ਸਿਆਸੀ ਰੋਜ਼ਾਨਾ ਦੇ ਤਮਾਸ਼ੇ, ਟੀ. ਵੀ. ਚੈਨਲਾਂ ਦੀਆਂ ਅੰਤਹੀਣ ਬਹਿਸਾਂ ਅਤੇ ਧੜੇਬਾਜ਼ੀ ਤੋਂ ਪਰ੍ਹੇ ਇਕ ਜੀਵੰਤ, ਸ਼ਾਂਤ ਅਤੇ ਦ੍ਰਿੜ੍ਹ ਇਰਾਦੇ ਵਾਲਾ ਭਾਰਤ ਵੱਸਦਾ ਹੈ। ਇਹ ਉਹ ਭਾਰਤ ਹੈ, ਜੋ ਨਿਊਜ਼ ਸਟੂਡੀਓ ਦੀਆਂ ਚੀਕਦੀਆਂ-ਚਿਹਾੜਦੀਆਂ ਬਹਿਸਾਂ ’ਚ ਆਪਣੀ ਆਵਾਜ਼ ਨਹੀਂ ਲੱਭਦਾ, ਸਗੋਂ ਆਲਮੀ ਮੰਚਾਂ ’ਤੇ ਆਪਣੇ ਬੇਮਿਸਾਲ ਵਿਖਾਵੇ ਅਤੇ ਪਸੀਨੇ ਨਾਲ ਆਪਣਾ ਇਤਿਹਾਸ ਲਿਖਦਾ ਹੈ।
ਹਾਲ ਹੀ ’ਚ, ‘ਕੈਪਟਨ ਸਮਾਈਲ’ ਦੇ ਨਾਂ ਨਾਲ ਮਕਬੂਲ ਕੈਪਟਨ ਸਮਿਤ ਮੱਛਾਰ ਇਸ ਜੁਝਾਰੂ ਰਾਸ਼ਟਰ ਦਾ ਜੇਤੂ ਚਿਹਰਾ ਬਣ ਕੇ ਉੱਭਰੇ ਹਨ। ਦੁਨੀਆ ਭਰ ਦੇ ਇਕ ਅਰਬ ਚਿਹਰਿਆਂ ’ਤੇ ਮੁਸਕਾਨ ਲਿਆਉਣ ਵਾਲਾ ਇਹ ਦਲੇਰ ਭਾਰਤੀ ਇਕ ਬਹਾਦਰ, ਸੰਵੇਦਨਸ਼ੀਲ ਅਤੇ ਹਰ ਦਿਲ ਅਜ਼ੀਜ਼ ਭਾਰਤ ਦਾ ਇਕ ਨਵਾਂ ਪ੍ਰਤੀਕ ਬਣ ਗਿਆ ਹੈ।
ਪਰ ਮੁਸਕਰਾਉਂਦੇ ਅਤੇ ਜਿੱਤਦੇ ਹੋਏ ਭਾਰਤ ਦੀ ਇਹ ਗਾਥਾ ਕਿਸੇ ਇਕ ਵਿਅਕਤੀ ਤੱਕ ਸੀਮਤ ਨਹੀਂ ਹੈ। ਇਹ ਕਹਾਣੀ ਹੋਰ ਵੀ ਡੂੰਘੀ ਅਤੇ ਵਿਸ਼ਾਲ ਹੋ ਜਾਂਦੀ ਹੈ, ਜਦੋਂ ਅਸੀਂ ਆਪਣੀਆਂ ਉਨ੍ਹਾਂ ਧੀਆਂ ਨੂੰ ਦੇਖਦੇ ਹਾਂ, ਜਿਨ੍ਹਾਂ ਨੇ ਖੇਡਾਂ ਦੀ ਦੁਨੀਆ ’ਚ ਦੇਸ਼ ਦੀ ਝੋਲੀ ਨੂੰ ਸੋਨ ਤਮਗਿਆਂ ਨਾਲ ਭਰ ਦਿੱਤਾ ਹੈ। ਇਹ ਮੁਟਿਆਰਾਂ ਖਿਡਾਰਨਾਂ ਪੇਂਡੂ ਭਾਰਤ ਦੀਆਂ ਧੀਆਂ ਹਨ। ਇਹ ਸਮਾਜ ਦੇ ਉਸ ਵਰਗ ਦੀ ਪ੍ਰਤੀਨਿਧਤਾ ਕਰਦੀਆਂ ਹਨ, ਜੋ ਇਤਿਹਾਸਕ ਤੌਰ ’ਤੇ ਸਹੂਲਤਾਂ ਤੋਂ ਵਾਂਝਾ ਅਤੇ ਹਾਸ਼ੀਏ ’ਤੇ ਰਿਹਾ ਹੈ। ਅੰਗਰੇਜ਼ੀ ਬੋਲਣ ਵਾਲੇ ਸ਼ਹਿਰੀ ਬੁੱਧੀਜੀਵੀ ਵਰਗ ਦੇ ਖੋਖਲੇ ਵਿਚਾਰਾਂ ਅਤੇ ਆਲੀਸ਼ਾਨ ਕਮਰਿਆਂ ਤੋਂ ਕੋਹਾਂ ਦੂਰ, ਇਹ ਧੀਆਂ ਦੁੱਧ, ਦਹੀਂ ਅਤੇ ਚੂਰਮੇ ਦੇ ਰਵਾਇਤੀ ਆਹਾਰ ’ਤੇ ਪਲ ਕੇ ਬੇਹੱਦ ਸਾਦਗੀ ਭਰਿਆ ਸੂਰਮਿਆਂ ਵਰਗਾ ਜੀਵਨ ਜਿਊਂਦੀਆਂ ਹਨ।
