕ ਦਹਾਕਾ ਪਹਿਲਾਂ ਸਾਡੀ ਸਰਕਾਰ ਨੇ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਸੀ।
ਸਾਡਾ ਸੰਵਿਧਾਨ ਮੇਰੇ ਨਾਲ ਕਰੋੜਾਂ ਭਾਰਤੀਆਂ ਦੀ ਜੀਵਨ ਯਾਤਰਾ ਦਾ ਇਕ ਅਨਿੱਖੜਵਾਂ ਹਿੱਸਾ ਹੈ। ਬਚਪਨ ਦੇ ਉਹ ਸਾਧਾਰਨ ਹਾਲਾਤ, ਜੀਵਨ ਦੇ ਉਹ ਸੰਘਰਸ਼, ਜਦੋਂ ਵੀ ਮੈਂ ਉਸ ਦੌਰ ਨੂੰ ਯਾਦ ਕਰਦਾ ਹਾਂ, ਸੰਵਿਧਾਨ ਪ੍ਰਤੀ ਮੇਰਾ ਹਿਰਦਾ ਅਥਾਹ ਸ਼ੁਕਰਗੁਜ਼ਾਰੀ ਨਾਲ ਭਰ ਜਾਂਦਾ ਹੈ। ਇਕ ਸਾਧਾਰਨ ਪਰਿਵਾਰ ’ਚ ਜਨਮ ਲੈਣ ਵਾਲਾ ਬੱਚਾ, ਜਿਸ ਨੂੰ ਵਿਰਾਸਤ ’ਚ ਕੋਈ ਵਿਸ਼ੇਸ਼ ਅਧਿਕਾਰ ਜਾਂ ਸਹੂਲਤ ਨਹੀਂ ਮਿਲੀ, ਇਕ ਦਿਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸੇਵਾ ਦਾ ਜ਼ਿੰਮਾ ਸੰਭਾਲ ਸਕਦਾ ਹੈ।
ਇਹ ਸਾਡੇ ਸੰਵਿਧਾਨ ਦੀ ਅਸਾਧਾਰਨ ਤਾਕਤ ਦਾ ਸਬੂਤ ਹੈ। ਇਹ ਸਾਡੇ ਸੰਵਿਧਾਨ ਦੀ ਹੀ ਦੇਣ ਹੈ ਕਿ ਅੱਜ ਕਿਸੇ ਵਿਅਕਤੀ ਦੇ ਜਨਮ ਦੇ ਹਾਲਾਤ ਉਸ ਦੇ ਭਵਿੱਖ ਦੀਆਂ ਹੱਦਾਂ ਤੈਅ ਨਹੀਂ ਕਰਦੇ। ਅਸੀਂ ਆਪਣੇ ਨਿਮਰ ਯਤਨਾਂ ਨਾਲ ਸੰਵਿਧਾਨ ਨੂੰ ਹੋਰ ਵਧੇਰੇ ਮਜ਼ਬੂਤ ਬਣਾ ਕੇ ਸ਼ੁਕਰਗੁਜ਼ਾਰੀ ਦੇ ਇਸ ਕਰਜ਼ ਨੂੰ ਚੁਕਾਉਣ ਦੀ ਕੋਸ਼ਿਸ਼ ਕੀਤੀ ਹੈ।
ਪ੍ਰਸਿੱਧ ਸੰਵਿਧਾਨਕ ਮਾਹਿਰ ਗ੍ਰੈਨਵਿਲ ਔਸਟਿਨ ਨੇ ਸਾਡੇ ਸੰਵਿਧਾਨ ਨੂੰ ‘A Seamless Web of Three Strands’ ਦੱਸਿਆ ਸੀ। ਸਮਾਜਿਕ ਅਤੇ ਆਰਥਿਕ ਨਿਆਂ ਦੀ ਭਾਵਨਾ ਸਾਡੇ ਸੰਵਿਧਾਨ ਦੇ ਮੂਲ ’ਚ ਸਮਾਈ ਹੋਈ ਹੈ। ਅਜਿਹੇ ’ਚ ਸੰਵਿਧਾਨ ਨਿਰਮਾਤਾਵਾਂ ਦੇ ਇਸ ਬਹੁਮੁੱਲੇ ਸੁਪਨੇ ਨੂੰ ਸਾਕਾਰ ਕਰਨ ਦੇ ਯਤਨਾਂ ਤੋਂ ਵੱਧ ਤਸੱਲੀਬਖ਼ਸ਼ ਹੋਰ ਕੀ ਹੋ ਸਕਦਾ ਹੈ?
ਵਿਸ਼ਵ ਬੈਂਕ ਦੀ ਹਾਲ ’ਚ ਆਈ ਇਕ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ ਕਰੀਬ 50 ਕਰੋੜ ਲੋਕ ਅਤਿ ਦੀ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਥੁੜ੍ਹਾਂ ਤੋਂ ਮੁਕਤੀ ਪਾ ਕੇ ਅੱਜ ਕਰੋੜਾਂ ਮਾਪੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੇ ਸੁਪਨੇ ਦੇਖ ਪਾ ਰਹੇ ਹਨ।
ਜਦੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਕਿਸੇ ਪਰਿਵਾਰ ਨੂੰ ਝੁੱਗੀ ਤੋਂ ਨਿਕਲ ਕੇ ਪੱਕੇ ਮਕਾਨ ’ਚ ਗ੍ਰਹਿ ਪ੍ਰਵੇਸ਼ ਦਾ ਮੌਕਾ ਮਿਲਦਾ ਹੈ, ਤਦ ਮਾਣ-ਸਨਮਾਨ ਭਰਿਆ ਜੀਵਨ ਜਿਊਣ ਦਾ ਸੰਵਿਧਾਨਕ ਸੰਕਲਪ ਸਹੀ ਅਰਥਾਂ ’ਚ ਸਾਕਾਰ ਹੁੰਦਾ ਹੈ।
ਜਦੋਂ ਉੱਜਵਲਾ ਯੋਜਨਾ ਕਿਸੇ ਮਾਂ ਨੂੰ ਧੂੰਏਂ ਨਾਲ ਭਰੀ ਰਸੋਈ ਦੀਆਂ ਤਕਲੀਫ਼ਾਂ ਤੋਂ ਮੁਕਤੀ ਦਿਵਾਉਂਦੀ ਹੈ, ਤਦ ਅਸੀਂ ਬਰਾਬਰੀ ਅਤੇ ਜਨ-ਕਲਿਆਣ ਦੇ ਆਦਰਸ਼ਾਂ ਨੂੰ ਅੱਗੇ ਵਧਾਉਂਦੇ ਹਾਂ।
ਜਦੋਂ ਆਯੁਸ਼ਮਾਨ ਭਾਰਤ ਕਰ ਕੇ ਕਿਸੇ ਗ਼ਰੀਬ ਪਰਿਵਾਰ ਨੂੰ ਕਰਜ਼ੇ ਦੀ ਚਿੰਤਾ ਕੀਤੇ ਬਿਨਾਂ ਚੰਗਾ ਇਲਾਜ ਮਿਲਦਾ ਹੈ, ਤਦ ਉਸ ਦੇ ਜੀਵਨ ’ਚ ਸਮਾਜਿਕ ਨਿਆਂ ਦਾ ਸੰਕਲਪ ਸਾਕਾਰ ਹੁੰਦਾ ਹੈ।
ਜਦੋਂ ਮੁਦਰਾ ਯੋਜਨਾ ਅਤੇ ਪੀ. ਐੱਮ. ਸਵਨਿਧੀ ਤਹਿਤ ਛੋਟੇ ਉੱਦਮੀਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਬਿਨਾਂ ਗਾਰੰਟੀ ਦੇ ਕਰਜ਼ਾ ਮਿਲਦਾ ਹੈ, ਤਦ ਆਰਥਿਕ ਨਿਆਂ ਦੀ ਸੰਵਿਧਾਨਕ ਭਾਵਨਾ ਜ਼ਮੀਨ ’ਤੇ ਉਤਰਦੀ ਹੈ।