ਦੋ ਸੋਨ ਤਮਗੇ ਜਿੱਤ ਕੇ ਦੁਨੀਆ ਨੂੰ ਹੈਰਾਨ ਕਰਨ ਵਾਲੀ ਉੱਤਮ ਨਿਸ਼ਾਨੇਬਾਜ਼ ਨੀਰੂ ਢਾਂਡਾ ਦੇ ਘਰ ਨੂੰ ਹੀ ਦੇਖ ਲਓ। ਉਨ੍ਹਾਂ ਦਾ ਪਰਿਵਾਰ ਮਿੱਟੀ ਦੀਆਂ ਕੰਧਾਂ ਅਤੇ ਕਾਨਿਆਂ ਦੀ ਛੱਤ ਨਾਲ ਬਣੇ ਇਕ ਬੜੇ ਹੀ ਸਾਧਾਰਨ ਘਰ ’ਚ ਰਹਿੰਦਾ ਹੈ। ਉੱਥੇ ਕੋਈ ਆਧੁਨਿਕ ਸੁੱਖ-ਸਹੂਲਤਾਂ ਨਹੀਂ ਹਨ, ਸਿਰਫ਼ ਸਰੀਰਕ ਕਿਰਤ ਦੀ ਸਖਤ ਅਸਲੀਅਤ ਹੈ ਅਤੇ ਵਾੜੇ ’ਚ ਬੱਝੀਆਂ ਕੁਝ ਮੱਝਾਂ ਹਨ, ਜੋ ਪਰਿਵਾਰ ਦੇ ਪਾਲਣ-ਪੋਸ਼ਣ ਦਾ ਜ਼ਰੀਆ ਹਨ। ਉਨ੍ਹਾਂ ਦੀ ਮਾਂ ਸੁਦੇਸ਼ ਕੁਮਾਰੀ ਨੇ ਜਦੋਂ ਆਪਣੀ ਧੀ ਨੂੰ ਬੜੀਆਂ ਹੀ ਘਾਟਾਂ ’ਚ ਪਾਲਣ ਦੇ ਦਿਨਾਂ ਨੂੰ ਯਾਦ ਕੀਤਾ, ਤਾਂ ਉਨ੍ਹਾਂ ਦੀਆਂ ਅੱਖਾਂ ’ਚੋਂ ਖ਼ੁਸ਼ੀ ਦੇ ਹੰਝੂ ਛਲਕ ਪਏ। ਉਨ੍ਹਾਂ ਨੇ ਭਾਵੁਕ ਹੋ ਕੇ ਦੱਸਿਆ ਕਿ ਕਿਵੇਂ ਨੀਰੂ ਨਿਸ਼ਾਨੇਬਾਜ਼ੀ ਦੀ ਰਾਈਫਲ ਚੁੱਕਣ ਤੋਂ ਪਹਿਲਾਂ ਘਰ ਦੇ ਹਰ ਔਖੇ ਕੰਮ ’ਚ ਹੱਥ ਵਟਾਉਂਦੀ ਸੀ, ਮੱਝਾਂ ਨੂੰ ਨੁਹਾਉਣ ਤੋਂ ਲੈ ਕੇ ਰਸੋਈ ਦੀ ਸਫ਼ਾਈ ਅਤੇ ਭਾਂਡੇ ਮਾਂਜਣ ਤੱਕ, ਉਸ ਨੇ ਹਰ ਸੰਘਰਸ਼ ਨੂੰ ਹੱਸ ਕੇ ਗਲੇ ਲਗਾਇਆ।
ਵਿਦਿਆ ਰਾਮਰਾਜ ਦਾ ਸਫ਼ਰ ਵੀ ਕੁਝ ਅਜਿਹਾ ਹੀ ਹੈ। ਉਹ ਇਕ ਟਰੱਕ ਡਰਾਈਵਰ ਦੀ ਧੀ ਹੈ, ਜਿਨ੍ਹਾਂ ਨੇ ਬਾਅਦ ’ਚ ਉਹ ਔਖਾ ਕੰਮ ਛੱਡ ਕੇ ਮੀਨਾਕਸ਼ੀਪੁਰਮ ’ਚ ਬੱਕਰੀਆਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦੀ ਮਾਂ ਮੀਨਾ, ਜੋ ਇਕ ਬੇਹੱਦ ਸਾਧਾਰਨ ਘਰੇਲੂ ਔਰਤ ਹੈ, ਨੇ ਆਪਣੀ ਸਮਝਦਾਰੀ ਅਤੇ ਸੀਮਤ ਸਾਧਨਾਂ ਦੇ ਦਮ ’ਤੇ ਵਿਦਿਆ ਅਤੇ ਉਨ੍ਹਾਂ ਦੀ ਜੋੜੀ ਭੈਣ ਨਿਤਿਆ ਨੂੰ ਅੈਥਲੈਟਿਕਸ ਦੀ ਰਾਹ ਦਿਖਾਈ। ਅੱਜ ਇਨ੍ਹਾਂ ਭੈਣਾਂ ਦੀ ਸਫ਼ਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਜੇਕਰ ਹੌਸਲਾ ਬੁਲੰਦ ਹੋਵੇ, ਤਾਂ ਪੱਕੇ ਟਰੈਕ ਦੀ ਘਾਟ ਵੀ ਪੈਰਾਂ ਦੀ ਰਫ਼ਤਾਰ ਨਹੀਂ ਰੋਕ ਸਕਦੀ।
ਫਿਰ ਸਾਡੀ ਮਹਿਲਾ ਹਾਕੀ ਟੀਮ ਦਾ ਉਹ ਇਤਿਹਾਸਕ ਪੁਨਰ-ਉੱਥਾਨ ਹੈ, ਜਿਸ ਨੇ ਦਹਾਕਿਆਂ ਪੁਰਾਣੇ ‘ਤਮਗਾ ਕਾਲ’ ਨੂੰ ਖ਼ਤਮ ਕਰ ਕੇ ਦੇਸ਼ ਦੇ ਨਾਂ ਸੋਨ ਤਮਗਾ ਕੀਤਾ। ਟੀਮ ਦੀ ਨਾਇਕ ਅਤੇ ਫਾਰਵਰਡ ਖਿਡਾਰਨ ਲਾਲਰੇਮਸਿਆਮੀ ਨੇ ਆਪਣੇ ਕਰੀਅਰ ਦੇ 200ਵੇਂ ਅੰਤਰਰਾਸ਼ਟਰੀ ਮੈਚ ਦੇ ਮੀਲ ਪੱਥਰ ਨੂੰ ਛੂੰਹਦਿਆਂ, ਪਹਿਲੇ ਕੁਆਰਟਰ ਦੇ 10ਵੇਂ ਮਿੰਟ ’ਚ ਮੈਚ ਦਾ ਇਕੋ-ਇਕ ਅਤੇ ਫੈਸਲਾਕੁੰਨ ਗੋਲ ਦਾਗਿਆ। ਇਸ ਤੋਂ ਬਾਅਦ ਸਾਡੀ ਰੱਖਿਆ ਕਤਾਰ ਨੇ ਜੋ ਜੁਝਾਰੂ ਪ੍ਰਦਰਸ਼ਨ ਕੀਤਾ ਅਤੇ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਨੇ ਪੈਨਲਟੀ ਸਟ੍ਰੋਕ ਦਾ ਜੋ ਸ਼ਾਨਦਾਰ ਬਚਾਅ ਕੀਤਾ, ਉਸ ਨੇ ਚੀਨ ਵਰਗੀ ਮਜ਼ਬੂਤ ਟੀਮ ਨੂੰ ਆਖ਼ਰੀ ਸੀਟੀ ਵੱਜਣ ਤੱਕ ਬਰਾਬਰੀ ਦਾ ਕੋਈ ਮੌਕਾ ਨਹੀਂ ਦਿੱਤਾ।