ਇੱਥੇ ਮੈਂ ਇਕ ਹੋਰ ਸੱਚਾਈ ਦੇਸ਼ਵਾਸੀਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਸਾਡੇ ਇਤਿਹਾਸ ’ਚ ਅਜਿਹੇ ਮੌਕੇ ਵੀ ਆਏ ਹਨ, ਜਦੋਂ ਉਨ੍ਹਾਂ ਹੀ ਲੋਕਾਂ ਨੇ ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਰਾਹ ਚੁਣਿਆ, ਜਿਨ੍ਹਾਂ ’ਤੇ ਇਸ ਦੀ ਰਾਖੀ ਦਾ ਜ਼ਿੰਮਾ ਸੀ। ਤ੍ਰਾਸਦੀ ਦੇਖੋ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੂੰ ਪੰਜ ਦਹਾਕਿਆਂ ਤੱਕ ਦੇਸ਼ ਦੀ ਵਾਗਡੋਰ ਸੰਭਾਲਣ ਦਾ ਮੌਕਾ ਮਿਲਿਆ।
ਇਸ ਸਾਲ, 1951 ’ਚ ਹੋਏ ਪਹਿਲੇ ਸੰਵਿਧਾਨ ਸੋਧ ਦੇ 75 ਸਾਲ ਪੂਰੇ ਹੋ ਚੁੱਕੇ ਹਨ। ਉਸ ਸਮੇਂ ਦੇਸ਼ ’ਚ ਇਕ ਅਜਿਹੀ ਸਰਕਾਰ ਸੀ, ਜਿਸ ਨੂੰ ਜਨਤਾ ਨੇ ਚੁਣ ਕੇ ਨਹੀਂ ਭੇਜਿਆ ਸੀ। ਉਸ ਸਰਕਾਰ ਨੇ ਅੰਤਰਿਮ ਸੰਸਦ ’ਚ ਆਪਣੇ ਬਹੁਮਤ ਦੀ ਵਰਤੋਂ ਕਰ ਕੇ ਨਾਗਰਿਕਾਂ ਦੀ ਮੌਲਿਕ ਆਜ਼ਾਦੀ ਖੋਹ ਲਈ ਸੀ। ਇਹ ਸੋਧ ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ ਤੋਂ ਕੁਝ ਹੀ ਮਹੀਨੇ ਪਹਿਲਾਂ ਕੀਤਾ ਗਿਆ ਸੀ। ਇਸ ਤੋਂ ਸਾਫ਼ ਹੈ ਕਿ ਇਸ ਦਾ ਮਕਸਦ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨਾ ਅਤੇ ਲੋਕਾਂ ਦੇ ਵਿਰੋਧ ਦੀ ਆਵਾਜ਼ ਨੂੰ ਦਬਾਉਣਾ ਸੀ।
ਇਸੇ ਤਰ੍ਹਾਂ ਐਮਰਜੈਂਸੀ ਦੌਰਾਨ ਕੀਤੇ ਗਏ 42ਵੇਂ ਸੰਵਿਧਾਨ ਸੋਧ ਦੇ ਵੀ 50 ਸਾਲ ਪੂਰੇ ਹੋ ਰਹੇ ਹਨ। ਇਸ ਸੋਧ ਨੇ ਨਿਆਂਇਕ ਸਮੀਖਿਆ ਦੀ ਸ਼ਕਤੀ ਨੂੰ ਸੀਮਤ ਕੀਤਾ ਅਤੇ ਦੇਸ਼ ਦੀਆਂ ਸੰਸਥਾਵਾਂ ਵਿਚਕਾਰ ਤਾਕਤਾਂ ਦੇ ਸੰਤੁਲਨ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੱਤਾ। ਮੈਂ ਨੌਜਵਾਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਉਹ 38ਵੀਅਾਂ ਅਤੇ 39ਵੀਅਾਂ ਸੰਵਿਧਾਨ ਸੋਧਾਂ ਦਾ ਵੀ ਅਧਿਐਨ ਕਰਨ। ਇਸ ਨਾਲ ਉਹ ਸਮਝ ਸਕਣਗੇ ਕਿ ਸੱਤਾ ਦੀ ਲਾਲਚੀ ਅਤੇ ਸੰਵਿਧਾਨ-ਵਿਰੋਧੀ ਸੋਚ ਰੱਖਣ ਵਾਲੀ ਸਰਕਾਰ ਕਿਸ ਪੱਧਰ ਤੱਕ ਜਾ ਸਕਦੀ ਹੈ।
ਦਹਾਕਿਆਂ ਤੱਕ ਦੇਸ਼ ਦੇ ਕਈ ਹਿੱਸਿਆਂ ’ਚ, ਖ਼ਾਸ ਕਰ ਕੇ ਆਦਿਵਾਸੀ ਖੇਤਰਾਂ ’ਚ, ਨਕਸਲੀਆਂ ਨੇ ਬੰਦੂਕ ਦੇ ਜ਼ੋਰ ’ਤੇ ਸਭ ਤੋਂ ਗ਼ਰੀਬ ਵਿਅਕਤੀ ਨੂੰ ਉਨ੍ਹਾਂ ਅਧਿਕਾਰਾਂ ਤੋਂ ਵਾਂਝਾ ਰੱਖਿਆ, ਜੋ ਸਾਡੇ ਸੰਵਿਧਾਨ ਨੇ ਉਸ ਨੂੰ ਦਿੱਤੇ ਹਨ। ਇਸ ਸਾਲ ਨਕਸਲਵਾਦ ਦੇ ਖ਼ਾਤਮੇ ਨਾਲ ਮੈਨੂੰ ਖ਼ਾਸ ਤਸੱਲੀ ਮਿਲੀ ਹੈ। ਹੁਣ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਬਿਨਾਂ ਕਿਸੇ ਡਰ ਦੇ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ। ਹਥਿਆਰਬੰਦ ਨਕਸਲੀ ਖ਼ਤਮ ਹੋਣ ਤੋਂ ਬਾਅਦ ਹੁਣ ਸਿਰਫ਼ ਦਿਮਾਗੀ ਨਕਸਲੀ ਬਚੇ ਹਨ।
ਇਹ ਬੇਹੱਦ ਮੰਦਭਾਗਾ ਹੈ ਕਿ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਓ. ਬੀ. ਸੀ. ਰਾਖਵੇਂਕਰਨ ’ਚ ਕਟੌਤੀ ਕਰ ਕੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ ਹੈ। ਸਾਡੇ ਸੰਵਿਧਾਨ ਨਿਰਮਾਤਾ, ਖ਼ਾਸ ਕਰ ਕੇ ਡਾ. ਬਾਬਾ ਸਾਹਿਬ ਅੰਬੇਡਕਰ, ਇਸ ਦੇ ਪੂਰੀ ਤਰ੍ਹਾਂ ਖ਼ਿਲਾਫ਼ ਸਨ।