ਇਕ ਫੌਜੀ ਦੀ ਧੀ ਲਾਲਰੇਮਸਿਆਮੀ ਨੂੰ ਮਹਿਜ਼ 11 ਸਾਲ ਦੀ ਉਮਰ ’ਚ ਖੇਡ ਅਕੈਡਮੀ ਲਈ ਚੁਣਿਆ ਗਿਆ ਸੀ। ਮਿਜ਼ੋਰਮ ਦੇ ਇਕ ਛੋਟੇ ਕਿਸਾਨ ਪਰਿਵਾਰ ’ਚੋਂ ਨਿਕਲ ਕੇ ਆਲਮੀ ਸਿਤਾਰਾ ਬਣਨ ਤੱਕ ਦਾ ਉਨ੍ਹਾਂ ਦਾ ਇਹ ਸਫ਼ਰ ਬੇਹੱਦ ਸੱਚਾ, ਪਾਰਦਰਸ਼ੀ ਅਤੇ ਵਿਸ਼ਾਲ ਹੈ। ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਸਵਿਤਾ ਪੂਨੀਆ, ਜਿਨ੍ਹਾਂ ਨੂੰ ਉਨ੍ਹਾਂ ਦੀ ਅਚੂਕ ਰੱਖਿਆ ਕਵਚ ਖੇਡ (ਗੋਲਕੀਪਿੰਗ) ਕਾਰਨ ਅੱਜ ਪੂਰੀ ਖੇਡ ਬਰਾਦਰੀ ’ਚ ‘ਦਿ ਵਾਲ ਆਫ਼ ਇੰਡੀਆ’ (ਭਾਰਤ ਦੀ ਕੰਧ) ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਜ਼ਮੀਨੀ ਪੱਧਰ ਦੀ ਇਹ ਉੱਤਮਤਾ ਸਾਨੂੰ ਹਰ ਜਗ੍ਹਾ ਦਿਖਾਈ ਦਿੰਦੀ ਹੈ। ਅਸਮਿਤਾ ਡੇ ਨੇ ਔਰਤਾਂ ਦੇ 48 ਕਿਲੋਗ੍ਰਾਮ ਵਰਗ ਵਿਚ ਭਾਰਤ ਦਾ ਪਹਿਲਾ ਜੂਡੋ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਕੀਰਤੀ ਨੇ ਅੰਕਿਤਾ ਭਕਤ ਅਤੇ ਕੁਮਕੁਮ ਮੋਹੋਦ ਨਾਲ ਮਿਲ ਕੇ ਮਹਿਲਾ ਟੀਮ ਰਿਕਵਰ ਤੀਰਅੰਦਾਜ਼ੀ ਦਾ ਪਹਿਲਾ ਸੋਨ ਤਮਗਾ ਜਿੱਤਿਆ। ਉਨ੍ਹਾਂ ਦਾ ਇਹ ਸਫ਼ਰ ਜੀਂਦ ਦੇ ਖੇਤਾਂ ਦੀਆਂ ਪਗਡੰਡੀਆਂ ਤੋਂ ਸ਼ੁਰੂ ਹੋਇਆ ਸੀ। ਪਰਵੀਨ ਹੁੱਡਾ ਨੇ ਰਿੰਗ ’ਚ ਆਪਣਾ ਖੂੰਖਾਰ ਦਬਦਬਾ ਦਿਖਾਉਂਦੇ ਹੋਏ ਮੁੱਕੇਬਾਜ਼ੀ ਦਾ ਸੋਨ ਤਮਗਾ ਆਪਣੇ ਨਾਂ ਕੀਤਾ, ਉੱਥੇ ਹੀ ਕਿਰਨ ਪਹਿਲ, ਪ੍ਰਾਚੀ ਚੌਧਰੀ ਅਤੇ ਐੱਮ. ਆਰ. ਪੂਵੰਮਾ ਨੇ ਔਰਤਾਂ ਦੀ 4x400 ਮੀਟਰ ਰਿਲੇਅ ਰੇਸ ’ਚ ਅਜਿਹੀ ਤੂਫ਼ਾਨੀ ਦੌੜ ਲਗਾਈ ਕਿ ਏਸ਼ੀਆ ਦੇ ਵੱਡੇ-ਵੱਡੇ ਵਿਰੋਧੀਆਂ ਨੂੰ ਪਿੱਛੇ ਛੱਡ ਕੇ ਸੋਨ ਤਮਗਾ ਦੇਸ਼ ਦੇ ਨਾਂ ਕਰ ਦਿੱਤਾ।
ਅਜਿਹੇ ਹਜ਼ਾਰਾਂ ਹੋਣਹਾਰ ਭਾਰਤੀ ਬੇਹੱਦ ਸਾਦਗੀ ਨਾਲ ਸਾਡੇ ਵਿਚਾਲੇ ਜਿਊਂਦੇ ਹਨ ਅਤੇ ਬਿਨਾਂ ਕਿਸੇ ਮੰਗ ਜਾਂ ਦਿਖਾਵੇ ਦੇ ਦੇਸ਼ ਦਾ ਮਸਤਕ ਮਾਣ ਨਾਲ ਉੱਚਾ ਕਰ ਦਿੰਦੇ ਹਨ। ਉਹ ਇਸ ਰਾਸ਼ਟਰ ਦੀ ਅਸਲੀ ਰੀੜ੍ਹ ਹਨ—ਇਕ ਸਮਰਪਿਤ ਕੋਚ, ਇਕ ਨੌਜਵਾਨ ਅਤੇ ਇਮਾਨਦਾਰ ਅਧਿਆਪਕ, ਇਕ ਅਣਥੱਕ ਬਸ ਡਰਾਈਵਰ ਅਤੇ ਰੇਲਵੇ ਦਾ ਕੋਈ ਨਿਸ਼ਠਾਵਾਨ ਕਰਮਚਾਰੀ।
ਪਰ་ ਸਾਨੂੰ ਆਪਣੇ ਆਪ ਤੋਂ ਇਕ ਕੌੜਾ ਸਵਾਲ ਪੁੱਛਣਾ ਹੋਵੇਗਾ—ਕੀ ਅਸੀਂ ਕਦੇ ਇਨ੍ਹਾਂ ਨੂੰ ਆਪਣਾ ਅਸਲੀ ਨਾਇਕ ਮੰਨਦੇ ਹਾਂ? ਰਾਸ਼ਟਰ ਦੇ ਇਨ੍ਹਾਂ ਮੂਕ ਸਿਰਜਣਹਾਰਾਂ ਦਾ ਸਤਿਕਾਰ ਕਰਨ ਦੀ ਬਜਾਏ, ਸਾਡਾ ਸਮੂਹਿਕ ਧਿਆਨ ਰਾਜਨੀਤੀ ਦੇ ਲੁਕਵਿਆਂ ਦੇਵਤਿਆਂ ਦੀ ਪੂਜਾ ਕਰਨ ’ਚ ਰੁੱਝਾ ਰਹਿੰਦਾ ਹੈ। ਅਸੀਂ ਉਨ੍ਹਾਂ ਨੇਤਾਵਾਂ ਅਤੇ ਚਿਹਰਿਆਂ ਦੇ ਪਿੱਛੇ ਭੱਜਦੇ ਹਾਂ, ਜੋ ਬੇਹੱਦ ਅਮੀਰ ਹਨ, ਹੰਕਾਰ ’ਚ ਡੁੱਬੇ ਹਨ ਅਤੇ ਜੋ ਉਦੋਂ ਤੱਕ ਕਿਸੇ ਪ੍ਰਤਿਭਾ ਨੂੰ ਉਤਸ਼ਾਹਿਤ ਨਹੀਂ ਕਰਦੇ, ਜਦੋਂ ਤੱਕ ਕਿ ਉਹ ਉਨ੍ਹਾਂ ਦੀ ਪਸੰਦੀਦਾ ‘ਜਾਤੀਗਤ ਪਛਾਣ’ ਜਾਂ ਸਿਆਸੀ ਏਜੰਡੇ ’ਚ ਫਿੱਟ ਨਾ ਬੈਠਦੀ ਹੋਵੇ।
ਭਾਰਤ ਦਾ ਅਸਲੀ ਚਿਹਰਾ ਇਸ ਦੇ ਪਿੰਡਾਂ ਦੇ ਸੰਘਰਸ਼ ’ਚ, ਇਸ ਦੇ ਫੌਜੀਆਂ ਦੇ ਅਨੁਸ਼ਾਸਨ ’ਚ ਅਤੇ ਇਸ ਦੇ ਜੇਤੂਆਂ ਦੀ ਨਿਮਰਤਾ ’ਚ ਝਲਕਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਰਾਸ਼ਟਰ ਦੇ ਮਾਣ ਲਈ ਸਿਆਸੀ ਮੰਚਾਂ ਵੱਲ ਦੇਖਣਾ ਬੰਦ ਕਰੀਏ ਅਤੇ ਉਸ ਮਿੱਟੀ ਦਾ ਸਤਿਕਾਰ ਕਰਨਾ ਸ਼ੁਰੂ ਕਰੀਏ, ਜੋ ਸਾਡੇ ਅਸਲ ਨਾਇਕਾਂ ਨੂੰ ਜਨਮ ਦਿੰਦੀ ਹੈ।
—ਤਰੁਣ ਵਿਜੇ
‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
NEXT STORY