ਸਾਡੇ ਸੰਵਿਧਾਨ ਦੀ ਯਾਤਰਾ ਉਨ੍ਹਾਂ ਬੇਮਿਸਾਲ ਔਰਤਾਂ ਦੇ ਜ਼ਿਕਰ ਤੋਂ ਬਿਨਾਂ ਵੀ ਅਧੂਰੀ ਹੈ, ਜਿਨ੍ਹਾਂ ਨੇ ਇਸ ਨੂੰ ਆਕਾਰ ਦੇਣ ’ਚ ਅਹਿਮ ਭੂਮਿਕਾ ਨਿਭਾਈ ਪਰ ਇਸ ਸਾਲ ਦੇ ਸ਼ੁਰੂ ’ਚ ਜੋ ਹੋਇਆ, ਉਸ ਨੇ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ। ਨਾਰੀ ਸ਼ਕਤੀ ਨੂੰ ਵਿਧਾਨਕ ਸੰਸਥਾਵਾਂ ’ਚ ਢੁਕਵੀਂ ਨੁਮਾਇੰਦਗੀ ਦੇਣ ਦੇ ਮਕਸਦ ਨਾਲ ਲਿਆਂਦੇ ਗਏ ਬਿੱਲ ਨੂੰ ਵਿਰੋਧੀ ਧਿਰ ਦੀ ਇਕ ਪ੍ਰਮੁੱਖ ਪਾਰਟੀ ਨੇ ਪਾਸ ਨਹੀਂ ਹੋਣ ਦਿੱਤਾ।
ਸਾਡੇ ਸੰਵਿਧਾਨਕ ਲੋਕਤੰਤਰ ’ਚ ਵਿਰੋਧੀ ਧਿਰ ਦੀ ਭੂਮਿਕਾ ਸਪੱਸ਼ਟ ਤੌਰ ’ਤੇ ਤੈਅ ਹੈ। ਬਦਕਿਸਮਤੀ ਨਾਲ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਅੱਜ ਵਿਰੋਧੀ ਧਿਰ ਤੋਂ ਵੱਧ ਅੜਿੱਕਾ ਧਿਰ ਬਣਦੀ ਜਾ ਰਹੀ ਹੈ। ਉਸ ਨੂੰ ਸਮਝਣਾ ਚਾਹੀਦਾ ਹੈ ਕਿ ਲੋਕਤੰਤਰੀ ਪ੍ਰਕਿਰਿਆਵਾਂ ’ਚ ਅੜਿੱਕਾ ਡਾਹੁਣਾ, ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਦਾ ਬਦਲ ਕਦੇ ਨਹੀਂ ਹੋ ਸਕਦਾ।
ਅੱਜ ਭਾਰਤ ਇਕ ਬੇਹੱਦ ਅਹਿਮ ਮੋੜ ’ਤੇ ਖੜ੍ਹਾ ਹੈ। ਸਾਲ 2047 ਤੱਕ ਵਿਕਸਤ ਭਾਰਤ ਬਣਾਉਣ ਦੇ ਸਾਡੇ ਸਮੂਹਿਕ ਯਤਨਾਂ ਨੂੰ ਦੋ ਸਰਲ ਪਰ ਸ਼ਕਤੀਸ਼ਾਲੀ ਮੰਤਰ ਦਿਸ਼ਾ ਦੇ ਸਕਦੇ ਹਨ। ਸਾਡੀ ਸੋਚ ’ਚ ‘ਰਾਸ਼ਟਰ ਪਹਿਲਾਂ’ ਅਤੇ ਸਾਡੇ ਹਰ ਕੰਮ ’ਚ ‘ਕਰਤੱਵ ਭਾਵ’। ਇਨ੍ਹਾਂ ਦੋ ਮੰਤਰਾਂ ਨੂੰ ਆਪਣਾ ਮਾਰਗਦਰਸ਼ਕ ਬਣਾ ਕੇ ਅਤੇ ਸੰਵਿਧਾਨ ਤੋਂ ਤਾਕਤ ਲੈਂਦੇ ਹੋਏ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਉੱਜਵਲ ਭਵਿੱਖ ਯਕੀਨੀ ਬਣਾ ਸਕਦੇ ਹਾਂ।
- ਨਰਿੰਦਰ ਮੋਦੀ
‘ਕੁਝ ਪਾਰਟੀਆਂ, ਵਿਆਹ ਸਮਾਰੋਹਾਂ, ਸਕੂਲਾਂ ਆਦਿ ’ਚ’ ਫੂਡ ਪੁਆਇਜ਼ਨਿੰਗ ਨਾਲ ਹੋ ਰਹੀਆਂ ਮੌਤਾਂ, ਬੀਮਾਰ ਹੋ ਰਹੇ ਲੋਕ!
NEXT STORY